ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਦੀ ਨੌਜਵਾਨੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵੱਲ ਵੱਡਾ ਕਦਮ: ਵਿਧਾਇਕ ਗੁਰਲਾਲ ਘਨੌ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਦੀ ਨੌਜਵਾਨੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵੱਲ ਵੱਡਾ ਕਦਮ: ਵਿਧਾਇਕ ਗੁਰਲਾਲ ਘਨੌਰ
-ਵਿਧਾਇਕ ਗੁਰਲਾਲ ਘਨੌਰ ਨੇ ਲੋਕਾਂ ਨੂੰ ਨਸ਼ਾ ਤਸਕਰਾਂ ਖ਼ਿਲਾਫ਼ ਅੱਗੇ ਆਉਣ ਦੀ ਕੀਤੀ ਅਪੀਲ
ਘਨੌਰ, 18 ਮਈ:
ਪੰਜਾਬ ਦੀ ਮਾਨ ਸਰਕਾਰ ਨੇ ਨੌਜਵਾਨੀ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਅਤੇ ਰਾਜ ਦੀ ਸੱਭਿਆਚਾਰਕ ਹੋਂਦ ਨੂੰ ਕਾਇਮ ਰੱਖਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਨਵੇਂ ਦੌਰ ਦੀ ਸ਼ੁਰੂਆਤ ਕੀਤੀ ਹੈ। ਜਿਸ ਨਾਲ ਨਸ਼ਾ ਤਸਕਰਾਂ ਵਿਚ ਹੜਕੰਪ ਮੱਚਿਆ ਹੋਇਆ ਹੈ। ਇਹ ਪ੍ਰਗਟਾਵਾਂ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ ਨੇ ਹਲਕੇ ਦੇ ਪਿੰਡ ਲਾਛੜੂ, ਕਾਮੀ ਖ਼ੁਰਦ ਅਤੇ ਜੰਡ ਮੰਗੋਲੀ ਵਿਖੇ ਵੱਖ-ਵੱਖ ਭਰਵੀਆਂ ਜਨ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਪੰਜਾਬੀ ਨੌਜਵਾਨੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਚੁੱਕੇ ਠੋਸ ਕਦਮ ਨੂੰ ਸੂਬੇ ਭਰ ਚੋ ਵੱਡਾ ਸਹਿਯੋਗ ਮਿਲਿਆ ਹੈ।
ਆਪਣੇ ਸੰਬੋਧਨ ਦੌਰਾਨ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਇਸ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਰਾਜ ਦੇ ਅਨੇਕ ਨੌਜਵਾਨ ਨਸ਼ਾ ਛੱਡਣ ਲਈ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵੱਲ ਰੁਖ ਕੀਤਾ ਹੈ। ਇਨ੍ਹਾਂ ਕੇਂਦਰਾਂ ਵਿੱਚ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਮੁਫ਼ਤ ਇਲਾਜ ਅਤੇ ਪੁਨਰਵਾਸ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਐਮ ਐਲ ਏ ਗੁਰਲਾਲ ਘਨੌਰ ਨੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਲਈ ਜਿਥੇ ਨਸ਼ਾ ਤਸਕਰਾਂ ਅਤੇ ਆਦੀ ਵਿਅਕਤੀਆਂ ਵਿਰੁੱਧ ਮਤੇ ਪਾਉਣ ਨੂੰ ਯਕੀਨੀ ਬਣਾਉਣ, ਉਥੇ ਨਸ਼ਾ ਵੇਚਣ ਜਾਂ ਤਸਕਰੀ ਕਰਨ ਵਾਲਿਆਂ ਦੀ ਜ਼ਮਾਨਤ ਦੇਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਅਨਸਰਾਂ ਵਿਰੁੱਧ ਗੰਭੀਰ ਕਾਰਵਾਈ ਕੀਤੀ ਹੈ। ਮਾਨ ਸਰਕਾਰ ਦੀ ਸਖ਼ਤ ਨੀਤੀ ਨੇ ਕਿਸੇ ਵੀ ਨਸ਼ਾ ਤਸਕਰ ਨੂੰ ਕੋਈ ਰਿਆਇਤ ਨਹੀਂ ਦਿੱਤੀ।
ਵਿਧਾਇਕ ਗੁਰਲਾਲ ਘਨੌਰ ਨੇ ਨੌਜਵਾਨਾਂ ਨੂੰ ਆਪਣੀ ਉਮੀਦ, ਆਪਣਾ ਭਵਿੱਖ ਅਤੇ ਆਪਣਾ ਜੀਵਨ ਬਚਾਉਣ ਲਈ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀਅਤ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਨਸ਼ਿਆਂ ਦੇ ਖ਼ਿਲਾਫ਼ ਇੱਕਜੁੱਟ ਹੋਈਏ। ਪੰਜਾਬ ਸਰਕਾਰ ਵੱਲੋਂ ਇਸ ਯੁੱਧ ਦੀ ਅਗਵਾਈ ਕਰਦਿਆਂ ਜਿਥੇ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਵਧਾਈ ਗਈ ਹੈ, ਓਥੇ ਹੀ ਨਸ਼ਾ ਛੱਡ ਚੁੱਕੇ ਵਿਅਕਤੀਆਂ ਲਈ ਰੋਜ਼ਗਾਰ ਅਤੇ ਪੁਨਰਵਾਸ ਸਕੀਮਾਂ ਵੀ ਸ਼ੁਰੂ ਕੀਤੀਆਂ ਹਨ। ਇਹ ਮੁਹਿੰਮ ਸਿਰਫ਼ ਸਰਕਾਰ ਦੀ ਨਹੀਂ, ਸਾਰੇ ਸਮਾਜ ਦੀ ਹੈ। ਜੇਕਰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਭੰਵਰ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਹਰ ਇੱਕ ਨਾਗਰਿਕ ਇਸ ਵਿੱਚ ਆਪਣਾ ਯੋਗਦਾਨ ਪਾਵੇ।
ਮਾਨ ਸਰਕਾਰ ਦੀ ਇਹ ਨਵੀਂ ਪਹਿਲ, "ਯੁੱਧ ਨਸ਼ਿਆਂ ਵਿਰੁੱਧ", ਸਿਰਫ਼ ਇੱਕ ਮੁਹਿੰਮ ਨਹੀਂ, ਸਗੋਂ ਪੰਜਾਬੀ ਨੌਜਵਾਨੀ ਦੇ ਰੋਸ਼ਨ ਭਵਿੱਖ ਵੱਲ ਇੱਕ ਦਿਸ਼ਾ ਹੈ। ਇਸ ਮੌਕੇ ਬੀ.ਡੀ.ਪੀ.ਓ. ਤੇ ਐਸ.ਐੱਚ.ਓ. ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਸਰਪੰਚ ਭੁਪਿੰਦਰ ਸਿੰਘ ਲਾਛੜੂ, ਪੰਚ ਮਨਜੀਤ ਕੁਮਾਰ, ਪੰਚ ਪੀਰ ਮੁਹੰਮਦ, ਸੁਖਦੇਵ ਖਾਨ, ਗੁਰਦੇਵ ਸਿੰਘ, ਰਘਬੀਰ ਸਿੰਘ, ਜਸਵਿੰਦਰ ਸਿੰਘ, ਸਲੀਮ ਖਾਨ, ਸੁਖਵੀਰ ਮੁਹੰਮਦ,ਦਵਿੰਦਰ ਸਿੰਘ ਸਰਵਾਰਾ, ਨਰ ਸਿੰਘ ਸਰਪੰਚ ਕਾਮੀ ਖ਼ੁਰਦ, ਦਰਸ਼ਨ ਸਿੰਘ, ਕਰਮ ਸਿੰਘ ਸਰਪੰਚ ਜੰਡ ਮੰਗੋਲੀ, ਜਤਿੰਦਰ ਸਿੰਘ ਜੰਡ ਮੰਗੋਲੀ, ਗੁਰਵਿੰਦਰ ਸਿੰਘ, ਸਰਪੰਚ ਇੰਦਰਜੀਤ ਸਿੰਘ ਸਿਆਲੂ, ਸਰਪੰਚ ਦਵਿੰਦਰ ਸਿੰਘ ਭੰਗੂ, ਸਰਪੰਚ ਪਿੰਦਰ ਬਘੋਰਾ, ਵਿਕਸੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾ ਦੇ ਮੁਹਤਬਰ ਵਿਅਕਤੀ ਅਤੇ ਪਾਰਟੀ ਅਹੁਦੇਦਾਰ ਮੌਜੂਦ ਸਨ।