Two Law Students Arrested for Creating Ruckus and Insulting CJI in Supreme Court
ਨਵੀਂ ਦਿੱਲੀ: ਸੀਜੇਆਈ (CJI) ਖ਼ਿਲਾਫ਼ ਅਪਸ਼ਬਦ ਬੋਲਣ ਅਤੇ ਕੋਰਟਰੂਮ ਵਿੱਚ ਹੰਗਾਮਾ ਕਰਨ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਐਕਸ਼ਨ ਲਿਆ ਹੈ। ਪੁਲਿਸ ਵੱਲੋਂ ਕਾਨੂੰਨ ਦੇ ਦੋ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਦੇ ਤਿਲਕ ਮਾਰਗ ਪੁਲਿਸ ਥਾਣੇ ਵਿੱਚ ਐਫਆਈਆਰ (FIR) ਦਰਜ ਕੀਤੀ ਗਈ ਹੈ।
ਸਮਾਚਾਰ ਏਜੰਸੀ ਏਐਨਆਈ (ANI) ਦੀ ਜਾਣਕਾਰੀ ਮੁਤਾਬਕ, ਲਖਨਊ ਯੂਨੀਵਰਸਿਟੀ ਦੇ ਲਾਅ ਦੇ ਥਰਡ ਈਅਰ (ਤੀਜੇ ਸਾਲ) ਦੇ ਵਿਦਿਆਰਥੀ ਪ੍ਰਬਲ ਪ੍ਰਤਾਪ ਸਿੰਘ (24) ਅਤੇ ਲਖਨਊ ਯੂਨੀਵਰਸਿਟੀ ਦੇ ਲਾਅ ਦੇ ਸੈਕੰਡ ਈਅਰ (ਦੂਜੇ ਸਾਲ) ਦੇ ਵਿਦਿਆਰਥੀ ਚੰਦਰ ਭਾਨ (23) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਖ਼ਿਲਾਫ਼ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਸਮੇਤ ਕਈ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ, ਜਾਂਚ ਤੋਂ ਬਾਅਦ ਮੰਗਲਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪ੍ਰਬਲ ਪ੍ਰਤਾਪ ਨੂੰ ਸੁਪਰੀਮ ਕੋਰਟ ਵਿੱਚ ਬਦਤਮੀਜ਼ੀ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਤਿਲਕ ਮਾਰਗ ਪੁਲਿਸ ਥਾਣੇ ਵਿੱਚ ਇਹ ਐਫਆਈਆਰ ਸੁਪਰੀਮ ਕੋਰਟ ਦੇ ਸੁਰੱਖਿਆ ਸਟਾਫ਼ ਦੇ ਬਿਆਨ ਦੇ ਅਧਾਰ 'ਤੇ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਘਟਨਾ 10 ਜੁਲਾਈ ਨੂੰ ਸੁਪਰੀਮ ਕੋਰਟ ਦੇ ਕੋਰਟ ਨੰਬਰ 13 ਵਿੱਚ ਐਸਐਲਪੀ (SLP) ਨੰਬਰ 31367/2026 (ਪ੍ਰਬਲ ਪ੍ਰਤਾਪ ਅਤੇ ਹੋਰ ਬਨਾਮ ਉੱਤਰ ਪ੍ਰਦੇਸ਼ ਰਾਜ) ਦੀ ਸੁਣਵਾਈ ਦੌਰਾਨ ਵਾਪਰੀ ਸੀ।
ਪ੍ਰਬਲ ਪ੍ਰਤਾਪ ਸਿੰਘ ਯਾਦਵ ਖੁਦ ਆਪਣਾ ਕੇਸ ਲੜ ਰਹੇ ਸਨ। ਸੁਣਵਾਈ ਦੌਰਾਨ ਉਨ੍ਹਾਂ ਨੇ ਅਦਾਲਤ ਦੀ ਕਾਰਵਾਈ ਵਿੱਚ ਰੁਕਾਵਟ ਪਾਈ। ਉਨ੍ਹਾਂ ਨੇ ਸੀਜੇਆਈ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਅਤੇ ਬੈਂਚ 'ਤੇ ਕਾਗਜ਼ ਸੁੱਟ ਦਿੱਤੇ, ਜਿਸ ਕਾਰਨ ਕੁਝ ਸਮੇਂ ਲਈ ਅਦਾਲਤੀ ਕਾਰਵਾਈ ਪ੍ਰਭਾਵਿਤ ਹੋਈ ਸੀ।