ਸਿਹਤ ਵਿਭਾਗ ਵੱਲੋਂ 576 ਮੈਡੀਕਲ ਕੈਂਪਾਂ ਵਿੱਚ 12 ਹਜ਼ਾਰ ਤੋਂ ਵੱਧ ਮਰੀਜਾਂ ਨੂੰ ਵੰਡੀਆਂ ਦਵਾਈਆਂ
ਸਿਹਤ ਵਿਭਾਗ ਵੱਲੋਂ 576 ਮੈਡੀਕਲ ਕੈਂਪਾਂ ਵਿੱਚ 12 ਹਜ਼ਾਰ ਤੋਂ ਵੱਧ ਮਰੀਜਾਂ ਨੂੰ ਵੰਡੀਆਂ ਦਵਾਈਆਂ
ਸਿਹਤ ਵਿਭਾਗ ਲੋਕਾਂ ਦੀ ਸੇਵਾ ਵਿੱਚ 24 ਘੰਟੇ ਕਾਰਜਸ਼ੀਲ - ਡਾ. ਰਾਜਵਿੰਦਰ ਕੌਰ
ਸਿਵਲ ਸਰਜਨ ਨੇ ਪਿੰਡ ਪਛਾੜੀਆਂ ਵਿਖੇ ਪਹੁੰਚ ਕੇ ਹਾਲਾਤਾਂ ਦਾ ਲਿਆ ਜਾਇਜ਼ਾ
ਫ਼ਿਰੋਜ਼ਪੁਰ, 04 ਸਤੰਬਰ:
ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਵੱਲੋਂ ਨਿਰੰਤਰ ਦੌਰੇ ਕਰਕੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੈਡੀਕਲ ਸੇਵਾਵਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਪਿੰਡਾਂ ਤੇ ਰਾਹਤ ਕੈਂਪਾਂ ਵਿੱਚ ਪਹੁੰਚ ਕਰਕੇ ਲੋਕਾਂ ਦਾ ਹਾਲ ਜਾਣਿਆ ਜਾ ਰਿਹਾ ਹੈ। ਸਿਹਤ ਵਿਭਾਗ ਦੀਆ ਟੀਮਾ ਵੱਲੋ ਹੁਣ ਤੱਕ 576 ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 12 ਹਜ਼ਾਰ ਤੋਂ ਵੱਧ ਮਰੀਜਾਂ ਨੂੰ ਦਵਾਈਆਂ ਦਿਤੀਆਂ ਜਾ ਚੁੱਕੀਆਂ ਹਨ।
ਸਤਲੁਜ ਵਿੱਚ ਪਾਣੀ ਦਾ ਪੱਧਰ ਹੋਰ ਵਧਣ ਕਾਰਨ ਪੈਦਾ ਹੋਏ ਹਲਾਤਾਂ ਵਿੱਚ ਲੋਕਾਂ ਨੂੰ ਸਿਹਤ ਪੱਖੋਂ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ, ਇਸ ਲਈ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਅੱਜ ਪਿੰਡ ਪਛਾੜੀਆਂ ਵਿਖੇ ਪੁੱਜ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਅੱਜ ਪਿੰਡ ਪਛਾੜੀਆਂ ਵਿਖੇ ਬੰਨ੍ਹ ਨੂੰ ਮਜ਼ਬੂਤ ਕਰ ਰਹੇ ਪਿੰਡ ਵਾਸੀਆਂ ਦੀ ਸਾਰ ਅਤੇ ਹਲਾਤਾਂ ਦਾ ਜਾਇਜਾ ਲੈਣ ਲਈ ਸਿਵਲ ਸਰਜਨ ਆਪ ਮੌਕੇ ’ਤੇ ਪੁੱਜੇ ਅਤੇ ਬੰਨ੍ਹ ਨੂੰ ਮਜ਼ਬੂਤ ਕਰ ਰਹੇ ਪਿੰਡ ਵਾਸੀਆ ਲਈ ਤੁਰੰਤ ਮੈਡੀਕਲ ਟੀਮ ਨੂੰ ਮੌਕੇ ਤੇ ਸਥਾਪਿਤ ਕੀਤਾ ਗਿਆ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਹੜ੍ਹ ਪ੍ਰਭਾਵਿਤਾਂ ਦੀ ਸੇਵਾ ਵਿੱਚ ਨਿਰੰਤਰ ਕਾਰਜਸ਼ੀਲ ਹੈ।
ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਵਿਭਾਗ ਕੋਲ ਜ਼ਿਲ੍ਹੇ ਵਿੱਚ ਹੜ੍ਹ ਪੀੜਤਾਂ ਲਈ ਦਵਾਈਆਂ ਅਤੇ ਹੋਰ ਸਿਹਤ ਸਹੂਲਤਾਂ ਵਾਸਤੇ ਫੰਡ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤਾਂ ਲਈ ਜ਼ਿਲ੍ਹਾ ਹੈਡਕੁਆਰਟਰ ਵਿੱਚ ਚਾਰ ਮੋਬਾਈਲ ਮੈਡੀਕਲ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ 60 ਮੈਡੀਕਲ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚ ਕਰਕੇ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਰਹੀਆਂ ਹਨ।
ਇਸ ਮੌਕੇ ਡਾ ਸੁਸ਼ਮਾ ਠੱਕਰ ਸਹਾਇਕ ਸਿਵਲ ਸਰਜਨ, ਡਾ. ਮੀਨਾਕਸ਼ੀ ਅਬਰੋਲ ਜ਼ਿਲਾ ਟੀਕਾਕਰਨ ਅਫਸਰ ,ਡਾ ਰਾਜੂ ਚੌਹਾਨ ਐਸ ਐਮ ਓ ਮਮਦੋਟ, ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ, ਵਿਕਾਸ ਕਾਲੜਾ ਪੀ.ਏ. ਸਮੇਤ ਵਿਭਾਗ ਦਾ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।
****