Trump Praises "Good Friend" PM Modi, Signals Upcoming US-India Trade Deal
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਚੰਗਾ ਦੋਸਤ ਦੱਸਿਆ ਅਤੇ ਉਨ੍ਹਾਂ ਦੀ ਤਾਰੀਫ਼ ਕੀਤੀ। ਟਰੰਪ ਨੇ ਕਿਹਾ ਕਿ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਵਿਚਾਲੇ ਜਲਦ ਹੀ ਇੱਕ ਵਪਾਰਕ ਸਮਝੌਤਾ ਹੋ ਜਾਵੇਗਾ।
ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਵੀਰਵਾਰ ਨੂੰ ਕਿਹਾ, "ਕਈ ਸਾਲਾਂ ਤੱਕ ਭਾਰਤ ਨੇ ਅਮਰੀਕਾ ਦਾ ਫਾਇਦਾ ਉਠਾਇਆ... ਉਹ ਸਾਡੇ ਤੋਂ ਬਹੁਤ ਜ਼ਿਆਦਾ ਟੈਰਿਫ (ਟੈਕਸ) ਵਸੂਲਦੇ ਸਨ ਅਤੇ ਬਦਲੇ ਵਿੱਚ ਕੁਝ ਨਹੀਂ ਦਿੰਦੇ ਸਨ... ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਅਸੀਂ ਭਾਰਤ ਨਾਲ ਚੰਗਾ ਪੈਸਾ ਕਮਾ ਰਹੇ ਹਾਂ। ਪਰ ਅਸੀਂ ਇੱਕ ਡੀਲ (ਸਮਝੌਤੇ) ਤੱਕ ਪਹੁੰਚ ਜਾਵਾਂਗੇ ਕਿਉਂਕਿ ਮੈਨੂੰ ਤੁਹਾਡੇ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਬਹੁਤ ਪਸੰਦ ਹਨ; ਉਹ ਮੇਰੇ ਚੰਗੇ ਦੋਸਤ ਹਨ, ਸਾਡੀ ਵਧੀਆ ਬਣਦੀ ਹੈ ਅਤੇ ਸਾਡਾ ਚੰਗਾ ਸਬੰਧ ਹੈ।"
ਟਰੰਪ ਨੇ ਪੀਐਮ ਮੋਦੀ ਨਾਲ ਆਪਣੇ ਚੰਗੇ ਨਿੱਜੀ ਸਬੰਧਾਂ 'ਤੇ ਜ਼ੋਰ ਦਿੰਦਿਆਂ ਭਰੋਸਾ ਪ੍ਰਗਟਾਇਆ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਮਝੌਤਾ ਜਲਦੀ ਹੀ ਹੋ ਜਾਵੇਗਾ।
ਧਿਆਨ ਦੇਣ ਯੋਗ ਗੱਲ: ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਨੇ ਮੰਗਲਵਾਰ ਨੂੰ 60 ਦੇਸ਼ਾਂ ਤੋਂ ਆਯਾਤ ਕੀਤੇ ਜਾਣ ਵਾਲੇ ਸਾਮਾਨ 'ਤੇ ਜਬਰਨ ਮਜ਼ਦੂਰੀ (forced labour) ਨਾਲ ਜੁੜੇ ਮੁੱਦੇ ਦਾ ਹਵਾਲਾ ਦਿੰਦੇ ਹੋਏ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਨ੍ਹਾਂ ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ।
ਯੂਐਸ ਟਰੇਡ ਰਿਪ੍ਰੈਜ਼ੈਂਟੇਟਿਵ (USTR) ਨੇ 54 ਅਰਥਚਾਰਿਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਭਾਰਤ, ਚੀਨ, ਜਾਪਾਨ, ਆਸਟ੍ਰੇਲੀਆ ਆਦਿ ਦੇਸ਼ ਸ਼ਾਮਲ ਹਨ। ਇਨ੍ਹਾਂ ਦੇਸ਼ਾਂ 'ਤੇ 10 ਫੀਸਦੀ ਜਾਂ 12.5 ਫੀਸਦੀ ਵਾਧੂ ਡਿਊਟੀ (ਟੈਕਸ) ਲਗਾਈ ਜਾ ਸਕਦੀ ਹੈ।