ਪੈਂਡਿੰਗ ਡਰਾਈਵਿੰਗ ਲਾਇਸੰਸ/ਆਰ.ਸੀ ਨਵਿਆਉਣ ਦੀ ਪ੍ਰਕਿਰਿਆ ਸ਼ੁਰੂ-ਸੇਖੋਂ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਰੀਦਕੋਟ।
ਪੈਂਡਿੰਗ ਡਰਾਈਵਿੰਗ ਲਾਇਸੰਸ/ਆਰ.ਸੀ ਨਵਿਆਉਣ ਦੀ ਪ੍ਰਕਿਰਿਆ ਸ਼ੁਰੂ-ਸੇਖੋਂ
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਉਠਾਇਆ ਸੀ ਮੁੱਦਾ
ਫਰੀਦਕੋਟ 12 ਜੂਨ (2025) ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਦੇ ਲੋਕਾਂ ਨੂੰ ਆਪਣੇ ਵਹੀਕਲਾਂ ਦੇ ਕੰਮ ਸਬੰਧੀ ਆਰ.ਟੀ.ਏ ਫਰੀਦਕੋਟ ਵਿਖੇ ਆ ਰਹੀਆਂ ਮੁਸ਼ਿਕਲਾਂ ਸਬੰਧੀ ਉਨ੍ਹਾਂ ਵੱਲੋਂ ਵਿਧਾਨ ਸਭਾ ਵਿੱਚ ਮੁੱਦਾ ਉਠਾਇਆ ਗਿਆ ਸੀ, ਜਿਸ ਤੇ ਕਾਰਵਾਈ ਕਰਦਿਆਂ ਹੁਣ ਟਰਾਂਸਪੋਰਟ ਮੰਤਰੀ ਸ. ਲਾਲਜੀਤ ਭੁੱਲਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਬੈਕਲਾਗ ਅਤੇ ਆਰ.ਸੀ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲਾਇਸੰਸਧਾਰੀਆਂ ਨੇ ਅਜੇ ਤੱਕ ਆਪਣੇ ਲਾਇਸੰਸ ਦੇ ਤਬਦੀਲੀ ਲਈ ਜ਼ਰੂਰੀ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਏ, ਉਨ੍ਹਾਂ ਨੂੰ ਨਵਿਆਉਣ ਦੀ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਗਈ ਹੈ। ਇਸ ਦੇ ਲਈ ਹੁਣ ਉਨ੍ਹਾਂ ਨੂੰ ਡਰਾਈਵਿੰਗ ਲਾਇਸੰਸ ਨਵਿਆਉਣ ਲਈ ਜਿਹੜੇ ਦਸਤਾਵੇਜਾ ਦੀ ਜਰੂਰਤ ਹੈ, ਉਨ੍ਹਾਂ ਵਿੱਚ ਐਕਜ਼ਿਕਿਊਟਿਵ ਮੈਜਿਸਟਰੇਟ ਕੋਲੋਂ ਸਹੁੰ ਪੱਤਰ, ਜਿਸ ਵਿੱਚ ਲਿਖਿਆ ਹੋਵੇ ਕਿ “ਮੇਰਾ ਲਾਇਸੰਸ ਗੁਮ ਹੋ ਗਿਆ ਹੈ” ਜਾਂ ਲਾਇਸੰਸ ਨਾਲ ਸੰਬੰਧਤ ਹੋਰ ਵਜ੍ਹਾ, ਮੂਲ ਲਾਇਸੰਸ ਜਾਂ ਰਿਕਾਰਡ ਦੀ ਕੋਈ ਪੁਸ਼ਟੀ, ਜਿਵੇਂ ਕਿ ਪ੍ਰੀਖਿਆ ਪਾਸ ਕਰਨ ਦੀ ਪਰਚੀ, ਆਧਾਰ ਕਾਰਡ ਦੀ ਨਕਲ (ਫੋਟੋਕਾਪੀ), ਰਿਹਾਇਸ਼ ਸਬੰਧੀ ਸਬੂਤ, ਜਿਵੇਂ ਕਿ ਵਾਸੀਕਾ, ਬਿਜਲੀ ਬਿੱਲ ਆਦਿ, ਲਾਇਸੰਸ ਜਾਰੀ ਕਰਨ ਵਾਲੀ ਸੰਸਥਾ (ਐਸ.ਡੀ.ਐਮ./ਡੀ.ਟੀ.ਓ) ਕੋਲੋਂ ਹਜ਼ਾਰੀ ਸਬੂਤ ਜਾਂ ਰਿਕਾਰਡ, ਜਿੱਥੋਂ ਲਾਇਸੰਸ ਜਾਰੀ ਹੋਇਆ ਸੀ। ਵਾਹਨ ਦੀ ਮਾਲਕੀ ਸਬੰਧੀ ਰਿਕਾਰਡ (ਜਿਵੇਂ ਆਰ.ਸੀ ਦੀ ਨਕਲ ਜਾਂ ਇਨਸੁਰੈਂਸ ਪਾਲਿਸੀ), ਜੇ ਉਮੀਦਵਾਰ ਕੋਲ ਵਾਹਨ ਹੈ। ਤਿੰਨ ਪਾਸਪੋਰਟ ਸਾਈਜ਼ ਫੋਟੋਆਂ।
ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਨਿਰਧਾਰਿਤ ਸਮੇਂ ਤੱਕ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਏ ਜਾਂਦੇ ਤਾਂ ਉਨ੍ਹਾਂ ਲਾਇਸੰਸਧਾਰੀਆਂ ਦੀ ਜਾਣਕਾਰੀ ਰਿਕਾਰਡ ਤੋਂ ਹਟਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜਿਸ ਵਿਅਕਤੀ ਦੇ ਨਾਮ ਤੇ ਕੰਮ ਹੋਣਾ ਹੈ ਉਸ ਦੀ ਹਾਜ਼ਰੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਆਖਰੀ ਮਿਆਦ ਤੋਂ ਬਾਅਦ ਕੋਈ ਵੀ ਅਰਜ਼ੀ ਕਬੂਲ ਨਹੀਂ ਕੀਤੀ ਜਾਵੇਗੀ। ਸ਼ਰਤਾਂ ਅਧੀਨ ਸਿਰਫ਼ ਉਹੀ ਲਾਇਸੰਸ ਨਵਾਏ ਜਾਣਗੇ ਜਿਨ੍ਹਾਂ ਦੀ ਉਚਿਤ ਜਾਂਚ ਹੋ ਚੁੱਕੀ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਬਿਨਾਂ ਦਸਤਾਵੇਜ਼ਾਂ ਵਾਲੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਜਾਵੇਗਾ।
ਵਿਧਾਇਕ ਸ. ਸੇਖੋਂ ਨੇ ਸਮੂਹ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿੰਨਾਂ ਦਾ ਆਪਣੇ ਵਹੀਕਲਾਂ ਦੀ ਰਜਿਸਟਰੇਸ਼ਨ ਜਾਂ ਆਰ.ਸੀ ਨਾਲ ਸਬੰਧਤ ਕੰਮ ਰਹਿੰਦਾ ਹੈ, ਉਹ ਆਰ.ਟੀ.ਓ ਦਫਤਰ ਫਰੀਦਕੋਟ ਨਾਲ ਸੰਪਰਕ ਕਰਕੇ ਤੁਰੰਤ ਕਰਵਾਉਣ।