Hindi

ਅੰਮ੍ਰਿਤਸਰ ਵਿਖੇ ਪ੍ਰੋਵੀਜ਼ਨਲ ਸਟੋਰ 'ਤੇ ਹੋਈ ਗੋਲੀਬਾਰੀ ਪਿੱਛੇ ਜੱਗੂ ਭਗਵਾਨਪੁਰੀਆ ਗੈਂਗ ਦਾ ਹੱਥ; ਪਿਸਤੌਲ ਸਮੇਤ ਦੋ ਗ੍

ਅੰਮ੍ਰਿਤਸਰ ਵਿਖੇ ਪ੍ਰੋਵੀਜ਼ਨਲ ਸਟੋਰ 'ਤੇ ਹੋਈ ਗੋਲੀਬਾਰੀ ਪਿੱਛੇ ਜੱਗੂ ਭਗਵਾਨਪੁਰੀਆ ਗੈਂਗ ਦਾ ਹੱਥ; ਪਿਸਤੌਲ ਸਮੇਤ ਦੋ ਗ੍ਰਿਫ਼ਤਾਰ

ਅੰਮ੍ਰਿਤਸਰ ਵਿਖੇ ਪ੍ਰੋਵੀਜ਼ਨਲ ਸਟੋਰ 'ਤੇ ਹੋਈ ਗੋਲੀਬਾਰੀ ਪਿੱਛੇ ਜੱਗੂ ਭਗਵਾਨਪੁਰੀਆ ਗੈਂਗ ਦਾ ਹੱਥ; ਪਿਸਤੌਲ ਸਮੇਤ ਦੋ ਗ੍ਰਿਫ਼ਤਾਰ


— ਗ੍ਰਿਫ਼ਤਾਰ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰ ਕੇਸ਼ਵ ਸ਼ਿਵਾਲਾ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ: ਡੀਆਈਜੀ ਸੰਦੀਪ ਗੋਇਲ


— ਇੱਕ ਹੋਰ ਮੁਲਜ਼ਮ ਦੀ ਪਛਾਣ, ਉਸਨੂੰ ਫੜਨ ਲਈ ਛਾਪੇਮਾਰੀ ਜਾਰੀ: ਐਸਐਸਪੀ ਮਨਿੰਦਰ ਸਿੰਘ

ਚੰਡੀਗੜ੍ਹ/ਅੰਮ੍ਰਿਤਸਰ, 13 ਨਵੰਬਰ:


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਜੰਡਿਆਲਾ ਗੁਰੂ ਵਿਖੇ ਜਬਰਨ ਵਸੂਲੀ ਦੀ ਕੋਸ਼ਿਸ਼ ਨਾਲ ਜੁੜੀ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਵਿਦੇਸ਼ੀ ਪਿਸਤੌਲ ਬਰਾਮਦ ਕੀਤਾ ਹੈ।

ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਬਾਰਡਰ ਰੇਂਜ ਸੰਦੀਪ ਗੋਇਲ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਰਵੀ, ਵਾਸੀ ਪੰਡੋਰੀ ਵੜੈਚ ਅਤੇ ਉੱਜਵਲ ਹੰਸ, ਵਾਸੀ ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਕੀਤੀ ਹੈ।

ਜਾਣਕਾਰੀ ਅਨੁਸਾਰ ਤਿੰਨ ਅਣਪਛਾਤੇ ਬਾਈਕ ਸਵਾਰ ਵਿਅਕਤੀਆਂ ਨੇ 6 ਨਵੰਬਰ ਨੂੰ ਜੰਡਿਆਲਾ ਗੁਰੂ ਵਿਖੇ ਪ੍ਰੋਵੀਜ਼ਨਲ ਸਟੋਰ ਦੇ ਮਾਲਕ ਨੂੰ ਜਬਰੀ ਵਸੂਲੀ ਲਈ ਡਰਾਉਣ ਵਾਸਤੇ ਉਸ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਸਨ।

ਡੀਆਈਜੀ ਸੰਦੀਪ ਗੋਇਲ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਹੋਏ ਹਨ ਅਤੇ ਆਪਣੇ ਵਿਦੇਸ਼ੀ ਹੈਂਡਲਰ ਕੇਸ਼ਵ ਸ਼ਿਵਾਲਾ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ।

ਡੀਆਈਜੀ ਨੇ ਕਿਹਾ ਕਿ ਕਾਰਵਾਈ ਦੌਰਾਨ ਇੱਕ ਦੋਸ਼ੀ ਨੇ ਪੁਲਿਸ 'ਤੇ ਗੋਲੀਬਾਰੀ ਕੀਤੀ ਪਰ ਪੁਲਿਸ ਟੀਮਾਂ ਨੇ ਉਸਨੂੰ ਕਾਬੂ ਕਰ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਇੱਕ ਹੋਰ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ ਅਤੇ ਪੁਲਿਸ ਟੀਮਾਂ ਉਸਨੂੰ ਫੜਨ ਲਈ ਭਾਲ ਕਰ ਰਹੀਆਂ ਹਨ।

ਹੋਰ ਵੇਰਵੇ ਸਾਂਝੇ ਕਰਦੇ ਹੋਏ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਕਿਹਾ ਕਿ ਘਟਨਾ ਉਪਰੰਤ ਡੀਐਸਪੀ ਡੀ ਗੁਰਿੰਦਰ ਨਾਗਰਾ ਅਤੇ ਡੀਐਸਪੀ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਇਸ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ 'ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਥਾਣਾ ਜੰਡਿਆਲਾ ਗੁਰੂ ਅਤੇ ਮੱਤੇਵਾਲ ਦੀਆਂ ਪੁਲਿਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ।

ਐਸਐਸਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

ਇਸ ਸਬੰਧੀ ਇੱਕ ਨਵਾਂ ਕੇਸ ਥਾਣਾ ਮੱਤੇਵਾਲ, ਅੰਮ੍ਰਿਤਸਰ ਦਿਹਾਤੀ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 109, 132 ਅਤੇ 221 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਐਫਆਈਆਰ ਨੰਬਰ 60 ਮਿਤੀ 12/11/2025 ਦਰਜ ਕੀਤਾ ਗਿਆ ਹੈ।


Comment As:

Comment (0)