ਸਹਿਕਾਰੀ ਬੈਂਕਾਂ ਨੂੰ ਫਿਨੇਕਲ 10 ਕੋਰ ਵਿੱਚ ਅਪਗ੍ਰੇਡ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ ਪੰਜਾਬ
ਸਹਿਕਾਰੀ ਬੈਂਕਾਂ ਨੂੰ ਫਿਨੇਕਲ 10 ਕੋਰ ਵਿੱਚ ਅਪਗ੍ਰੇਡ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ ਪੰਜਾਬ
ਐਸ.ਏ.ਐਸ. ਨਗਰ ਅਤੇ ਰੋਪੜ ਕੇਂਦਰੀ ਸਹਿਕਾਰੀ ਬੈਂਕ ਨੇ ਆਪਣੇ ਸੀ.ਬੀ.ਐਸ. ਨੂੰ ਫਿਨੇਕਲ 7 ਤੋਂ ਫਿਨੇਕਲ 10 ਵਿੱਚ ਅਪਗ੍ਰੇਡ ਕੀਤਾ
ਚੰਡੀਗੜ੍ਹ, 5 ਅਗਸਤ:
ਸਹਿਕਾਰੀ ਬੈਂਕਿੰਗ ਖੇਤਰ ਦੀ ਤਕਨੀਕੀ ਤਰੱਕੀ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਐਸ.ਏ.ਐਸ. ਨਗਰ ਕੇਂਦਰੀ ਸਹਿਕਾਰੀ ਬੈਂਕ ਅਤੇ ਰੋਪੜ ਕੇਂਦਰੀ ਸਹਿਕਾਰੀ ਬੈਂਕ ਨੇ ਆਪਣੇ ਕੋਰ ਬੈਂਕਿੰਗ ਸਲਿਊਸ਼ਨ (ਸੀ.ਬੀ.ਐਸ.) ਨੂੰ ਫਿਨੇਕਲ 7 ਤੋਂ ਫਿਨੇਕਲ 10 ਵਿੱਚ ਸਫਲਤਾਪੂਰਵਕ ਅਪਗ੍ਰੇਡ ਕੀਤਾ ਹੈ। ਇਸ ਪ੍ਰਾਪਤੀ ਦੇ ਨਾਲ ਪੰਜਾਬ ਆਪਣੇ ਸਹਿਕਾਰੀ ਬੈਂਕਿੰਗ ਨੈੱਟਵਰਕ ਵਿੱਚ ਇਸ ਮਹੱਤਵਪੂਰਨ ਡਿਜੀਟਲ ਤਬਦੀਲੀ ਨੂੰ ਸ਼ੁਰੂ ਕਰਨ ਅਤੇ ਮੁਕੰਮਲ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ।
ਇਹ ਮੀਲ ਪੱਥਰ ਸਹਿਕਾਰੀ ਬੈਂਕਾਂ ਦੇ ਆਧੁਨਿਕੀਕਰਨ, ਜ਼ਮੀਨੀ ਪੱਧਰ ’ਤੇ ਤੇਜ਼, ਸੁਰੱਖਿਅਤ ਅਤੇ ਵਧੇਰੇ ਗਾਹਕ-ਅਨੁਕੂਲ ਬੈਂਕਿੰਗ ਸੇਵਾਵਾਂ ਨੂੰ ਯਕੀਨੀ ਬਣਾਉਣ ਪ੍ਰਤੀ ਰਾਜ ਦੀ ਵਧਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਤਰੱਕੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪ੍ਰਾਪਤ ਕੀਤੀ ਗਈ ਹੈ, ਜਿਨ੍ਹਾਂ ਦੇ ਡਿਜੀਟਲ ਪਰਿਵਰਤਨ ਅਤੇ ਪੇਂਡੂ ਸਸ਼ਕਤੀਕਰਨ ’ਤੇ ਧਿਆਨ ਕੇਂਦਰਿਤ ਕਰਨ ਸਦਕਾ ਅਜਿਹੇ ਸੁਧਾਰਾਂ ਲਈ ਲੋੜੀਂਦੀ ਦਿਸ਼ਾ ਅਤੇ ਸਹਾਇਤਾ ਪ੍ਰਾਪਤ ਹੋਈ ।
ਇਹ ਸਫਲ ਤਬਦੀਲੀ ਸਹਿਕਾਰਤਾ ਦੇ ਵਿੱਤ ਕਮਿਸ਼ਨਰ ਅਲੋਕ ਸ਼ੇਖਰ ਦੀ ਰਣਨੀਤਕ ਅਗਵਾਈ ਅਤੇ ਸਮਰਥਨ ਸਦਕਾ ਸੰਭਵ ਹੋਇਆ ਹੈ, ਜਿਨ੍ਹਾਂ ਨੇ ਇਸ ਪਹਿਲਕਦਮੀ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਅਗਵਾਈ ਇਸ ਪ੍ਰੋਜੈਕਟ ਲਈ ਸੁਚੱਜੀ ਸੇਧ ਦੇਣ ਅਤੇ ਲਾਗੂਕਰਨ ਵਿੱਚ ਬੁਹਤ ਮਹੱਤਵਪੂਰਨ ਸੀ।
ਇਸ ਡਿਜੀਟਲ ਵਿਕਾਸ ਦੇ ਸਬੰਧ ’ਚ ਬੋਲਦਿਆਂ ਵਿੱਤ ਕਮਿਸ਼ਨਰ ਸਹਿਕਾਰਤਾ ਅਲੋਕ ਸ਼ੇਖਰ ਨੇ ਕਿਹਾ ਕਿ ਫਿਨਾਕਲ 10 ਦਾ ਸਫਲ ਅਪਗ੍ਰੇਡੇਸ਼ਨ ਤਕਨਾਲੋਜੀ ਰਾਹੀਂ ਪੇਂਡੂ ਬੈਂਕਿੰਗ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਪੰਜਾਬ ਦੀ ਸੁਹਿਰਦ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਤਬਦੀਲੀ ਸਹਿਕਾਰੀ ਨੈੱਟਵਰਕ ਵਿੱਚ ਕੁਸ਼ਲ, ਸੁਰੱਖਿਅਤ ਅਤੇ ਪਾਰਦਰਸ਼ੀ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਵੱਲ ਵੱਡੀ ਪੁਲਾਂਘ ਹੈ। ਇਸ ਮੀਲ ਪੱਥਰ ਨੂੰ ਪ੍ਰਾਪਤ ਕਰਨ ਲਈ ਸ਼ਾਮਲ ਸਾਰੀਆਂ ਟੀਮਾਂ ਵਧਾਈ ਦੀਆਂ ਪਾਤਰ ਹਨ।
ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਹਰਜੀਤ ਸਿੰਘ ਸੰਧੂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਫਿਨੇਕਲ 10 ਵਿੱਚ ਤਬਦੀਲੀ ਸਹਿਕਾਰੀ ਬੈਂਕਾਂ ਦੀ ਆਈ.ਟੀ. ਦੀ ਰੀੜ੍ਹ ਨੂੰ ਮਜ਼ਬੂਤ ਕਰਨ ਲਈ ਇੱਕ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਕਦਮ ਸੀ। ਉਨ੍ਹਾਂ ਕਿਹ ਕਿ ਫਿਨੇਕਲ 10 ਦੇ ਨਾਲ ਸਾਡੇ ਬੈਂਕ ਹੁਣ ਬਿਹਤਰ ਗਾਹਕ ਸੇਵਾ, ਤੇਜ਼ ਲੈਣ-ਦੇਣ ਅਤੇ ਮਜ਼ਬੂਤ ਸਾਈਬਰ ਸੁਰੱਖਿਆ ਸਹੂਲਤਾਂ ਦੀ ਪੇਸ਼ਕਸ਼ ਕਰਨ ਲਈ ਤਿਆਰ ਹਨ। ਇਹ ਅਪਗ੍ਰੇਡੇਸ਼ਨ ਸਾਨੂੰ ਖਾਸ ਕਰਕੇ ਪੇਂਡੂ ਅਤੇ ਖੇਤੀਬਾੜੀ ਸੈਕਟਰਾਂ ਵਿੱਚ ਸਾਡੇ ਗਾਹਕਾਂ ਦੀਆਂ ਵਧ ਰਹੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦਗਾਰ ਸਿੱਧ ਹੋਵੇਗੀ।
ਉਨ੍ਹਾਂ ਨੇ ਇਸ ਮਹੱਤਵਪੂਰਨ ਤਬਦੀਲੀ ਨੂੰ ਸਫ਼ਲਤਾਪੂਰਵਕ ਲਾਗੂਕਰਨ ਵਿੱਚ ਐਸਏਐਸ ਨਗਰ ਅਤੇ ਰੋਪੜ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਦੇ ਐਮਡੀਜ਼/ਡੀਐਮਜ਼ ਅਤੇ ਆਈ.ਟੀ. ਟੀਮਾਂ ਦੇ ਸਮਰਪਣ ਅਤੇ ਯਤਨਾਂ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਅਪਗ੍ਰੇਡੇਸ਼ਨ ਦੀ ਇਸ ਪ੍ਰਕਿਰਿਆ ਦੌਰਾਨ ਸੁਚੱਜੇ ਤਾਲਮੇਲ ਅਤੇ ਲਾਗੂਕਰਨ ਨੂੰ ਯਕੀਨੀ ਬਣਾਉਣ ਵਿੱਚ ਰਜਿਸਟਰਾਰ ਸਹਿਕਾਰੀ ਸਭਾਵਾਂ ਗਿਰੀਸ਼ ਦਿਆਲਨ ਵੀ ਸਰਗਰਮੀ ਨਾਲ ਸ਼ਾਮਲ ਸਨ।
ਇਸ ਤਬਦੀਲੀ ਨੂੰ ਹੁਣ ਦੇਸ਼ ਭਰ ਵਿੱਚ ਸਹਿਕਾਰੀ ਬੈਂਕਿੰਗ ਸੁਧਾਰਾਂ ਲਈ ਇੱਕ ਮਾਡਲ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਹੋਰ ਸਹਿਕਾਰੀ ਬੈਂਕਾਂ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਪੜਾਅਵਾਰ ਢੰਗ ਨਾਲ ਫਿਨੇਕਲ 10 ਵਿੱਚ ਅਪਗ੍ਰੇਡ ਕਰਨ ਦੀ ਯੋਜਨਾ ਹੈ।
ਇਹ ਪਹਿਲਕਦਮੀ ਪੰਜਾਬ ਦੀ ਸਹਿਕਾਰੀ ਬੈਂਕਿੰਗ ਪ੍ਰਣਾਲੀ ਵਿੱਚ ਵਿਕਾਸ ਦੇ ਮਹੱਤਵਪੂਰਨ ਪੜਾਅ ਨੂੰ ਦਰਸਾਉਂਦੀ ਹੈ, ਜਿਸਨੇ ਇਸ ਖੇਤਰ ਵਿੱਚ ਨਵੀਨਤਾ, ਕੁਸ਼ਲਤਾ ਅਤੇ ਕਿਸਾਨ-ਪੱਖੀ ਪਹਿਲਕਦਮੀਆਂ ਲਈ ਇੱਕ ਕੌਮੀ ਮਾਪਦੰਡ ਸਥਾਪਤ ਕੀਤਾ ਹੈ।
——-