ਡਿਪਟੀ ਕਮਿਸ਼ਨਰ ਨੇ ਕੀਤਾ ਗੱਤਾ ਫੈਕਟਰੀ ਦਾ ਦੌਰਾ, ਝੋਨੇ ਦੀ ਪਰਾਲੀ ਨਾਲ ਬਣਾਇਆ ਜਾਂਦਾ ਹੈ ਗੱਤਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਬਰਨਾਲਾ
--ਡਿਪਟੀ ਕਮਿਸ਼ਨਰ ਨੇ ਕੀਤਾ ਗੱਤਾ ਫੈਕਟਰੀ ਦਾ ਦੌਰਾ, ਝੋਨੇ ਦੀ ਪਰਾਲੀ ਨਾਲ ਬਣਾਇਆ ਜਾਂਦਾ ਹੈ ਗੱਤਾ
--ਧਨੌਲਾ ਖੁਰਦ ਵਿਖੇ ਕਿਸਾਨ ਸੁਖਵਿੰਦਰ ਸਿੰਘ ਦੇ ਖੇਤਾਂ ਦਾ ਲਿਆ ਜਾਇਜ਼ਾ
--ਕਿਸਾਨ ਵੀਰ ਝੋਨੇ ਦਾ ਪ੍ਰਬੰਧਨ ਬਿਨਾਂ ਅੱਗ ਲਗਾਏ ਖੇਤਾਂ 'ਚ ਕਰਨ, ਡਿਪਟੀ ਕਮਿਸ਼ਨਰ
ਬਰਨਾਲਾ, 19 ਅਕਤੂਬਰ
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਪਿੰਡ ਭੈਣੀ ਜੱਸਾ ਵਿਖੇ ਗੱਤਾ ਫੈਕਟਰੀ ਦਾ ਦੌਰਾ ਕੀਤਾ । ਇਸ ਗੱਤਾ ਫੈਕਟਰੀ ਵਿਖੇ ਝੋਨੇ ਦੀ ਪਰਾਲੀ ਦਾ ਗੱਤਾ ਬਣਾਇਆ ਜਾਂਦਾ ਹੈ ਜਿਸ ਨਾਲ ਆਸ ਪਾਸ ਦੇ ਕਿਸਾਨਾਂ ਨੂੰ ਪ੍ਰਾਲ ਨੂੰ ਅੱਗ ਲਗਾਉਣ ਦੀ ਲੋੜ ਨਹੀਂ ਪੈਂਦੀ ਅਤੇ ਉਹ ਬੇਲਰਾਂ ਦੀ ਮਦਦ ਰਾਹੀਂ ਪ੍ਰਾਲ ਦੀਆਂ ਪੰਡਾਂ ਬਣਾ ਕੇ ਇਸ ਫੈਕਟਰੀ ਵਿਖੇ ਵੇਚ ਦਿੰਦੇ ਹਨ।
ਇਸ ਮੌਕੇ ਵਧੇਰੀ ਜਾਣਕਾਰੀ ਦਿੰਦਿਆਂ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਇਸ ਫੈਕਟਰੀ ਵਿਖੇ 5000 ਮੀਟ੍ਰਿਕ ਟਨ ਝੋਨੇ ਦੀ ਪਰਾਲੀ ਦੀ ਖੋਟ ਹੰਦੀ ਹੈ ਜਿਸ ਲਈ ਫੈਕਟਰੀ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨਾਲ ਤਾਲਮੇਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਫੈਕਟਰੀ ਵਿਖੇ ਬਾਨਾਂ ਵਾਲਾ ਗੱਤਾ ਵੱਖ ਵੱਖ ਖਾਣ ਵਾਲੀ ਚੀਜਾਂ ਦੀ ਪੈਕਿੰਗ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਨਾਲਾ ‘ਚ 14 ਥਾਂਵਾਂ ਉੱਤੇ ਤੈਅ ਕੀਤੇ ਗਏ ਸਟੋਰੇਜ ਡੰਪ ਵਿਖੇ ਬੇਲਰਾਂ ਦੀ ਮਦਦ ਨਾਲ ਪਰਾਲੀ ਭੇਜਣ। ਉਨ੍ਹਾਂ ਦੱਸਿਆ ਕਿ ਕਿਸਾਨ ਵੀਰ ਪਰਾਲੀ ਨੂੰ ਵੇਚ ਕਿ ਨਾ ਸਿਰਫ ਮੁਨਾਫ਼ਾ ਕਮਾ ਸਕਦੇ ਹਨ ਬਲਕਿ ਨਾਲ ਹੀ ਵਾਤਾਵਰਣ ਨੂੰ ਵੀ ਗੰਧਲਾ ਹੋਣ ਤੋਂ ਬਚਾਅ ਸਕਦੇ ਹਨ।
ਉਨ੍ਹਾਂ ਪਿੰਡ ਧਨੌਲਾ ਖੁਰਦ ਵਿਖੇ ਕਿਸਾਨ ਸੁਖਵਿੰਦਰ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ। ਕਿਸਾਨ ਸੁਖਵਿੰਦਰ ਸਿੰਘ ਲਗਭਗ 200 ਏਕੜ ਦੀ ਖੇਤੀ ਕਰਦਾ ਹੈ। ਜਿਸ ਵਿੱਚੋਂ 150 ਏਕੜ ਵਿੱਚ ਉਹ ਮਲਚਰ ਫੇਰ ਕੇ ਆਲੂਆਂ ਦੀ ਬਿਜਾਈ ਕਰਦਾ ਹੈ। 50 ਏਕੜ ਵਿੱਚ ਕਣਕ ਦੀ ਕਾਸ਼ਤ ਕਰਦਾ ਹੈ। ਕਿਸਾਨ ਦੇ ਖੇਤ ਵਿੱਚ ਸੁਪਰ ਐਸ.ਐਮ.ਐਸ ਨਾਲ ਕੰਬਾਈਨ ਚੱਲ ਰਹੀ ਸੀ । ਕਿਸਾਨ ਵੱਲੋਂ ਕੀਤੇ ਜਾ ਰਹੇਂ ਕੰਮ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਕੇ ਬਾਕੀ ਦੇ ਕਿਸਾਨ ਵੀਰਨਾ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਖੇਤਾਂ ਵਿੱਚ ਝੋਨੇ ਦੀ ਵਾਢੀ ਲਈ ਕੇਵਲ ਸੁਪਰ ਐਸ.ਐਮ.ਐਸ ਵਾਲੀ ਕੰਬਾਈਨ ਦੀ ਹੀ ਵਰਤੋਂ ਕਰਨ।
ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਨਿਥ ਨੇ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਮਸ਼ੀਨਰੀ ਨਾਲ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਕੰਟਰੋਲ ਰੂਮ (ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ) 01679-233031 ਨੰਬਰ 'ਤੇ ਜਾਂ ਬਲਾਕ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਪਰ ਐਸ ਐਮ ਐਸ ਤੋਂ ਬਿਨਾਂ ਕੋਈ ਵੀ ਕੰਬਾਈਨ ਹਾਰਵੈਸਟਰ ਨਹੀਂ ਚਲਾਉਣਾ ਚਾਹੀਦਾ। ਸ਼ਾਮ 6 ਵਜੇ ਤੋਂ 10 ਵਜੇ ਤੱਕ ਵਾਢੀ ਦੀ ਸਖ਼ਤ ਮਨਾਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ 7 ਲੱਖ ਰੁਪਏ ਦੇ ਕਿਸਾਨਾਂ ਲਈ ਲੱਕੀ ਡਰਾਅ ਵੀ ਕੱਢ ਰਿਹਾ ਹੈ, ਜਿਸ ਲਈ ਕਿਸਾਨ 20 ਅਕਤੂਬਰ ਤੱਕ ਰਜਿਸਟਰ ਕਰ ਸਕਦੇ ਹਨ। ਇਸ ਲਈ ਕਿਸਾਨਾਂ ਨੂੰ https://pahunch.in/lucky_draw_registration_2025 'ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਪਵੇਗਾ। ਜਿਨ੍ਹਾਂ ਨੇ ਪਹਿਲਾਂ ਹੀ ਆਪਣੇ ਆਪ ਨੂੰ ਰਜਿਸਟਰ ਕਰ ਲਿਆ ਹੈ, ਉਨ੍ਹਾਂ ਨੂੰ ਆਪਣੇ ਖੇਤ ਦੀਆਂ ਤਸਵੀਰਾਂ ਅਪਲੋਡ ਕਰਨੀਆਂ ਚਾਹੀਦੀਆਂ ਹਨ - ਇੱਕ ਖੜ੍ਹੀ ਫਸਲ ਦੀ, ਦੂਜੀ ਵਾਢੀ ਦੇ ਦਿਨ ਦੀ ਅਤੇ ਤੀਜੀ ਉਸ ਜਗ੍ਹਾ ਦੀ ਜਿੱਥੇ ਪਰਾਲੀ ਨੂੰ ਸਟੋਰ ਕੀਤਾ ਗਿਆ ਹੈ।
ਇਸ ਮੌਕੇ ਹਰਪ੍ਰੀਤ ਸਿੰਘ, ਕੁਲਦੀਪ ਗਰੇਵਾਲ ਸੋਨੀ ਸਰਪੰਚ ਕੋਠੇ ਗੁਰੂ ਅਤੇ ਕੁਲਦੀਪ ਸਿੰਘ ਕਿਸਾਨ ਹਾਜ਼ਰ ਸਨ।
ਇਨ੍ਹਾਂ ਤੋਂ ਇਲਾਵਾ ਕਰਮਨਦੀਪ ਸਿੰਘ ਸਿੱਧੂ ਇੰਜੀਨੀਅਰ ਗਰੇਡ 1, ਬੇਅੰਤ ਸਿੰਘ ਇੰਜੀਨੀਅਰ ਗਰੇਡ, ਸੁਨੀਤਾ ਸ਼ਰਮਾ ਖੇਤੀਬਾੜੀ ਵਿਭਾਗ ਅਤੇ ਪਿੰਡ ਦੀ ਪੰਚਾਇਤ ਹਾਜ਼ਰ ਸਨ।