ਬੰਗਲਾਦੇਸ਼ ਵਿੱਚ ਹਿੰਦੂ ਨੌਜਵਾਨਾਂ ’ਤੇ ਅੱਤਿਆਚਾਰ ਮਾਨਵਤਾ ਲਈ ਸ਼ਰਮਨਾਕ – ਬੰਨੀ ਸੰਧੂ
ਬੰਗਲਾਦੇਸ਼ ਵਿੱਚ ਹਿੰਦੂ ਨੌਜਵਾਨਾਂ ’ਤੇ ਅੱਤਿਆਚਾਰ ਮਾਨਵਤਾ ਲਈ ਸ਼ਰਮਨਾਕ – ਬੰਨੀ ਸੰਧੂ
ਲਾਲੜੂ, 29 ਦਸੰਬਰ(ਜਸਬੀਰ ਸਿੰਘ)
ਲਾਲੜੂ ਦੇ ਪਿੰਡ ਖੇਲਣ ਵਿੱਚ ਗੁਗਾ ਜਾਹਰਵੀਰ ਜੀ ਦੇ ਰਾਤਜਗੇ ਦੌਰਾਨ ਭਾਜਪਾ ਦੇ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ (ਬੰਨੀ) ਸੰਧੂ ਨੇ ਹਾਜ਼ਰੀ ਭਰ ਕੇ ਮੱਥਾ ਟੇਕਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਬੰਨੀ ਸੰਧੂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਧਾਰਮਿਕ ਸਦਭਾਵਨਾ ਅਤੇ ਆਪਸੀ ਭਾਈਚਾਰੇ ਦੀ ਸ਼ਲਾਘਾ ਕੀਤੀ।
ਰਾਤਜਗੇ ਦੌਰਾਨ ਬੰਨੀ ਸੰਧੂ ਨੇ ਬੰਗਲਾਦੇਸ਼ ਵਿੱਚ ਹਿੰਦੂ ਨੌਜਵਾਨਾਂ ਦੀ ਬੇਰਹਿਮੀ ਨਾਲ ਹੋ ਰਹੀ ਹੱਤਿਆ ਅਤੇ ਘੱਟ ਗਿਣਤੀ ਭਾਈਚਾਰੇ ’ਤੇ ਵਧ ਰਹੇ ਅੱਤਿਆਚਾਰਾਂ ’ਤੇ ਗਹਿਰਾ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿੱਚ ਹੋ ਰਹੀ ਹਿੰਸਾ ਸਿਰਫ਼ ਕਿਸੇ ਇੱਕ ਵਰਗ ਉੱਤੇ ਹਮਲਾ ਨਹੀਂ, ਸਗੋਂ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰਕ ਮੁੱਲਾਂ ’ਤੇ ਸਿੱਧਾ ਹਮਲਾ ਹੈ।
ਬੰਨੀ ਸੰਧੂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ,
“ਮੈਂ ਬੰਗਲਾਦੇਸ਼ ਵਿੱਚ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰਾਂ ਦੀ ਕੜੀ ਨਿੰਦਾ ਕਰਦਾ ਹਾਂ। ਇਹ ਹਿੰਸਾ ਤੁਰੰਤ ਬੰਦ ਹੋਣੀ ਚਾਹੀਦੀ ਹੈ। ਇਹ ਵਿਰੋਧ ਕਿਸੇ ਦੇਸ਼ ਦੀ ਆਮ ਜਨਤਾ ਦੇ ਖ਼ਿਲਾਫ਼ ਨਹੀਂ, ਸਗੋਂ ਉਸ ਪ੍ਰਣਾਲੀ ਵਿਰੁੱਧ ਹੈ ਜੋ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਵਿੱਚ ਅਸਫ਼ਲ ਰਹੀ ਹੈ।”
ਉਨ੍ਹਾਂ ਵੱਲੋਂ ਇਸ ਮੰਦਭਾਗੀ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜੇ ਅੱਜ ਇਸ ਤਰ੍ਹਾਂ ਦੀਆਂ ਹੱਤਿਆਵਾਂ ਖ਼ਿਲਾਫ਼ ਆਵਾਜ਼ ਨਾ ਉਠਾਈ ਗਈ, ਤਾਂ ਕੱਲ੍ਹ ਕੋਈ ਹੋਰ ਨੌਜਵਾਨ ਇਸ ਹਿੰਸਾ ਦਾ ਸ਼ਿਕਾਰ ਬਣ ਸਕਦਾ ਹੈ। ਬੰਨੀ ਸੰਧੂ ਨੇ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਤੋਂ ਮੰਗ ਕੀਤੀ ਕਿ ਇਨ੍ਹਾਂ ਘਟਨਾਵਾਂ ਦੀ ਨਿਰਪੱਖ ਅਤੇ ਉੱਚ-ਪੱਧਰੀ ਜਾਂਚ ਕਰਵਾਈ ਜਾਵੇ, ਤਾਂ ਜੋ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲ ਸਕੇ।
ਉਨ੍ਹਾਂ ਕਿਹਾ ਕਿ ਭਾਰਤ ਸਮੇਤ ਪੂਰੇ ਵਿਸ਼ਵ ਨੂੰ ਇਕੱਠੇ ਹੋ ਕੇ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਲਈ ਅਵਾਜ਼ ਉਠਾਉਣੀ ਚਾਹੀਦੀ ਹੈ, ਤਾਂ ਜੋ ਮਾਨਵਤਾ ਅਤੇ ਅਮਨ ਨੂੰ ਬਚਾਇਆ ਜਾ ਸਕੇ।