ਮਰਦਾਂ ਦੇ ਗਿੱਧੇ ਨੇ ਘੋੜਸਵਾਰੀ ਮੇਲੇ ਵਿੱਚ ਪਾਈਆਂ ਧਮਾਲਾਂ 70 ਦੇ ਪਾਰ ਬਾਬਿਆਂ ਨੇ ਨੱਚ–ਨੱਚ ਕੇ ਪੱਟੀਆਂ ਧੂੜਾਂ
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਮਰਦਾਂ ਦੇ ਗਿੱਧੇ ਨੇ ਘੋੜਸਵਾਰੀ ਮੇਲੇ ਵਿੱਚ ਪਾਈਆਂ ਧਮਾਲਾਂ
70 ਦੇ ਪਾਰ ਬਾਬਿਆਂ ਨੇ ਨੱਚ–ਨੱਚ ਕੇ ਪੱਟੀਆਂ ਧੂੜਾਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ:
ਪੱਲਣਪੁਰ ਵਿੱਚ ਜਾਰੀ ਤਿੰਨ ਰੋਜ਼ਾ ਪੰਜਾਬ ਘੋੜਸਵਾਰੀ ਮੇਲੇ ਵਿੱਚ ਜਿੱਥੇ ਵੱਖ–ਵੱਖ ਨਸਲਾਂ ਦੇ ਘੋੜੇ, ਮੇਲੇ ਦਾ ਸ਼ਿੰਗਾਰ ਬਣੇ ਹੋਏ ਹਨ, ਉੱਥੇ ਹੀ ਲੋਕ-ਸੱਭਿਆਚਾਰ ਦੀਆਂ ਰੰਗ-ਬਰੰਗੀਆਂ ਵੰਨਗੀਆਂ ਨੇ ਸਮੂਹ ਮੇਲੀਆਂ ਨੂੰ ਆਪਣੇ ਰੰਗ ਵਿੱਚ ਰੰਗ ਦਿੱਤਾ ਹੈ।
ਸੱਭਿਆਚਾਰਕ ਗਤੀਵਿਧੀਆਂ ਦੇ ਮੇਜ਼ਬਾਨ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਅਤੇ ਮੇਲਾ ਅਫ਼ਸਰ–ਕਮ–ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ ਦੀ ਅਗਵਾਈ ਵਿੱਚ ਰੰਗਲੇ ਪੰਜਾਬ ਦੀ ਸਿਰਜਣਾ ਵਾਸਤੇ ਵਿਰਾਸਤੀ ਲੋਕ-ਨਾਚ ਅਤੇ ਲੋਕ-ਕਲਾਵਾਂ ਨੂੰ ਵੀ ਪੂਰਾ ਮੰਚ ਮੁੱਹਈਆ ਕਰਵਾਇਆ ਜਾ ਰਿਹਾ ਹੈ।
ਮਾਲਵਾ ਆਰਟ ਐਂਡ ਕਲਚਰ ਸੋਸਾਇਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬਾਬਿਆਂ ਨੇ ਮਰਦਾਂ ਦਾ ਗਿੱਧਾ ਪਾ ਕੇ ਸਾਰੇ ਮੇਲੀਆਂ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ। ਪ੍ਰੀਤਮ ਸਿੰਘ ਰੂਪਾਲ ਦੀ ਅਗਵਾਈ ਵਿੱਚ 70 ਸਾਲ ਦੀ ਉਮਰ ਪਾਰ ਕਰ ਚੁੱਕੇ ਬਾਬਿਆਂ ਨੇ, ਮਾਲਵੇ ਦੀਆਂ ਠੇਠ ਬੋਲੀਆਂ ਦੇ ਨਾਲ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਖੂਬਸੂਰਤੀ ਨਾਲ ਦਰਸਾਇਆ।
ਮਲਵਈ ਬੋਲੀਆਂ ਵਿੱਚ ਪੰਜਾਬ ਦੇ ਪਿੰਡਾਂ ਦੀ ਰੌਣਕ, ਲੋਕ-ਕਲਾਵਾਂ ਅਤੇ ਮਿੱਠੀ ਨੋਕ-ਝੋਕ ਦਾ ਸੁਮੇਲ ਦੇਖ ਕੇ ਖੁਸ਼ ਹੋਏ ਮੁੱਖ ਮਹਿਮਾਨ, ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 11,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ।
ਪ੍ਰੋ. ਅੰਟਾਲ ਨੇ ਦੱਸਿਆ ਕਿ ਪੰਜਾਬ ਦੀ ਵਿਰਾਸਤ ਸੰਭਾਲਣ ਅਤੇ ਇਸਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਬਲਵੀਰ ਸਿੰਘ ਭਿਊਰਾ, ਪ੍ਰੀਤਮ ਰੂਪਾਲ ਅਤੇ ਭੋਲਾ ਕਲਹਿਰੀਆ ਦੀ ਟੀਮ ਲਗਾਤਾਰ ਯਤਨਸ਼ੀਲ ਹੈ।