Meeting on Rationalisation of Polling Stations and Appointment
ਚੰਡੀਗੜ੍ਹ, 28 ਅਕਤੂਬਰ, 2025: Meeting on Rationalisation of Polling Stations and Appointment: ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪੋਲਿੰਗ ਸਟੇਸ਼ਨਾਂ ਦੇ ਪੁਨਰਗਠਨ ਅਤੇ ਬੂਥ ਲੈਵਲ ਏਜੰਟਾਂ (ਬੀਐੱਲਏਜ਼) ਦੀ ਨਿਯੁਕਤੀ ਦੀ ਸਮੀਖਿਆ ਕਰਨ ਲਈ, ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ, ਯੂ.ਟੀ. ਚੰਡੀਗੜ੍ਹ ਦੀ ਪ੍ਰਧਾਨਗੀ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਬੈਠਕ ਹੋਈ।
ਬੈਠਕ ਦੇ ਦੌਰਾਨ ਦੱਸਿਆ ਗਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ, ਚੰਡੀਗੜ੍ਹ ਦੇ ਸਾਰੇ ਪੋਲਿੰਗ ਸਟੇਸ਼ਨਾਂ ਦਾ ਪੁਨਰਗਠਨ ਕੀਤਾ ਗਿਆ ਹੈ, ਤਾਕਿ ਹਰੇਕ ਪੋਲਿੰਗ ਸਟੇਸ਼ਨ 'ਤੇ ਵੋਟਰਾਂ ਦੀ ਔਸਤ ਸੰਖਿਆ 1,200 ਤੋਂ ਘੱਟ ਰੱਖੀ ਜਾ ਸਕੇ। ਇਸ ਪੁਨਰਗਠਨ ਪ੍ਰਕਿਰਿਆ ਦੇ ਤਹਿਤ ਵੋਟਰਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ 10 ਨਵੇਂ ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਇਸ ਤੋਂ ਇਲਾਵਾ, ਆਦਰਸ਼ ਕਾਲੋਨੀ ਨੂੰ ਢਾਹੁਣ ਤੋਂ ਬਾਅਦ ਸੈਕਟਰ 54 (ਪੋਲਿੰਗ ਸਟੇਸ਼ਨ ਨੰਬਰ 33) ਵਿੱਚ ਇੱਕ ਪੋਲਿੰਗ ਸਟੇਸ਼ਨ ਨੂੰ ਹਟਾ ਦਿੱਤਾ ਗਿਆ ਹੈ, ਜਦਕਿ ਸੈਕਟਰ 52 (ਪੋਲਿੰਗ ਸਟੇਸ਼ਨ ਨੰਬਰ 588) ਵਿੱਚ ਇੱਕ ਹੋਰ ਪੋਲਿੰਗ ਸਟੇਸ਼ਨ ਨੂੰ ਵੋਟਰਾਂ ਦੀ ਘੱਟ ਗਿਣਤੀ ਅਤੇ ਰਿਹਾਇਸ਼ੀ ਖੇਤਰ ਤੋਂ ਇਸ ਦੀ ਦੂਰੀ ਕਾਰਨ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਮਨੀਮਾਜਰਾ ਦੇ ਖੇਤਰ ਨੂੰ ਚੋਣ ਉਦੇਸ਼ਾਂ ਲਈ ਸੈਕਟਰ 13 (ਮਨੀਮਾਜਰਾ) ਵਜੋਂ ਰੀ-ਡੈਜ਼ੀਗਨੇਟ ਕੀਤਾ ਗਿਆ ਹੈ।
ਇਸ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਬਾਅਦ, ਚੰਡੀਗੜ੍ਹ ਵਿੱਚ ਆਗਾਮੀ ਚੋਣਾਂ ਲਈ ਕੁੱਲ 622 ਪੋਲਿੰਗ ਸਟੇਸ਼ਨਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੁਆਰਾ ਬੂਥ ਲੈਵਲ ਏਜੰਟਾਂ (ਬੀਐੱਲਏਜ਼) ਦੀ ਸਮੇਂ 'ਤੇ ਨਿਯੁਕਤੀ ਸੁਨਿਸ਼ਚਿਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਪਾਰਟੀ ਪ੍ਰਤੀਨਿਧੀਆਂ ਨੂੰ ਤਾਕੀਦ ਕੀਤੀ ਕਿ ਉਹ ਬੂਥ ਪੱਧਰ 'ਤੇ ਪਾਰਦਰਸ਼ਤਾ, ਤਾਲਮੇਲ ਅਤੇ ਪ੍ਰਭਾਵੀ ਸੰਚਾਰ ਸੁਨਿਸ਼ਚਿਤ ਕਰਨ ਲਈ ਬੂਥ ਲੈਵਲ ਏਜੰਟਾਂ (ਬੀਐੱਲਏਜ਼) ਦੀ ਸੂਚੀ ਜਲਦੀ ਤੋਂ ਜਲਦੀ ਚੋਣ ਵਿਭਾਗ ਨੂੰ ਉਪਲਬਧ ਕਰਵਾਉਣ।