ਪਿੰਡ ਘਨੌਰੀ ਕਲਾਂ ਵਿਖੇ ਕਮਿਊਨਿਟੀ ਹਾਲ ਅਤੇ ਪਿੰਡ ਜਹਾਂਗੀਰ ਵਿਖੇ ਪੰਚਾਇਤ ਭਵਨ ਦਾ ਉਦਘਾਟਨ
ਪਿੰਡ ਘਨੌਰੀ ਕਲਾਂ ਵਿਖੇ ਕਮਿਊਨਿਟੀ ਹਾਲ ਅਤੇ ਪਿੰਡ ਜਹਾਂਗੀਰ ਵਿਖੇ ਪੰਚਾਇਤ ਭਵਨ ਦਾ ਉਦਘਾਟਨ
- 43 ਪਿੰਡਾਂ ਨੂੰ ਫੌਗਿੰਗ ਮਸ਼ੀਨਾਂ ਵੰਡੀਆਂ
- ਪੰਜਾਬ ਸਰਕਾਰ ਹਲਕਾ ਧੂਰੀ ਵਾਸੀਆਂ ਨੂੰ ਹਰੇਕ ਸਹੂਲਤ ਮੁਹਈਆ ਕਰਵਾਉਣ ਲਈ ਵਚਨਬੱਧ - ਓ ਐਸ ਡੀ ਸੁਖਵੀਰ ਅਤੇ ਚੇਅਰਮੈਨ ਢਿੱਲੋਂ
ਬੱਬਨਪੁਰ/ਜਹਾਂਗੀਰ/ਘਨੌਰੀ ਕਲਾਂ, 22 ਸਤੰਬਰ (000) - ਪੰਜਾਬ ਸਰਕਾਰ ਵੱਲੋਂ ਹਰੇਕ ਪਿੰਡ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨ ਦੇ ਉਪਰਾਲੇ ਤਹਿਤ ਹਲਕਾ ਧੂਰੀ ਦੇ ਪਿੰਡ ਘਨੌਰੀ ਕਲਾਂ ਵਿਖੇ ਕਮਿਊਨਿਟੀ ਹਾਲ ਅਤੇ ਪਿੰਡ ਜਹਾਂਗੀਰ ਵਿਖੇ ਪੰਚਾਇਤ ਭਵਨ- ਕਮ- ਡਿਜੀਟਲ ਲਾਇਬਰੇਰੀ ਦਾ ਉਦਘਾਟਨ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਬੱਬਨਪੁਰ ਕੀਤੇ ਗਏ ਇਕ ਸੰਖੇਪ ਸਮਾਗਮ ਦੌਰਾਨ ਹਲਕੇ ਦੇ 43 ਪਿੰਡਾਂ ਨੂੰ ਫੌਗਿੰਗ ਮਸ਼ੀਨਾਂ ਵੀ ਵੰਡੀਆਂ ਗਈਆਂ। ਇਹਨਾਂ ਤਿੰਨਾਂ ਸਮਾਗਮਾਂ ਦੇ ਮੁੱਖ ਮਹਿਮਾਨ ਸ੍ਰ ਸੁਖਵੀਰ ਸਿੰਘ ਓ ਐੱਸ ਡੀ ਮੁੱਖ ਮੰਤਰੀ ਪੰਜਾਬ ਅਤੇ ਸ੍ਰ ਦਲਵੀਰ ਸਿੰਘ ਢਿੱਲੋਂ ਚੇਅਰਮੈਨ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਸਨ।
ਸੁਖਵੀਰ ਸਿੰਘ ਅਤੇ ਦਲਵੀਰ ਸਿੰਘ ਢਿੱਲੋਂ ਨੇ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਘਨੌਰੀ ਕਲਾਂ ਵਿਖੇ ਲੋਕਾਂ ਨੂੰ ਵੱਖ ਵੱਖ ਸਮਾਗਮ ਕਰਵਾਉਣ ਲਈ 40 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹਾਲ ਅਤੇ ਪਿੰਡ ਜਹਾਂਗੀਰ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤ ਭਵਨ- ਕਮ- ਡਿਜੀਟਲ ਲਾਇਬਰੇਰੀ ਦਾ ਉਦਘਾਟਨ ਕੀਤਾ ਗਿਆ ਹੈ। ਇਸ ਤਰ੍ਹਾਂ ਦੋਵੇਂ ਪਿੰਡਾਂ ਦੀਆਂ ਲੰਮੇ ਸਮੇਂ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਆਦੇਸ਼ ਉੱਤੇ ਪੂਰਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਚਾਲੂ ਹੋਣ ਨਾਲ ਲੋਕਾਂ ਨੂੰ ਬਹੁਤ ਲਾਭ ਮਿਲੇਗਾ।
ਉਹਨਾਂ ਕਿਹਾ ਕਿ ਭਾਰੀ ਮੀਂਹ ਕਾਰਨ ਹਲਕਾ ਧੂਰੀ ਵਿੱਚ ਵੀ ਕਈ ਦਿਨ ਹੜ੍ਹ ਵਰਗੇ ਹਾਲਾਤ ਬਣੇ ਰਹੇ। ਗੰਦਾ ਪਾਣੀ ਥਾਂ ਥਾਂ ਇਕੱਠਾ ਹੋਣ ਕਾਰਨ ਕਈ ਇਲਾਕਿਆਂ ਵਿੱਚ ਮੱਛਰਾਂ ਦੀ ਭਰਮਾਰ ਦੀਆਂ ਖਬਰਾਂ ਮਿਲੀਆਂ ਸਨ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਹੁਕਮਾਂ ਉੱਤੇ 43 ਪਿੰਡਾਂ ਨੂੰ 9 ਲੱਖ 67 ਹਜ਼ਾਰ 500 ਰੁਪਏ ਦੀ ਲਾਗਤ ਨਾਲ ਫੌਗਿੰਗ ਮਸ਼ੀਨਾਂ ਪਿੰਡ ਵਾਸੀਆਂ ਨੂੰ ਸਪੁਰਦ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਣ ਵਿੱਚ ਸਹਾਇਤਾ ਮਿਲੇਗੀ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੁਆਰਾ ਚੁਣੀ ਗਈ ਲੋਕਾਂ ਦੀ ਸਰਕਾਰ ਹੈ। ਪੰਜਾਬ ਸਰਕਾਰ ਹਰੇਕ ਕੰਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਲਕਾ ਧੂਰੀ ਵਾਸੀਆਂ ਨੂੰ ਹਰੇਕ ਸਹੂਲਤ ਮੁਹਈਆ ਕਰਵਾਉਣ ਲਈ ਦ੍ਰਿੜ ਵਚਨਬੱਧ ਹੈ। ਉਹਨਾਂ ਕਿਹਾ ਕਿ ਲੋਕਾਂ ਵੱਲੋਂ ਵੀ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਜਿਸ ਲਈ ਲੋਕਾਂ ਦਾ ਬਹੁਤ ਧੰਨਵਾਦ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਹਲਕੇ ਦੇ ਲੋ
ਕ ਹਾਜ਼ਰ ਸਨ।