ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ 'ਚ ਭਾਜਪਾ ਨੂੰ ਮਿਲੀ ਮਜ਼ਬੂਤੀ; ਬਲਾਕ ਸੰਮਤੀ ਚੋਣ ਲੜੇ ਫਤਿਹ ਸਿੰਘ ਧੀਰੇਮਾਜਰਾ ਸਾਥੀਆਂ
ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ 'ਚ ਭਾਜਪਾ ਨੂੰ ਮਿਲੀ ਮਜ਼ਬੂਤੀ; ਬਲਾਕ ਸੰਮਤੀ ਚੋਣ ਲੜੇ ਫਤਿਹ ਸਿੰਘ ਧੀਰੇਮਾਜਰਾ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ
ਲਾਲੜੂ /19 ਦਸੰਬਰ (ਜਸਬੀਰ ਸਿੰਘ )
ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਵਿੱਚ ਅੱਜ ਉਸ ਵੇਲੇ ਵੱਡਾ ਵਾਧਾ ਹੋਇਆ ਜਦੋਂ ਸੀਨੀਅਰ ਭਾਜਪਾ ਆਗੂ ਅਤੇ ਸਮਾਜ ਸੇਵੀ ਸ. ਗੁਰਦਰਸ਼ਨ ਸਿੰਘ ਸੈਣੀ ਦੀ ਪ੍ਰੇਰਨਾ ਅਤੇ ਅਗਵਾਈ ਹੇਠ ਬਲਾਕ ਸੰਮਤੀ ਚੋਣ ਲੜ ਚੁੱਕੇ ਇੰਜਨੀਅਰ ਫਤਿਹ ਸਿੰਘ ਧੀਰੇਮਾਜਰਾ ਆਪਣੇ ਸਾਥੀਆਂ ਸਮੇਤ ਅਧਿਕਾਰਤ ਤੌਰ 'ਤੇ ਭਾਜਪਾ ਵਿੱਚ ਸ਼ਾਮਿਲ ਹੋ ਗਏ।
ਸ੍ਰੀ ਸੈਣੀ ਨੇ ਫਤਿਹ ਸਿੰਘ ਧੀਰੇਮਾਜਰਾ ਅਤੇ ਉਹਨਾਂ ਨਾਲ ਰੁਪਿੰਦਰ ਕੌਰ, ਕੁਲਵਿੰਦਰ ਸਿੰਘ, ਭੋਪਾਲ ਸ਼ਰਮਾ, ਕ੍ਰਿਸ਼ਨਾ ਦੇਵੀ, ਗੁਰਵਿੰਦਰ ਸਿੰਘ, ਗੁਰਤੇਜ ਸਿੰਘ ਆਦਿ ਨੂੰ ਸਿਰੋਪਾਓ ਪਾ ਕੇ ਪਾਰਟੀ ਵਿੱਚ ਜੀ ਆਇਆਂ ਨੂੰ ਕਿਹਾ। ਇਸ ਮੌਕੇ ਸੈਣੀ ਨੇ ਕਿਹਾ ਕਿ ਫਤਿਹ ਸਿੰਘ ਵਰਗੇ ਪੜ੍ਹੇ ਲਿਖੇ ਅਤੇ ਲੋਕਾਂ ਵਿੱਚ ਵਿਚਰਨ ਵਾਲੇ ਆਗੂਆਂ ਦੇ ਆਉਣ ਨਾਲ ਇਲਾਕੇ ਵਿੱਚ ਪਾਰਟੀ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋਣਗੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਰ ਵਰਗ ਦੇ ਲੋਕ ਭਾਜਪਾ ਨਾਲ ਜੁੜ ਰਹੇ ਹਨ।
ਉਹਨਾਂ ਕਿਹਾ ਕਿ ਫਤਿਹ ਸਿੰਘ ਧੀਰੇਮਾਜਰਾ ਨੇ ਬਲਾਕ ਸੰਮਤੀ ਚੋਣਾਂ ਵਿੱਚ ਬਸੌਲੀ ਜੋਨ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਉਨ੍ਹਾਂ ਨੇ ਆਪਣੀ ਨਿੱਜੀ ਪਕੜ ਦਿਖਾਉਂਦੇ ਹੋਏ 239 ਵੋਟਾਂ ਹਾਸਲ ਕੀਤੀਆਂ ਸਨ। ਇਸ ਕਾਰਗੁਜ਼ਾਰੀ ਨੇ ਸਾਬਿਤ ਕੀਤਾ ਹੈ ਕਿ ਇਲਾਕੇ ਦੇ ਲੋਕਾਂ ਵਿੱਚ ਉਨ੍ਹਾਂ ਦਾ ਚੰਗਾ ਆਧਾਰ ਹੈ ਜਿਸ ਦਾ ਫਾਇਦਾ ਹੁਣ ਭਾਜਪਾ ਨੂੰ ਮਿਲਣ ਦੀ ਉਮੀਦ ਹੈ।
ਇਸ ਮੌਕੇ ਇੰਜ. ਫਤਿਹ ਸਿੰਘ ਨੇ ਕਿਹਾ ਕਿ ਉਹਨਾਂ ਸ ਗੁਰਦਰਸ਼ਨ ਸਿੰਘ ਸੈਣੀ ਜੀ ਦੀ ਕਾਰਜਸ਼ੈਲੀ ਅਤੇ ਭਾਜਪਾ ਦੀ ਦੇਸ਼ ਹਿੱਤ ਵਾਲੀ ਸੋਚ ਤੋਂ ਪ੍ਰਭਾਵਿਤ ਹੋ ਕੇ ਇਹ ਫੈਸਲਾ ਲਿਆ ਹੈ। ਉਹ ਪਾਰਟੀ ਵੱਲੋਂ ਦਿੱਤੀ ਗਈ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਇਲਾਕੇ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕਰਨਗੇ। ਇਸ ਮੌਕੇ ਪੁਸ਼ਪਿੰਦਰ ਮਹਿਤਾ, ਹਰਪ੍ਰੀਤ ਸਿੰਘ ਟਿੰਕੂ, ਸੰਨਤ ਭਾਰਤਵਾਜ ਸਮੇਤ ਹੋਰ ਪਤਵੰਤੇ ਵੀ ਮੌਜ਼ੂਦ ਸਨ।