ਗੁਰਦਾਸਪੁਰ ਯੂਨੀਵਰਸਿਟੀ ਵੱਲੋਂ ਹੜ੍ਹ ਰਾਹਤ ਕਾਰਜਾਂ ਲਈ 3.5 ਲੱਖ ਰੁਪਏ ਦਾ ਯੋਗਦਾਨ
ਗੁਰਦਾਸਪੁਰ ਯੂਨੀਵਰਸਿਟੀ ਵੱਲੋਂ ਹੜ੍ਹ ਰਾਹਤ ਕਾਰਜਾਂ ਲਈ 3.5 ਲੱਖ ਰੁਪਏ ਦਾ ਯੋਗਦਾਨ
• ਯੂਨੀਵਰਸਿਟੀ ਦੇ ਵਫ਼ਦ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਮੁੱਖ ਮੰਤਰੀ ਹੜ੍ਹ ਰਾਹਤ ਫੰਡ ਲਈ ਭੇਟ ਕੀਤਾ ਚੈੱਕ
ਚੰਡੀਗੜ੍ਹ, 14 ਸਤੰਬਰ:
ਏਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਮਿਸਾਲ ਪੇਸ਼ ਕਰਦਿਆਂ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ (ਐਸ.ਬੀ.ਐਸ.ਐਸ.ਯੂ.) ਗੁਰਦਾਸਪੁਰ ਨੇ ਸੂਬੇ ਭਰ ਵਿੱਚ ਚੱਲ ਰਹੇ ਹੜ੍ਹ ਰਾਹਤ ਕਾਰਜਾਂ ਵਿੱਚ ਯੋਗਦਾਨ ਪਾਉਣ ਲਈ ਪੰਜਾਬ ਮੁੱਖ ਮੰਤਰੀ ਹੜ੍ਹ ਰਾਹਤ ਫੰਡ ਵਿੱਚ 3,50,000 ਰੁਪਏ ਦਿੱਤੇ ਹਨ।
ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਐਸ.ਕੇ. ਮਿਸ਼ਰਾ ਦੀ ਅਗਵਾਈ ਵਿੱਚ ਯੂਨੀਵਰਸਿਟੀ ਦੇ ਇੱਕ ਵਫ਼ਦ ਨੇ ਪੰਜਾਬ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਅਤੇ ਹੜ੍ਹ ਰਾਹਤ ਫੰਡ ਲਈ ਚੈੱਕ ਭੇਟ ਕੀਤਾ। ਇਸ ਵਫ਼ਦ ਵਿੱਚ ਰਜਿਸਟਰਾਰ,ਡੀਨ ਅਕਾਦਮਿਕ ਮਾਮਲੇ, ਡੀਨ ਯੋਜਨਾਬੰਦੀ ਤੇ ਵਿਕਾਸ ਅਤੇ ਸਹਾਇਕ ਰਜਿਸਟਰਾਰ ਸਮੇਤ ਹੋਰ ਅਧਿਕਾਰੀ ਸ਼ਾਮਲ ਸਨ।
ਇਹ ਰਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਅਤੇ ਸਟਾਫ ਦੀ ਭਾਗੀਦਾਰੀ ਰਾਹੀਂ ਇਕੱਤਰ ਕੀਤੀ ਗਈ ਸੀ, ਜਿਨ੍ਹਾਂ ਨੇ ਪੰਜਾਬ ਵਿੱਚ ਹਾਲ ਹੀ ‘ਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਆਪਣੀ ਇੱਕ ਦਿਨ ਦੀ ਤਨਖਾਹ ਦਾਨ ਕੀਤੀ।
ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ, "ਇਸ ਚੁਣੌਤੀਪੂਰਨ ਸਮੇਂ ਵਿੱਚ, ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦਾ ਇਹ ਕਦਮ 'ਸਰਬੱਤ ਦੇ ਭਲੇ' ਦੀ ਭਾਵਨਾ ਅਤੇ ਸਮੂਹਿਕ ਜ਼ਿੰਮੇਵਾਰੀ ਦਾ ਪ੍ਰਮਾਣ ਹੈ। ਯੂਨੀਵਰਸਿਟੀ ਦੇ ਫੈਕਲਟੀ ਅਤੇ ਸਟਾਫ ਵੱਲੋਂ ਹਮਦਰਦੀ ਨਾਲ ਪਾਇਆ ਗਿਆ ਇਹ ਯੋਗਦਾਨ, ਹਮਦਰਦੀ ਤੇ ਏਕਤਾ ਵਾਲੇ ਸਮਾਜ ਦੇ ਨਿਰਮਾਣ ਵਿੱਚ ਅਕਾਦਮਿਕ ਸੰਸਥਾ ਦੀ ਮਹੱਤਵਪੂਰਨ ਭੂਮਿਕਾ ਦੀ ਪੁਸ਼ਟੀ ਕਰਦਾ ਹੈ।"
ਡਾ. ਐਸ.ਕੇ. ਮਿਸ਼ਰਾ ਨੇ ਲੋਕ ਭਲਾਈ ਕਾਰਜਾਂ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ 'ਤੇ ਜ਼ੋਰ ਦਿੰਦਿਆਂ ਕਿਹਾ, "ਸਾਨੂੰ ਉਮੀਦ ਹੈ ਕਿ ਸਾਡਾ ਇਹ ਯਤਨ ਹੋਰ ਸੰਗਠਨਾਂ ਅਤੇ ਨਾਗਰਿਕਾਂ ਨੂੰ ਅੱਗੇ ਆਉਣ ਅਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਉਨ੍ਹਾਂ ਦੇ ਜੀਵਨ ਨੂੰ ਮੁੜ ਲੀਹ ‘ਤੇ ਲਿਆਉਣ ਵਿੱਚ ਸਹਾਇਤਾ ਕਰਨ ਲਈ ਪ੍ਰੇਰਿਤ ਕਰੇਗਾ।"
-----------