ਰਾਸ਼ਟਰੀ ਟੀਕਾਕਰਣ ਦਿਵਸ: ਯੂਟੀ ਚੰਡੀਗੜ੍ਹ ਵਿੱਚ ਪਲਸ ਪੋਲੀਓ ਮੁਹਿੰਮ ਸਫ਼ਲਤਾਪੂਰਵਕ ਸੰਪੰਨ
ਲੋਕ ਸੰਪਰਕ ਵਿਭਾਗ
ਚੰਡੀਗੜ੍ਹ ਪ੍ਰਸ਼ਾਸਨ
ਪ੍ਰੈੱਸ ਰਿਲੀਜ਼
ਰਾਸ਼ਟਰੀ ਟੀਕਾਕਰਣ ਦਿਵਸ: ਯੂਟੀ ਚੰਡੀਗੜ੍ਹ ਵਿੱਚ ਪਲਸ ਪੋਲੀਓ ਮੁਹਿੰਮ ਸਫ਼ਲਤਾਪੂਰਵਕ ਸੰਪੰਨ
ਚੰਡੀਗੜ੍ਹ, 21 ਅਕਤੂਬਰ, 2025
ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਸਿਹਤ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਯੂਟੀ ਚੰਡੀਗੜ੍ਹ ਵਿੱਚ ਰਾਸ਼ਟਰੀ ਟੀਕਾਕਰਣ ਦਿਵਸ - ਪਲਸ ਪੋਲੀਓ ਮੁਹਿੰਮ ਆਯੋਜਿਤ ਕੀਤੀ ਗਈ। ਇਹ ਮੁਹਿੰਮ ਮੁੱਖ ਸਕੱਤਰ, ਯੂਟੀ ਚੰਡੀਗੜ੍ਹ, ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਦੇ ਮਾਰਗਦਰਸ਼ਨ ਅਤੇ ਨਿਗਰਾਨੀ ਵਿੱਚ ਸੰਚਾਲਿਤ ਕੀਤੀ ਗਈ।
ਜਨਮ ਤੋਂ ਲੈ ਕੇ 5 ਵਰ੍ਹੇ ਦੀ ਉਮਰ ਦੇ ਬੱਚਿਆਂ ਨੂੰ ਪੋਲੀਓਮਾਇਲਾਇਟਿਸ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਓਰਲ ਪੋਲੀਓ ਵੈਕਸੀਨ (bOPV) ਦੀਆਂ ਦੋ ਬੂੰਦਾਂ ਪਿਲਾਈਆਂ ਗਈਆਂ। ਸ਼ਤ-ਪ੍ਰਤੀਸ਼ਤ ਕਵਰੇਜ ਸੁਨਿਸ਼ਚਿਤ ਕਰਨ ਲਈ, ਪੂਰੇ ਸ਼ਹਿਰ ਵਿੱਚ ਕੁੱਲ 471 ਪਲਸ ਪੋਲੀਓ ਬੂਥ ਸਥਾਪਿਤ ਕੀਤੇ ਗਏ, ਜਿਨ੍ਹਾਂ ਦੀ ਨਿਗਰਾਨੀ 99 ਸੈਕਟਰ ਸੁਪਰਵਾਇਜ਼ਰਾਂ ਨੇ ਕੀਤੀ।
ਇਸ ਮੁਹਿੰਮ ਦਾ ਰਸਮੀ ਉਦਘਾਟਨ ਸ਼੍ਰੀ ਮਨਦੀਪ ਸਿੰਘ ਬਰਾੜ, ਸਕੱਤਰ ਸਿਹਤ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਮਾਡਲ ਟੀਕਾਕਰਣ ਕੇਂਦਰ, ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ (ਜੀਐੱਮਐੱਸਐੱਚ/GMSH), ਸੈਕਟਰ 16, ਚੰਡੀਗੜ੍ਹ ਵਿਖੇ ਕੀਤਾ ਗਿਆ। ਇਸ ਅਵਸਰ 'ਤੇ, ਡਾਇਰੈਕਟਰ ਸਿਹਤ ਸੇਵਾਵਾਂ, ਡਾ. ਸੁਮਨ ਸਿੰਘ ਨੇ ਸਕੱਤਰ ਸਿਹਤ ਨੂੰ ਚੰਡੀਗੜ੍ਹ ਵਿੱਚ ਪਲਸ ਪੋਲੀਓ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਪੋਲੀਓ ਦੀ ਦਵਾਈ ਵੀ ਪਿਲਾਈ।
ਇਸ ਮੁਹਿੰਮ ਵਿੱਚ ਭਾਈਚਾਰਕ ਸ਼ਮੂਲੀਅਤ ਉਤਸ਼ਾਹਜਨਕ ਰਹੀ, ਜਿਸ ਵਿੱਚ ਨਗਰ ਕੌਂਸਲਰਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਪਲਸ ਪੋਲੀਓ ਬੂਥਾਂ ਦਾ ਉਦਘਾਟਨ ਕੀਤਾ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ/WHO), ਯੂਐੱਨਡੀਪੀ (UNDP) ਅਤੇ ਰੋਟਰੀ ਸਹਿਤ ਵਿਭਿੰਨ ਸੰਗਠਨਾਂ ਨੇ ਵੀ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਜਾਗਰੂਕਤਾ ਗਤੀਵਿਧੀਆਂ ਦੇ ਤਹਿਤ, ਸਿਹਤ ਵਿਭਾਗ, ਚੰਡੀਗੜ੍ਹ ਦੁਆਰਾ ਪੋਲੀਓ ਖ਼ਾਤਮੇ ਬਾਰੇ ਜਾਗਰੂਕਤਾ ਫੈਲਾਉਣ ਲਈ ਸੁਖਨਾ ਝੀਲ 'ਤੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਇੱਕ ਵਾਕਾਥੌਨ ਦਾ ਆਯੋਜਨ ਵੀ ਕੀਤਾ ਗਿਆ।
ਦਿਨ ਭਰ ਚਲੀ ਇਸ ਮੁਹਿੰਮ ਦੇ ਦੌਰਾਨ, ਯੂਟੀ ਚੰਡੀਗੜ੍ਹ ਵਿੱਚ ਕੁੱਲ 43,063 ਬੱਚਿਆਂ ਦਾ ਟੀਕਾਕਰਣ ਕੀਤਾ ਗਿਆ।
ਸਿਹਤ ਵਿਭਾਗ, ਚੰਡੀਗੜ੍ਹ ਨੇ ਪਲਸ ਪੋਲੀਓ ਬੂਥਾਂ 'ਤੇ ਆਪਣੇ ਬੱਚਿਆਂ ਨੂੰ ਲਿਆਉਣ ਹਿਤ
ਸ਼ਹਿਰਵਾਸੀਆਂ ਦੀ ਉਤਸ਼ਾਹਜਨਕ ਭਾਗੀਦਾਰੀ ਅਤੇ ਸਹਿਯੋਗ ਲਈ ਆਭਾਰ ਵਿਅਕਤ ਕੀਤਾ ਹੈ। ਵਿਭਾਗ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੰਡੀਗੜ੍ਹ ਵਿੱਚ ਪਲਸ ਪੋਲੀਓ ਮੁਹਿੰਮ ਦੀ ਨਿਰੰਤਰ ਸਫ਼ਲਤਾ ਸੁਨਿਸ਼ਚਿਤ ਕਰਨ ਲਈ ਅੱਗੇ ਵੀ ਆਪਣਾ ਸਹਿਯੋਗ ਪ੍ਰਦਾਨ ਕਰਦੇ ਰਹਿਣ।