ਪੰਜਾਬ ਸਰਕਾਰ ਵੱਲੋਂ 55 ਹਜ਼ਾਰ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਸਰਕਾਰੀ ਨੌਕਰੀਆ : ਜੈ ਕ੍ਰਿਸ਼ਨ ਸਿੰਘ ਰੌੜੀ
ਪੰਜਾਬ ਸਰਕਾਰ ਵੱਲੋਂ 55 ਹਜ਼ਾਰ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਸਰਕਾਰੀ ਨੌਕਰੀਆ : ਜੈ ਕ੍ਰਿਸ਼ਨ ਸਿੰਘ ਰੌੜੀ
-ਡਿਪਟੀ ਸਪੀਕਰ ਦੀ ਅਗਵਾਈ ਹੇਠ ਗੜ੍ਹਸ਼ੰਕਰ ‘ਚ ਲਗਾਇਆ ਗਿਆ ਪਲੇਸਮੈਂਟ ਕੈਂਪ
-75 ਯੋਗ ਉਮੀਦਵਾਰਾਂ ਨੂੰ ਕੰਪਨੀਆਂ ਵੱਲੋਂ ਕੀਤਾ ਗਿਆ ਸ਼ਾਰਟਲਿਸਟ
ਗੜ੍ਹਸ਼ੰਕਰ/ਹੁਸ਼ਿਆਰਪੁਰ, 20 ਮਈ: ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੁਣ ਤੱਕ 55 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ, ਜੋ ਕਿ ਆਪਣੇ ਆਪ ਵਿਚ ਇਕ ਮਿਸਾਲ ਹੈ। ਉਹ ਅੱਜ ਗੜ੍ਹਸ਼ੰਕਰ ਦੇ ਵਾਰਡ ਨੰਬਰ 13 ਵਿਚ ਜ਼ਿਲ੍ਹਾ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਲਗਾਏ ਗਏ ਪਲੇਸਮੈਂਟ ਕੈਂਪ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਜਿਥੇ ਪਲੇਸਮੈਂਟ ਕੈਂਪ ਵਿਚ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੱਤੀ, ਉਥੇ ਹੀ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਵਿਭਾਗ ਵੱਲੋਂ ਬਣਾਈ ਗਈ ਐਪ ਡੀਬੀਈਈ ਆਨਲਾਈਨ ਡਾਊਨਲੋਡ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਐਪ ਰਾਹੀਂ ਨੌਜਵਾਨਾਂ ਨੂੰ ਜ਼ਿਲ੍ਹੇ, ਰਾਜ ਅਤੇ ਦੇਸ਼ ਵਿਚ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਬਾਰੇ ਜਾਣਕਾਰੀ ਮਿਲਦੀ ਹੈ।
ਜ਼ਿਲ੍ਹਾ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਅਗਵਾਈ ਹੇਠ ਅੱਜ ਇੱਕ ਪਲੇਸਮੈਂਟ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਪਲੇਸਮੈਂਟ ਕੈਂਪ ਵਿਚ ਲਗਭਗ 10 ਉਦਯੋਗਿਕ ਇਕਾਈਆਂ ਜਿਵੇਂ ਕਿ ਸੋਨਾਲੀਕਾ ਟ੍ਰੈਕਟਰ ਕੰਪਨੀ ਹੁਸ਼ਿਆਰਪੁਰ, ਕੁਆਂਟੰਮ ਪੇਪਰ ਮਿਲ ਸੈਲਾ, ਵਰਧਮਾਨ ਟੈਕਸਟਾਈਲ ਕੰਪਨੀ ਹੁਸ਼ਿਆਰਪੁਰ, ਚੈੱਕਮੇਟ ਸਕਿਊਰਿਟੀ, ਡਬਲ ਬੈਰੀਅਲ ਜੀਨਸ, ਕਿੰਗ ਐਡਵਰਡ ਸਕੂਲ ਮਾਹਿਲਪੁਰ, ਸੇਨਰਜੀ ਈਥਾਈਲ ਮਾਹਿਲਪੁਰ, ਏਕ ਪਰਿਆਸ ਡਰੱਗ-ਡੀ ਅਡਿਕਸ਼ਨ ਸੈਂਟਰ ਗੜ੍ਹਸ਼ੰਕਰ, ਐਸ.ਬੀ.ਐਸ ਸਕੂਲ ਗੜ੍ਹਸ਼ੰਕਰ ਅਤੇ ਆਈ.ਸੀ.ਐਸ ਫੂਡ ਲਿਮਟਡ ਆਦਿ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਇੰਟਰਵਿਊ ਦੀ ਪ੍ਰਕਿਰਿਆ ਹੋਣ ਉਪਰੰਤ ਯੋਗ ਉਮੀਦਵਾਰਾਂ ਨੂੰ ਸ਼ਾਰਟ ਲਿਸਟਿਡ ਕੀਤਾ ਗਿਆ। ਇਸ ਪਲੇਸਮੈਂਟ ਕੈਂਪ ਵਿਚ 18 ਤੋਂ 35 ਸਾਲ ਤੱਕ ਦੇ ਅੱਠਵੀਂ, 10ਵੀਂ, 12ਵੀਂ, ਆਈ.ਟੀ.ਆਈ (ਮਕੈਨੀਕਲ ਸਾਰੇ ਟ੍ਰੇਡਜ਼), ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਆਦਿ ਵਿਦਿਅਕ ਯੋਗਤਾ ਵਾਲੇ ਪ੍ਰਾਰਥੀ (ਲੜਕੇ ਅਤੇ ਲੜਕੀਆਂ ਦੋਵੇਂ) ਸ਼ਾਮਿਲ ਹੋਏ। ਇਸ ਕੈਂਪ ਵਿਚ 108 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ ਅਤੇ ਜਿਸ ਵਿਚੋਂ 75 ਯੋਗ ਪ੍ਰਾਰਥੀਆਂ ਨੂੰ ਕੰਪਨੀਆਂ ਵੱਲੋਂ ਸ਼ਾਰਟ ਲਿਸਟਿਡ ਕੀਤਾ ਗਿਆ। ਇਸ ਪਲੇਸਮੈਂਟ ਕੈਂਪ ਵਿਚ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਹੁਸ਼ਿਆਰਪੁਰ ਤੋਂ ਪਲੇਸਮੈਂਟ ਅਫਸਰ ਰਾਕੇਸ਼ ਕੁਮਾਰ, ਯੰਗ ਪ੍ਰੋਫੈਸ਼ਨਲ ਵਿਕਰਮ ਸਿੰਘ, ਮਨੋਹਰ ਲਾਲ, ਵਰਿੰਦਰ ਕੁਮਾਰ, ਰਵਿੰਦਰ ਸਿੰਘ ਅਤੇ ਸੰਦੀਪ ਸਿੰਘ ਵੀ ਮੌਜੂਦ ਸਨ।