ਜਲੰਧਰ ਦਿਹਾਤੀ ਪੁਲਿਸ ਵਲੋਂ ਆਪਰੇਸ਼ਨ ਕਾਸੋ ਤਹਿਤ 20 ਹਾਟਸਪਾਟ ਇਲਾਕਿਆਂ ਦੀ ਜਾਂਚ, 4 ਵਿਅਕਤੀ ਗ੍ਰਿਫਤਾਰ
ਯੁੱਧ ਨਸ਼ਿਆਂ ਵਿਰੁੱਧ ; ਜਲੰਧਰ ਦਿਹਾਤੀ ਪੁਲਿਸ ਵਲੋਂ ਆਪਰੇਸ਼ਨ ਕਾਸੋ ਤਹਿਤ 20 ਹਾਟਸਪਾਟ ਇਲਾਕਿਆਂ ਦੀ ਜਾਂਚ, 4 ਵਿਅਕਤੀ ਗ੍ਰਿਫਤਾਰ
ਜਲੰਧਰ, 14 ਜੁਲਾਈ :
ਐਸ.ਐਸ.ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਦੇ ਨਿਰਦੇਸ਼ਾਂ ਅਤੇ ਐਸ.ਪੀ. (ਇਨਵੈਸਟੀਗੇਸ਼ਨ) ਸਰਬਜੀਤ ਰਾਏ ਦੀ ਅਗਵਾਈ ਹੇਠ ਜਲੰਧਰ ਦਿਹਾਤੀ ਪੁਲਿਸ ਵਲੋਂ ਨਸ਼ਾ ਤਸਕਰੀ ਅਤੇ ਅਪਰਾਧਿਕ ਅਨਸਰਾਂ ਵਿਰੁੱਧ ਆਪਰੇਸ਼ਨ ਕਾਸੋ ਚਲਾਇਆ ਗਿਆ।
ਇਸ ਵਿਸ਼ੇਸ਼ ਮੁਹਿੰਮ ਦੌਰਾਨ 8 ਗਜ਼ਟਿਡ ਅਧਿਕਾਰੀ ਅਤੇ 128 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ, ਜਿਨ੍ਹਾਂ ਵਲੋਂ ਜ਼ਿਲ੍ਹੇ ਦੇ 20 ਹਾਟਸਪਾਟ ਇਲਾਕਿਆਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ 4 ਐਫ.ਆਈ.ਆਰ ਦਰਜ ਹੋਈਆਂ ਅਤੇ 4 ਵਿਅਕਤੀਆਂ ਨੂੰ ਐਨ.ਡੀ.ਪੀ.ਐਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ।
ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਰੇਡ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਐਸ.ਐਸ.ਪੀ. ਜਲੰਧਰ ਦਿਹਾਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਆਪਰੇਸ਼ਨ ਕਾਸੋ ਚਲਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਜਿੱਥੇ ਨਸ਼ਾ ਤਸਕਰੀ ਦੀ ਲੜੀ ਨੂੰ ਤੋੜਣਾ ਹੈ, ਉੱਥੇ ਨੌਜਵਾਨ ਪੀੜ੍ਹੀ ਨੂੰ ਨਸ਼ੀਲੇ ਪਦਾਰਥਾਂ ਤੋਂ ਬਚਾਉਣਾ ਅਤੇ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣਾ ਹੈ।
ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਸਿਰਫ ਸ਼ੁਰੂਆਤ ਹੈ ਅਤੇ ਆਪਰੇਸ਼ਨ ਕਾਸੋ ਤਹਿਤ ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਤੇਜ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਯੁੱਧ ਵਿੱਚ ਆਮ ਜਨਤਾ ਨੂੰ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਬਿਲਕੁੱਲ ਗੁਪਤ ਰੱਖੀ ਜਾਵੇਗੀ।