ਪੰਜਾਬ ਵਿਰੁੱਧ ਨਫਰਤ ਤੋਂ ਛੁਟਕਾਰਾ ਪਾਉਣ ਲਈ ਪ੍ਰਧਾਨ ਮੰਤਰੀ ‘ਚਿੰਤਨ ਸ਼ਿਵਰ’ ਵਿੱਚ ਜਾਣ: ਹਰਪਾਲ ਸਿੰਘ ਚੀਮਾ
*ਪੰਜਾਬ ਵਿਰੁੱਧ ਨਫਰਤ ਤੋਂ ਛੁਟਕਾਰਾ ਪਾਉਣ ਲਈ ਪ੍ਰਧਾਨ ਮੰਤਰੀ ‘ਚਿੰਤਨ ਸ਼ਿਵਰ’ ਵਿੱਚ ਜਾਣ: ਹਰਪਾਲ ਸਿੰਘ ਚੀਮਾ*
*ਅਸਲ ਹੜ੍ਹ ਪੀੜਤਾਂ ਨੂੰ ਮਿਲਣ ਦੀ ਬਜਾਏ, ਪ੍ਰਧਾਨ ਮੰਤਰੀ ਪਾਰਟੀ ਵਰਕਰਾਂ ਨੂੰ ਮਿਲਕੇ ਚਲੇ ਗਏ*
*ਪੰਜਾਬ ਪ੍ਰਤੀ ਭਾਜਪਾ ਦੀ ਨਫ਼ਰਤ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ*
*ਕਿਹਾ, ਪੰਜਾਬੀਆਂ ਵੱਲੋਂ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਨੂੰ ਪ੍ਰਧਾਨ ਮੰਤਰੀ ਭੁੱਲ ਨਹੀਂ ਪਾ ਰਹੇ*
*ਪੰਜਾਬ ਦੇ ਕੈਬਨਿਟ ਮੰਤਰੀ ਨਾਲ ਤਲਖੀ ਨੂੰ ਐਲਾਨਿਆ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਬੇਇਜ਼ਤੀ*
ਚੰਡੀਗੜ੍ਹ, 10 ਸਤੰਬਰ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਹਾਲੀਆ ਦੌਰੇ ਦੀ ਨਿੰਦਾ ਕੀਤੀ, ਇਸਨੂੰ ਮਦਦ ਕਰਨ ਦੇ ਸੱਚੇ ਯਤਨ ਦੀ ਬਜਾਏ ਇੱਕ ਰਾਜਨੀਤਿਕ ਪ੍ਰਦਰਸ਼ਨ ਦਾ ਨਾਮ ਦਿੱਤਾ। ਵਿੱਤ ਮੰਤਰੀ ਚੀਮਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਇਸਦੇ ਲੋਕਾਂ ਪ੍ਰਤੀ ਆਪਣੀ "ਨਫ਼ਰਤ" ਤੋਂ ਛੁਟਕਾਰਾ ਪਾਉਣ ਲਈ "ਚਿੰਤਨ ਸ਼ਿਵਿਰ" (ਆਤਮ-ਨਿਰੀਖਣ ਜਾਂ ਚਿੰਤਨ ਲਈ ਸਮਾਂ ਬਿਤਾਉਣ) ਵਿੱਚ ਸ਼ਾਮਲ ਹੋਣ।
ਇੱਥੇ ਪੰਜਾਬ ਭਵਨ ਵਿਖੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੜ੍ਹ ਪ੍ਰਭਾਵਿਤ ਸੂਬੇ ਦੇ ਹਾਲੀਆ ਦੌਰੇ ਦੀ ਤਿੱਖੀ ਆਲੋਚਨਾ ਕਰਦਿਆਂ ਇਸਨੂੰ ਹਮਦਰਦੀ ਅਤੇ ਸਾਰਥਕਤਾ ਤੋਂ ਰਹਿਤ ਇੱਕ ਨਾਟਕੀ ਯਤਨ ਕਿਹਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਫਗਾਨਿਸਤਾਨ ਪ੍ਰਤੀ ਤੁਰੰਤ ਹਮਦਰਦੀ ਅਤੇ 30 ਦਿਨਾਂ ਦੀ ਚੁੱਪੀ ਤੋਂ ਬਾਅਦ ਵੀ ਪੰਜਾਬ ਲਈ ਦੇਰੀ ਨਾਲ ਐਲਾਨੀ ਗਈ 1600 ਕਰੋੜ ਰੁਪਏ ਦੀ ਨਿਗੁਣੀ ਸਹਾਇਤਾ ਵਿਚਕਾਰ ਸਪੱਸ਼ਟ ਅੰਤਰ ਵੱਲ ਇਸ਼ਾਰਾ ਕੀਤਾ। ਉਨ੍ਹਾੰ ਕਿਹਾ ਕਿ ਪੰਜਾਬ ਦੇ ਲੋਕਾਂ, ਜਿਨ੍ਹਾਂ ਨੇ ਸਾਡੇ ਦੇਸ਼ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ, ਨੂੰ ਯਾਦ ਕਰਨ ਲਈ ਪ੍ਰਧਾਨ ਮੰਤਰੀ ਨੂੰ 30 ਦਿਨ ਲੱਗੇ ਜਦੋਂ ਕਿ ਅਫਗਾਨਿਸਤਾਨ ਨੂੰ ਕੁਝ ਘੰਟਿਆਂ ਦੇ ਅੰਦਰ ਹੀ ਹਮਦਰਦੀ ਅਤੇ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ।
ਵਿੱਤ ਮੰਤਰੀ ਚੀਮਾ ਨੇ ਪ੍ਰਧਾਨ ਮੰਤਰੀ ਵਿੱਚ ਹਮਦਰਦੀ ਦੀ ਘਾਟ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਦੁਖੀ ਪਰਿਵਾਰਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ, ਕਿਸਾਨਾਂ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ, ਅਤੇ ਮਜ਼ਦੂਰ ਜਿਨ੍ਹਾਂ ਦੇ ਘਰ ਵਹਿ ਗਏ, ਨਾਲ ਮੁਲਾਕਾਤ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਗਿਆ। ਉਨ੍ਹਾਂ ਅਫਸੋਸ ਪ੍ਰਗਟ ਕੀਤਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਮਾਵਾਂ ਦੇ ਹੰਝੂ ਨਹੀਂ ਪੂੰਝੇ ਜਿਨ੍ਹਾਂ ਦੇ ਪੁੱਤਰ ਮਾਰੇ ਗਏ, ਉਨ੍ਹਾਂ ਭੈਣਾਂ ਦੇ ਹੱਥ ਨਹੀਂ ਫੜੇ ਜਿਨ੍ਹਾਂ ਦੇ ਭਰਾ ਮਾਰੇ ਗਏ, ਉਨ੍ਹਾਂ ਪਤਨੀਆਂ ਦੇ ਨਾਲ ਨਹੀਂ ਖੜ੍ਹੇ ਜਿਨ੍ਹਾਂ ਹੜ੍ਹ ਵਿੱਚ ਪਤੀ ਗਵਾਏ ਅਤੇ ਉਨ੍ਹਾਂ ਬੱਚਿਆਂ ਦਾ ਸਹਾਰਾ ਨਹੀਂ ਬਣੇ ਜਿਨ੍ਹਾਂ ਦੇ ਮਾਪੇ ਚਲੇ ਗਏ, ਅਤੇ ਉਹ ਸਿਰਫ਼ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਪੰਜਾਬ ਆਏ ਸਨ।
ਵਿੱਤ ਮੰਤਰੀ ਨੇ ਉਸ ਘਟਨਾ 'ਤੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਜੋ 20,000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕਰ ਰਹੇ ਸਨ, ਨੂੰ ਕਿਹਾ,"ਆਪਕੋ ਹਿੰਦੀ ਸਮਝ ਨਹੀਂ ਆਤੀ"। ਵਿੱਤ ਮੰਤਰੀ ਚੀਮਾ ਨੇ ਇਸ ਟਿੱਪਣੀ ਨੂੰ ਪੰਜਾਬ, ਇਸਦੇ ਲੋਕਾਂ ਅਤੇ ਪੰਜਾਬੀ ਭਾਸ਼ਾ ਦਾ ਜਾਣਬੁੱਝ ਕੇ ਕੀਤਾ ਗਿਆ ਅਪਮਾਨ ਐਲਾਨਿਆ। ਕੈਬਨਿਟ ਮੰਤਰੀ ਮੁੰਡੀਆਂ ਦੀਆਂ ਪ੍ਰਧਾਨ ਮੰਤਰੀ ਨਾਲ ਤਸਵੀਰਾਂ ਪ੍ਰਦਰਸ਼ਿਤ ਕਰਦੇ ਹੋਏ, ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਤਸਵੀਰ ਸਪੱਸ਼ਟ ਤੌਰ 'ਤੇ ਮੰਤਰੀ ਮੁੰਡੀਆਂ ਦੀ ਮਦਦ ਲਈ ਨਿਮਰ ਅਪੀਲ ਅਤੇ ਪ੍ਰਧਾਨ ਮੰਤਰੀ ਦੇ ਹੰਕਾਰ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪੰਜਾਬੀ ਭਾਸ਼ਾ ਦਾ ਅਪਮਾਨ ਕਰਨਾ ਅਤੇ ਹੜ੍ਹ ਪੀੜਤਾਂ ਪ੍ਰਤੀ ਅੱਖਾਂ ਮੀਟਣਾ, ਪੰਜਾਬ ਪ੍ਰਤੀ ਉਨ੍ਹਾਂ ਦੀ ਨਫ਼ਰਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਿੰਦੀ ਭਾਸ਼ਾ ਦਾ ਸਤਿਕਾਰ ਕਰਦੇ ਹਾਂ ਜੋ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਸਕੂਲਾਂ ਵਿੱਚ ਸਿੱਖੀ ਹੈ, ਪਰ ਭਾਸ਼ਾਈ ਆਧਾਰ 'ਤੇ ਚੁਣੀ ਹੋਈ ਰਾਜ ਸਰਕਾਰ ਦੇ ਕੈਬਨਿਟ ਮੰਤਰੀ ਨੂੰ ਨੀਵਾਂ ਦਿਖਾਉਣਾ ਸਿਰਫ਼ ਹੰਕਾਰ ਨਹੀਂ ਹੈ, ਇਹ ਸੰਘੀਢਾਂਚੇ ਨਾਲ ਧਰੋਹ ਹੈ ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਜੇ ਵੀ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਪ੍ਰਤੀ ਨਾਰਾਜ਼ਗੀ ਰੱਖਦੇ ਹਨ, ਜੋ ਪੰਜਾਬ ਦੇ ਕਿਸਾਨਾਂ ਦੇ ਲੰਬੇ ਵਿਰੋਧ ਤੋਂ ਬਾਅਦ ਵਾਪਸ ਲਏ ਗਏ ਸਨ। ਉਨ੍ਹਾਂ ਕਿਹਾ ਕਿ ਗਲਤੀ ਨਾਲ ਬਣਾਏ ਕਾਨੂੰਨਾਂ ਨੂੰ ਵਾਪਸ ਲੈਣਾ ਕੋਈ ਵੱਡੀ ਗੱਲ ਨਹੀਂ ਹੈ ਅਤੇ ਇਸ ਕਾਰਨ ਕਿਸੇ ਨੂੰ ਆਪਣੇ ਲੋਕਾਂ ਪ੍ਰਤੀ ਨਫ਼ਰਤ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਦਿਲ ਅਤੇ ਦਿਮਾਗ ਵਿੱਚੋਂ ਪੰਜਾਬੀਆਂ ਪ੍ਰਤੀ ਨਫ਼ਰਤ ਨੂੰ ਦੂਰ ਕਰਨ ਲਈ 10 ਦਿਨ ਦਾ ਪਛਤਾਚਾਪ ਕਰਨ।
ਆਪਣੀ ਸੰਬੋਧਨ ਨੂੰ ਸਮਾਪਤ ਕਰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਸਲ ਹੜ੍ਹ ਪ੍ਰਭਾਵਿਤ ਨਾਗਰਿਕਾਂ ਦੀ ਬਜਾਏ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਤੀਨਿਧੀਆਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਨ ਦੇ ਪ੍ਰਧਾਨ ਮੰਤਰੀ ਦੇ ਫੈਸਲੇ ਦੀ ਨਿੰਦਾ ਕੀਤੀ। ਉਨ੍ਹਾਂ ਭਾਜਪਾ ਆਗੂਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਨੂੰ ਮੀਟਿੰਗ ਦੌਰਾਨ ਹੜ੍ਹ ਪੀੜਤਾਂ ਵਜੋਂ ਦਰਸਾਇਆ ਗਿਆ ਸੀ। ਵਿੱਤ ਮੰਤਰੀ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਸਿਰਫ਼ ਆਪਣੇ ਪਾਰਟੀ ਵਰਕਰਾਂ ਨਾਲ ਹੀ ਮਿਲਣਾ ਚਾਹੁੰਦੇ ਸਨ ਤਾਂ ਉਹ ਪੰਜਾਬ ਆਉਣ ਅਤੇ ਇਸ ਨਾਟਕੀ ਸ਼ੋਅ ਨੂੰ ਪੇਸ਼ ਕਰਨ ਦੀ ਬਜਾਏ ਉਨ੍ਹਾਂ ਨੂੰ ਚਾਹ ਪਾਰਟੀ ਲਈ ਦਿੱਲੀ ਬੁਲਾ ਸਕਦੇ ਸਨ।