ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਬੱਸ ਅੱਡੇ ’ਤੇ ਚਲਾਈ ਜਾਗਰੂਕਤਾ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਬੱਸ ਅੱਡੇ ’ਤੇ ਚਲਾਈ ਜਾਗਰੂਕਤਾ ਮੁਹਿੰਮ
ਜਲੰਧਰ, 21 ਮਈ : ਲੋਕਾਂ ਨੂੰ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਇਸ ਦੇ ਬਦਲਵੇਂ ਟਿਕਾਊ ਸਾਧਨਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ‘ਕੋਂਬੈਟ ਪਲਾਸਟਿਕ ਪਲਿਊਸ਼ਨ’ ਵਿਸ਼ੇ ਤਹਿਤ ਲੜੀਵਾਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਇਨ੍ਹਾਂ ਗਤੀਵਿਧੀਆਂ ਦੀ ਲੜੀ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਦਫ਼ਤਰ-1 ਵੱਲੋਂ ਐਕਸੀਅਨ ਸੰਦੀਪ ਕੁਮਾਰ ਦੀ ਅਗਵਾਈ ਵਿੱਚ ਮੈ/ਸ ਓਮ ਪਲਪ ਪ੍ਰੋਡਿਊਸਿਜ਼ (ਬਾਇਓਡੀਗ੍ਰੇਡੇਬਲ ਟੇਬਲਵੇਅਰ ਮੈਨੂਫੈਕਚਰਿੰਗ ਯੂਨਿਟ) ਦੇ ਸਹਿਯੋਗ ਨਾਲ ਬੱਸ ਸਟੈਂਡ ਜਲੰਧਰ ਵਿਖੇ ਜਾਗਰੂਕਤਾ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਐਸ.ਡੀ.ਓ. ਮਨਪ੍ਰੀਤ ਸਿੰਘ ਜੌੜਾ ਅਤੇ ਮਨਵਿੰਦਰ ਸਿੰਘ ਹੁੰਦਲ ਵੱਲੋਂ ਦੁਕਾਨਦਾਰਾਂ, ਰੈਸਟੋਰੈਂਟ ਮਾਲਕਾਂ ਅਤੇ ਯਾਤਰੀਆਂ ਸਮੇਤ ਆਮ ਲੋਕਾਂ ਨੂੰ ਇਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੇ ਵਿਕਲਪਾਂ ਜਿਵੇਂ ਬਾਇਓਡੀਗ੍ਰੇਡੇਬਲ ਟੇਬਲਵੇਅਰ ਬਾਰੇ ਜਾਗਰੂਕ ਕਰਦਿਆਂ ਵਾਤਾਵਰਣ ਪੱਖੀ ਵਸਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਉਨ੍ਹਾਂ ਨੇ ਲੋਕਾਂ ਨੂੰ ਇਕ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਉਂਦਿਆਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਕੇ ਵਾਤਾਵਰਣ ਦੀ ਸੰਭਾਲ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਦਾ ਸੱਦਾ ਦਿੱਤਾ।