ਯੁੱਧ ਨਸ਼ਿਆਂ ਵਿਰੁੱਧ’: ਵਾਰਡ ਡਿਫੈਂਸ ਕਮੇਟੀਆਂ ਨੇ ਨਸ਼ਿਆਂ ਨੂੰ ਖ਼ਤਮ ਕਰਨ ਦਾ ਲਿਆ ਪ੍ਰਣ
ਯੁੱਧ ਨਸ਼ਿਆਂ ਵਿਰੁੱਧ’: ਵਾਰਡ ਡਿਫੈਂਸ ਕਮੇਟੀਆਂ ਨੇ ਨਸ਼ਿਆਂ ਨੂੰ ਖ਼ਤਮ ਕਰਨ ਦਾ ਲਿਆ ਪ੍ਰਣ
ਕੈਬਨਿਟ ਮੰਤਰੀ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਮੂਹਿਕ ਯਤਨਾਂ ਦੀ ਕੀਤੀ ਅਪੀਲ
ਜਲੰਧਰ, 20 ਮਈ : ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਤਹਿਤ ਜਲੰਧਰ ’ਚ ਵਾਰਡ ਡਿਫੈਂਸ ਕਮੇਟੀਆਂ ਨੇ ਅੱਜ ਇਸ ਮੁਹਿੰਮ ਨੂੰ ਲੋਕ ਲਹਿਰ ਵਿੱਚ ਤਬਦੀਲ ਕਰਕੇ ਸਮਾਜ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦਾ ਪ੍ਰਣ ਲਿਆ। ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਵਾਰਡ ਨੰ. 48, 49 ਅਤੇ 50 ਵਿੱਚ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਇਸ ਮੁਹਿੰਮ ਨੂੰ ਇਕ ਮੀਲ ਪੱਥਰ ਕਰਾਰ ਦਿੱਤਾ, ਜੋ ਨਸ਼ਿਆਂ ਦੀ ਸਮੱਸਿਆ ’ਤੇ ਆਖਰੀ ਵਾਰ ਸਾਬਤ ਹੋ ਸਕਦੀ ਹੈ।
ਗੁਰਦੁਆਰਾ ਸਾਹਿਬ ਆਦਰਸ਼ ਨਗਰ, ਜੰਝ ਘਰ ਬਸਤੀ ਗੁਜ਼ਾਂ ਅਤੇ ਘਾਹ ਮੰਡੀ ਚੌਕ ਵਿਖੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਵਾਰਡ ਡਿਫੈਂਸ ਕਮੇਟੀਆਂ ਨੂੰ ਜਨਤਾ ਅਤੇ ਸਰਕਾਰ ਵਿਚਾਲੇ ਇਕ ਪੁਲ ਵਜੋਂ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸ਼ੁਰੂ ਕੀਤੀ ਗਈ ‘ਨਸ਼ਾ ਮੁਕਤੀ ਯਾਤਰਾ’ 15,000 ਤੋਂ ਵੱਧ ਪਿੰਡਾਂ ਅਤੇ ਵਾਰਡਾਂ ਤੱਕ ਪਹੁੰਚ ਰਹੀ ਹੈ, ਜਿਸ ਨਾਲ ਪੰਜਾਬ ਭਰ ਵਿੱਚ ਜਨ ਜਾਗਰੂਕਤਾ ਪੈਦਾ ਹੋ ਰਹੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੇ ਨਸ਼ੇ ਦੀ ਸਪਲਾਈ ਚੇਨ ਨੂੰ ਸਫ਼ਲਤਾਪੂਰਵਕ ਤੋੜਿਆ ਹੈ ਅਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਹੁਣ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਫਸੇ ਲੋਕਾਂ ਨੂੰ ਮੁੜ ਸਮਾਜ ਨਾਲ ਜੋੜਨ ਵਿੱਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਮੁੜ ਵਸੇਬੇ ਲਈ ਯਤਨ ਅਤੇ ਕਾਰਵਾਈ ਨਾਲ-ਨਾਲ ਚੱਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਾਰਡ ਡਿਫੈਂਸ ਕਮੇਟੀਆਂ ਜਾਗਰੂਕਤਾ ਫੈਲਾਉਣ ਅਤੇ ਨਸ਼ੇ ਦੇ ਆਦੀ ਵਿਅਕਤੀਆਂ ਦੇ ਇਲਾਜ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਮੁੜ ਸ਼ਾਮਲ ਕਰਨ ਵਿੱਚ ਸਹਾਇਤਾ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣਗੀਆਂ।
ਕੈਬਨਿਟ ਮੰਤਰੀ ਨੇ ਹਾਜ਼ਰੀਨ ਨੂੰ ਨਸ਼ਿਆਂ ਖਿਲਾਫ਼ ਸਹੁੰ ਵੀ ਚੁਕਾਈ, ਜਿੱਥੇ ਵੱਡੀ ਗਿਣਤੀ ਲੋਕਾਂ ਨੇ ਨਸ਼ਿਆਂ ਦੀ ਵਰਤੋਂ ਨਾ ਕਰਨ, ਨਸ਼ਿਆਂ ਦੀ ਵਰਤੋਂ ਨਾ ਕਰਨ ਦੇਣ, ਨਸ਼ਿਆਂ ਦੀ ਵਿਕਰੀ ਅਤੇ ਨਸ਼ਾ ਤਸਕਰਾਂ ਦੀ ਮਦਦ ਕਰਨ ਵਾਲਿਆਂ ਦਾ ਵਿਰੋਧ ਕਰਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਮਦਦ ਕਰਨ ਦਾ ਪ੍ਰਣ ਲਿਆ।
ਐਸ.ਐਚ.ਓ. ਸਾਹਿਲ ਚੌਧਰੀ ਨੇ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਲਈ ਪੂਰੀ ਖੁਦਮੁਖਤਿਆਰੀ ਦਿੱਤੀ ਗਈ ਹੈ। ਉਨ੍ਹਾਂ ਨਾਗਰਿਕਾਂ ਨੂੰ ਵਟਸਐਪ ਹੈਲਪਲਾਈਨ 9779-100-200 ਰਾਹੀਂ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕੋਈ ਵੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ।
ਸਿਹਤ ਵਿਭਾਗ ਦੇ ਨੁਮਾਇੰਦਿਆਂ ਨੇ ਜ਼ਿਲ੍ਹੇ ਵਿੱਚ ਸਿਵਲ ਹਸਪਤਾਲ ਜਲੰਧਰ ਅਤੇ ਨੂਰਮਹਿਲ ਵਿਖੇ ਚੱਲਦੇ ਦੋ ਨਸ਼ਾ ਛੁਡਾਊ ਕੇਂਦਰਾਂ, ਸ਼ੇਖੇ ਪਿੰਡ ਵਿੱਚ ਚੱਲਦੇ ਮੁੜ ਵਸੇਬਾ ਕੇਂਦਰ ਅਤੇ 26 ਓਟ ਕਲੀਨਿਕਾਂ ਸਮੇਤ ਹੋਰ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੋਰ ਸਹਾਇਤਾ ਲਈ ਜ਼ਿਲ੍ਹਾ ਨਸ਼ਾ ਛੁਡਾਊ ਹੈਲਪਲਾਈਨ (0181-2911969) ਵੀ ਉਪਲਬਧ ਹੈ।
ਇਸ ਮੌਕੇ ਹਰਜਿੰਦਰ ਲੱਡਾ, ਜਸਪਾਲ ਕੌਰ ਭਾਟੀਆ, ਹਰਸਿਮਰਨਜੀਤ ਸਿੰਘ ਬੰਟੀ ਸਮੇਤ ਵਾਰਡ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ।