ਹੜ੍ਹ ਨਾਲ ਪ੍ਰਭਾਵਤ ਕਿਸਾਨਾਂ ਨੂੰ ਤੇਲ ਬੀਜ ਫ਼ਸਲਾਂ ਦਾ ਬੀਜ ਪਹਿਲ ਦੇ ਅਧਾਰ ਤੇ ਦਿੱਤਾ ਜਾਵੇਗਾ: ਮੁੱਖ ਖੇਤੀਬਾੜੀ ਅਫ਼ਸਰ
ਹੜ੍ਹ ਨਾਲ ਪ੍ਰਭਾਵਤ ਕਿਸਾਨਾਂ ਨੂੰ ਤੇਲ ਬੀਜ ਫ਼ਸਲਾਂ ਦਾ ਬੀਜ ਪਹਿਲ ਦੇ ਅਧਾਰ ਤੇ ਦਿੱਤਾ ਜਾਵੇਗਾ: ਮੁੱਖ ਖੇਤੀਬਾੜੀ ਅਫ਼ਸਰ।
ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵਲੋਂ ਦਰਿਆ ਰਾਵੀ ਪਾਰ ਪਿੰਡਾਂ ਦਾ ਦੌਰਾ ਕੀਤਾ ਗਿਆ ।
ਗੁਰਦਾਸਪੁਰ: 21 ਸਤੰਬਰ 2025 () ਰਾਵੀ ਦਰਿਆ ਤੋਂ ਪਾਰ ਪਿੰਡਾਂ ਘਣੀਏ ਕੇ ਬੇਟ,ਗੁਰਚੱਕ, ਲੱਖੋਵਾਲ, ਮਨਸੂਰ ਆਦਿ ਵਿਚ ਹੜ੍ਹ ਦੇ ਪਾਣੀ ਨਾਲ ਝੋਨੇ,ਬਾਸਮਤੀ,ਮੱਕੀ ਅਤੇ ਕਮਾਦ ਆਦਿ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵਲੋਂ ਦੌਰਾ ਕੀਤਾ ਗਿਆ ਇਸ ਦੌਰੇ ਦੌਰਾਨ ਇਸ ਟੀਮ ਵਲੋਂ ਪ੍ਰਭਾਵਤ ਕਿਸਾਨਾਂ ਨਾਲ ਖੇਤਾਂ ਵਿਚ ਜਾ ਕੇ ਗੱਲਬਾਤ ਕੀਤੀ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਬਾਰੇ ਪਤਾ ਕੀਤਾ। ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਅਮਰੀਕ ਸਿੰਘ ਦੀ ਅਗਵਾਈ ਵਾਲੀ ਟੀਮ ਵਿਚ ਬਲਾਕ ਖ਼ੇਤੀਬਾੜੀ ਅਫ਼ਸਰ ਡਾਕਟਰ ਸੁਖਬੀਰ ਸਿੰਘ ਸੰਧੂ ,ਗਗਨਦੀਪ ਸਿੰਘ ਖ਼ੇਤੀਬਾੜੀ ਵਿਕਾਸ ਅਫ਼ਸਰ ਡੇਰਾ ਬਾਬਾ ਨਾਨਕ ਸ਼ਾਮਿਲ ਸਨ। ਇਸ ਤੋਂ ਇਲਾਵਾ ਮਾਸਟਰ ਕੁਲਦੀਪ ਸਿੰਘ,ਗੁਰਇਕਬਾਲ ਸਿੰਘ ਵੀ ਹਾਜ਼ਰ ਸਨ। ਘਣੀਏ ਕੇ ਬੇਟ ਦੇ ਵਸਨੀਕ ਨੌਜਵਾਨ ਕਿਸਾਨ ਹਰਕੰਵਲ ਸਿੰਘ ਰੰਧਾਵਾ ਨੇ ਇਸ ਦੌਰੇ ਵਿਚ ਵਿਸ਼ੇਸ਼ ਸਹਿਯੋਗ ਕੀਤਾ।
ਦੌਰਾਨ ਉਪਰੰਤ ਗੱਲਬਾਤ ਕਰਦਿਆਂ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ 26 ਅਗਸਤ ਨੂੰ ਆਏ ਹੜਾਂ ਦੇ ਪਾਣੀ ਨਾਲ ਇਨਾਂ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ ਹੈ । ਉਨ੍ਹਾਂ ਦਸਿਆ ਕਿ ਫ਼ਸਲਾਂ ਦੇ ਨੁਕਸਾਨ ਦੇ ਨਾਲ ਨਾਲ ਸੜਕਾਂ,ਪਸ਼ੂਆਂ,ਘਰਾਂ ਦਾ ਵੀ ਨੁਕਸਾਨ ਹੋਇਆ ਹੈਂ । ਉਨ੍ਹਾਂ ਦਸਿਆ ਕਿ ਕੁਝ ਖੇਤਾਂ ਵਿਚ ਹੜ੍ਹ ਦਾ ਪਾਣੀ ਅਜੇ ਵੀ 2-3 ਫੁੱਟ ਤੱਕ ਖੜਾ ਹੈ ਜਿਸ ਨਾਲ ਅਗਲੀ ਕਣਕ ਦੀ ਫ਼ਸਲ ਬੀਜਣੀ ਔਖੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਾਂ ਵਿਚੋਂ ਪਾਣੀ ਨਿਕਲਣ ਦੇ ਬਾਵਜੂਦ ਮੁੰਝਰਾਂ ਵਿਚ ਫੋਕੇ ਦਾਣਿਆਂ ਦੀ ਮਾਤਰਾ ਵੱਧ ਰਹਿਣ ਅਤੇ ਦਾਣਿਆਂ ਦੇ ਬਦਰੰਗ ਰਹਿਣ ਕਾਰਨ ਪੈਦਾਵਾਰ ਤੇ ਬਹੁਤ ਬੁਰਾ ਪ੍ਰਭਾਵ ਪਵੇਗਾ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਹੋਈਆਂ ਹਦਾਇਤਾਂ ਅਨੁਸਾਰ ਮਾਲ ਵਿਭਾਗ ਅਤੇ ਖੇਤੀਬਾੜੀ ਵਿਭਾਗ ਵੱਲੋਂ ਵਿਸ਼ੇਸ਼ ਗਿਰਦਾਵਰੀ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਤ ਸਰੋਂ ਦੀ ਖੇਤੀ ਕਰਨ ਵਾਲੇ ਇੱਛੁਕ ਕਿਸਾਨਾਂ ਨੂੰ ਵਿਭਾਗ ਵੱਲੋਂ ਸਰੋਂ ਦਾ ਬੀਜ ਉਪਲਬੱਧ ਕਰਵਾਇਆ ਜਾਵੇਗਾ। ਬਲਾਕ ਖ਼ੇਤੀਬਾੜੀ ਅਫ਼ਸਰ ਡਾਕਟਰ ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਹੜ੍ਹ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਇਸ ਇਲਾਕੇ ਦਾ ਦੌਰਾ ਕੀਤਾ ਗਿਆ ਸੀ ਅਤੇ ਝੋਨੇ ਦੀ ਫ਼ਸਲ ਬਹੁਤ ਵਧੀਆ ਸੀ ਪਰ ਹੁਣ ਸਾਰੀ ਫ਼ਸਲ ਬਰਬਾਦ ਹੋ ਗਈ ਹੈ। ਖੇਤੀਬਾੜੀ ਪਿੰਡ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਭੋਲਾ ਨੇ ਪਿੰਡ ਦੇ ਹਾਲਾਤ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦਸਿਆ ਕਿ ਇਹ ਪਿੰਡ ਰਾਵੀ ਦਰਿਆ ਤੋਂ ਪਾਰ ਪਾਕਿਸਤਾਨ ਸਰਹੱਦ ਦੇ ਬਿੱਲਕੁਲ ਨਾਲ ਲਗਦਾ ਹੈ। ਉਨ੍ਹਾਂ ਦਸਿਆ ਕਿ ਪਿੰਡ ਘਣੀਏ ਕੇ ਬੇਟ ਵਿੱਚ ਹੜ੍ਹਾਂ ਦਾ ਪਾਣੀ ਘਟਣ ਤੋਂ ਬਾਅਦ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ ਅਤੇ ਜੇਕਰ ਕੋਈ ਫ਼ਸਲ ਖੜੀ ਹਰੀ ਦਿਖਾਈ ਦਿੰਦੀ ਹੈ ਤਾਂ ਮੁੰਝਰਾਂ ਵਿਚ ਫ਼ੋਕ ਬਹੁਤ ਵਧ ਗਈ ਹੈ ਅਤੇ ਦਾਣੇ ਬਦਰੰਗ ਹੋ ਗਏ ਹਨ। ਇਸ ਪਿੰਡ ਵਿੱਚ ਲਗਭਗ 2000 ਹੈਕਟੇਅਰ ਰਕਬੇ ਵਿੱਚ ਝੋਨੇ,ਬਾਸਮਤੀ ਅਤੇ ਹੋਰ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਜੰਗਲੀ ਜਾਨਵਰਾਂ,ਪੰਛੀਆਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਦਸਿਆ ਕਿ ਸੜਕਾਂ ਟੁੱਟ ਗਈਆਂ ਹਨ। ਦਰੱਖ਼ਤ ਜੜ੍ਹੋਂ ਪੁੱਟੇ ਗਏ ਹਨ। ਉਨ੍ਹਾਂ ਦਸਿਆ ਕਿ ਇਸ ਇਲਾਕੇ ਵਿਚ ਪਾਪੂਲਰ ਦੇ ਬੂਟਿਆਂ ਨੂੰ ਨੁਕਸਾਨ ਘੱਟ ਹੋਇਆ ਹੈ ਅਤੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਸ ਇਲਾਕੇ ਵਿਚ ਕਿਸਾਨਾਂ ਦਾ ਰੁਝਾਨ ਪਾਪੂਲਰ ਦੀ ਖੇਤੀ ਵੱਲ ਵਧ ਸਕਦਾ ਹੈ।