ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ ਹੜ ਰੋਕੋ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਵੱਲੋਂ ਬੈਠਕ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ
ਹੜ ਰੋਕੋ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਵੱਲੋਂ ਬੈਠਕ, ਮਾਨਸੂਨ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ
ਫਾਜ਼ਿਲਕਾ 14 ਜੂਨ
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁਗਲ ਨੇ ਅੱਜ ਆਗਾਮੀ ਮਾਨਸੂਨ ਸੀਜਨ ਦੌਰਾਨ ਹੜਾਂ ਦੇ ਕਿਸੇ ਵੀ ਸੰਭਾਵਿਤ ਖਤਰੇ ਦੇ ਟਾਕਰੇ ਲਈ ਅਗੇਤੇ ਪ੍ਰਬੰਧਾਂ ਹਿੱਤ ਬੈਠਕ ਕੀਤੀ ਅਤੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨਾਂ ਪਿੰਡਾਂ ਵਿੱਚ ਪਿਛਲੇ ਸਾਲ ਹੜ੍ਹ ਆਏ ਸਨ ਉਹਨਾਂ ਪਿੰਡਾਂ ਵਿੱਚ ਵਿਸ਼ੇਸ਼ ਤੌਰ ਤੇ ਇੱਕ ਸਰਵੇਖਣ ਕਰ ਲਿਆ ਜਾਵੇ । ਇਸ ਲਈ ਉਹਨਾਂ ਨੇ ਇੱਕ ਟੀਮ ਦਾ ਗਠਨ ਵੀ ਕੀਤਾ ਹੈ ਜਿਸ ਵਿੱਚ ਕਾਰਜਕਾਰੀ ਇੰਜਨੀਅਰ ਡਰੇਨੇਜ, ਤਹਿਸੀਲਦਾਰ, ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ ਅਤੇ ਸੰਬੰਧਤ ਬਲਾਕ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਕਿ ਤਿੰਨ ਦਿਨਾਂ ਵਿੱਚ ਉਕਤ ਇਲਾਕੇ ਸਬੰਧੀ ਆਪਣੀ ਰਿਪੋਰਟ ਦੇਵੇਗੀ। ਉਹਨਾਂ ਨੇ ਬਿਜਲੀ ਵਿਭਾਗ ਨੂੰ ਹਦਾਇਤ ਕੀਤੀ ਕਿ ਜੇ ਕਿਤੇ ਖੰਭੇ ਠੀਕ ਕਰਨ ਵਾਲੇ ਹੋਣ ਤਾਂ ਉਹ ਜਲਦ ਠੀਕ ਕਰ ਲਏ ਜਾਣ। ਇਸੇ ਤਰ੍ਹਾਂ ਉਹਨਾਂ ਨੇ ਨਗਰ ਕੌਂਸਲਾਂ ਨੂੰ ਹਦਾਇਤ ਕੀਤੀ ਕਿ ਸ਼ਹਿਰਾਂ ਵਿੱਚ ਸੀਵਰੇਜ ਅਤੇ ਨਾਲੇ ਬਰਸਾਤ ਤੋਂ ਪਹਿਲਾਂ ਪਹਿਲਾਂ ਸਾਫ ਕੀਤੇ ਜਾਣੇ ਯਕੀਨੀ ਬਣਾਏ ਜਾਣ।
ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਕਿ ਨਰੇਗਾ ਤਹਿਤ ਜੋ ਹੜ ਰੋਕੂ ਪ੍ਰਬੰਧ ਹੋ ਸਕਦੇ ਹਨ ਉਹ ਕਰ ਲਏ ਜਾਣ। ਪੀਡਬਲਡੀ ਵਿਭਾਗ ਵੱਲੋਂ ਢਾਣੀ ਨੱਥਾ ਸਿੰਘ ਲਈ ਨਵਾਂ ਪੁਲ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਉਹਨਾਂ ਨੇ ਪੇਂਡੂ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਕਿ ਪਿੰਡਾਂ ਦੇ ਛੱਪੜਾਂ ਨੂੰ ਬਰਸਾਤ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਖਾਲੀ ਕਰ ਲਿਆ ਜਾਵੇ । ਉਹਨਾਂ ਨੇ ਸਿੱਖਿਆ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਜਿਨਾਂ ਪਿੰਡਾਂ ਵਿੱਚ ਪਿਛਲੇ ਸਾਲ ਹੜ ਆਏ ਸਨ ਉਨਾਂ ਸਕੂਲਾਂ ਦੀਆਂ ਬਿਲਡਿੰਗਾਂ ਦਾ ਮੁਲਾਂਕਨ ਕਰ ਲਿਆ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਅਣਸੁਰੱਖਿਤ ਇਮਾਰਤ ਵਿੱਚ ਵਿਦਿਆਰਥੀ ਨਾ ਪੜ੍ਹ ਰਹੇ ਹੋਣ । ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ 24 ਮੈਡੀਕਲ ਟੀਮਾਂ ਬਰਸਾਤ ਦੇ ਮੌਸਮ ਦੇ ਮੱਦੇ ਨਜ਼ਰ ਬਣਾਈਆਂ ਗਈਆਂ ਹਨ।
ਬੈਠਕ ਵਿੱਚ ਐਸਡੀਐਮ ਅਬੋਹਰ ਸ੍ਰੀ ਪੰਕਜ ਬਾਂਸਲ ਅਤੇ ਐਸਡੀਐਮ ਜਲਾਲਾਬਾਦ ਸ਼੍ਰੀ ਬਲਕਰਨ ਸਿੰਘ, ਡੀਡੀਪੀਓ ਗੁਰਦਰਸ਼ਨ ਲਾਲ ਅਤੇ ਤਹਿਸੀਲਦਾਰ ਸੁਖਦੇਵ ਸਿੰਘ, ਕਾਰਜਕਾਰੀ ਇੰਜਨੀਅਰ ਡਰੇਨੇਜ ਵਿਸ਼ਾਲ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
© 2022 Copyright. All Rights Reserved with Arth Parkash and Designed By Web Crayons Biz