ਮੇਅਰ ਪਦਮਜੀਤ ਸਿੰਘ ਮਹਿਤਾ ਨੇ ਮੀਂਹ ਵਿੱਚ ਰਾਹਤ ਦੇ ਮੱਦੇਨਜ਼ਰ ਵੰਡੀਆਂ 200 ਤਰਪਾਲਾਂ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਠਿੰਡਾ
ਮੇਅਰ ਪਦਮਜੀਤ ਸਿੰਘ ਮਹਿਤਾ ਨੇ ਮੀਂਹ ਵਿੱਚ ਰਾਹਤ ਦੇ ਮੱਦੇਨਜ਼ਰ ਵੰਡੀਆਂ 200 ਤਰਪਾਲਾਂ
ਕ੍ਰਿਸ਼ਨਾ ਕਲੋਨੀ ਵਿੱਚ ਇੰਟਰਲਾਕਿੰਗ ਟਾਈਲਾਂ ਦੇ ਕੰਮ ਦੀ ਸ਼ੁਰੂਆਤ
ਜਨਤਾ ਦੀ ਸਹੂਲਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਉਨ੍ਹਾਂ ਦਾ ਉਦੇਸ਼
ਬਠਿੰਡਾ, 8 ਸਤੰਬਰ : ਮੀਂਹ ਕਾਰਨ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਨੂੰ ਹੋ ਰਹੇ ਨੁਕਸਾਨ ਨੂੰ ਦੇਖਦਿਆਂ, ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਲੋੜਵੰਦਾਂ ਦੀ ਮਦਦ ਲਈ ਇੱਕ ਸ਼ਲਾਘਾਯੋਗ ਕਦਮ ਚੁੱਕਿਆ। ਜਿਨ੍ਹਾਂ ਨੇ ਲਾਈਨਪਾਰ ਇਲਾਕੇ ਅਤੇ ਧੋਬੀਆਣਾ ਬਸਤੀ ਵਿੱਚ ਪਹੁੰਚ ਕੇ ਲਗਭਗ 200 ਤਰਪਾਲਾਂ ਵੰਡੀਆਂ, ਤਾਂ ਜੋ ਗਰੀਬ ਪਰਿਵਾਰ ਮੀਂਹ ਤੋਂ ਸੁਰੱਖਿਅਤ ਰਹਿ ਸਕਣ।
ਇਸ ਮੌਕੇ ਮੇਅਰ ਨੇ ਕਿਹਾ ਕਿ ਨਗਰ ਨਿਗਮ ਸਿਰਫ ਵਿਕਾਸ ਕਾਰਜਾਂ ਤੱਕ ਸੀਮਤ ਨਹੀਂ ਹੈ, ਸਗੋਂ ਮੁਸ਼ਕਲ ਸਮੇਂ ਵਿੱਚ ਜਨਤਾ ਦੇ ਨਾਲ ਖੜ੍ਹਾ ਹੋਣਾ ਵੀ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਉਕਤ ਤਰਪਾਲਾਂ ਨਾਲ ਮੀਂਹ ਤੋਂ ਬਹੁਤ ਰਾਹਤ ਮਿਲੇਗੀ।
ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਹਰ ਨਾਗਰਿਕ ਨੂੰ ਅੱਗੇ ਆ ਕੇ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਕੋਈ ਜਵਾਬ ਨਹੀਂ ਹੈ, ਜਿਨ੍ਹਾਂ ਨੇ ਹਮੇਸ਼ਾ ਸੰਕਟ ਦੇ ਸਮੇਂ ਵਿੱਚ ਪੰਜਾਬ ਦੀ ਮਦਦ ਕੀਤੀ ਹੈ ਅਤੇ ਹੁਣ ਵੀ ਪੰਜਾਬੀ ਆਪਣੇ ਦੁਖੀ ਭਰਾਵਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰ ਰਹੇ ਹਨ।
ਮੇਅਰ ਸ੍ਰੀ ਮਹਿਤਾ ਨੇ ਗੋਪਾਲ ਨਗਰ, ਜੋਗੀ ਨਗਰ, ਧੋਬੀ ਬਾਜ਼ਾਰ, ਲਾਲ ਸਿੰਘ ਨਗਰ ਵਿੱਚ ਵੱਖ-ਵੱਖ ਮੀਟਿੰਗਾਂ ਵਿੱਚ ਵੀ ਹਿੱਸਾ ਲਿਆ। ਉਕਤ ਮੀਟਿੰਗਾਂ ਵਿੱਚ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਉਨ੍ਹਾਂ ਦੇ ਹੱਲ ਲਈ ਜ਼ਰੂਰੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਮੁੱਖ ਉਦੇਸ਼ ਜਨਤਾ ਦੀ ਸਹੂਲਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।
ਉਨ੍ਹਾਂ, ਕ੍ਰਿਸ਼ਨਾ ਕਲੋਨੀ ਵਿੱਚ ਇੰਟਰਲਾਕਿੰਗ ਟਾਈਲਾਂ ਵਿਛਾਉਣ ਦਾ ਕੰਮ ਸ਼ੁਰੂ ਕਰਵਾਇਆ। ਮੇਅਰ ਨੇ ਕਿਹਾ ਕਿ ਇਸ ਕੰਮ ਨਾਲ ਇਲਾਕੇ ਦੇ ਵਸਨੀਕਾਂ ਨੂੰ ਗੰਦਗੀ ਅਤੇ ਪਾਣੀ ਭਰਨ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਅਤੇ ਕਲੋਨੀ ਵਿੱਚ ਇੱਕ ਸਾਫ਼ ਵਾਤਾਵਰਣ ਬਣੇਗਾ। ਇਸ ਦੌਰਾਨ ਸਲਾਹਕਾਰ ਕੌਂਸਲਰ ਸ੍ਰੀ ਸ਼ਾਮ ਲਾਲ ਜੈਨ, ਸ੍ਰੀ ਗੋਬਿੰਦ ਮਸੀਹ, ਸ੍ਰੀ ਅਸੈਸਰ ਪਾਸਵਾਨ ਅਤੇ ਇਲਾਕਾ ਨਿਵਾਸੀ ਉਨ੍ਹਾਂ ਨਾਲ ਮੌਜੂਦ ਸਨ।
ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਸਪੱਸ਼ਟ ਕੀਤਾ ਕਿ ਨਗਰ ਨਿਗਮ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਅਤੇ ਜਨਤਕ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਮੀਂਹ ਅਤੇ ਸੀਵਰੇਜ ਨਾਲ ਸਬੰਧਤ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਇਹ ਸੰਕਲਪ ਹੈ ਕਿ ਬਠਿੰਡਾ ਸ਼ਹਿਰ ਦੇ ਹਰ ਵਾਰਡ ਵਿੱਚ ਵਿਕਾਸ ਕਾਰਜ ਬਰਾਬਰ ਕੀਤੇ ਜਾਣ, ਤਾਂ ਜੋ ਕੋਈ ਵੀ ਖੇਤਰ ਅਣਗੌਲਿਆ ਨਾ ਰਹੇ। ਮੇਅਰ ਸ੍ਰੀ ਮਹਿਤਾ ਨੇ ਨਗਰ ਨਿਗਮ ਸਥਿਤ ਆਪਣੇ ਦਫ਼ਤਰ ਵਿੱਚ ਦਿਨ ਭਰ ਜਨਤਾ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਵੀ ਕਰਵਾਇਆ।