ਡੇਰਾਬੱਸੀ ਟਰੈਫਿਕ ਇੰਚਾਰਜ ਸੁਰਿੰਦਰ ਸਿੰਘ ਵੱਲੋਂ ਲੇਬਰ ਵਰਕਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕP
ਡੇਰਾਬੱਸੀ ਟਰੈਫਿਕ ਇੰਚਾਰਜ ਸੁਰਿੰਦਰ ਸਿੰਘ ਵੱਲੋਂ ਲੇਬਰ ਵਰਕਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ
ਡੇਰਾਬੱਸੀ,11 ਜਨਵਰੀ ( ਜਸਬੀਰ ਸਿੰਘ)
ਡੇਰਾਬੱਸੀ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਸੜਕ ਹਾਦਸਿਆਂ ਤੋਂ ਬਚਾਅ ਲਈ ਟਰੈਫਿਕ ਇੰਚਾਰਜ ਸੁਰਿੰਦਰ ਸਿੰਘ ਵੱਲੋਂ ਅੱਜ ਲੇਬਰ ਵਰਕਰਾਂ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦੌਰਾਨ ਉਨ੍ਹਾਂ ਨੇ ਮਜ਼ਦੂਰ ਵਰਗ ਨੂੰ ਟਰੈਫਿਕ ਨਿਯਮਾਂ ਬਾਰੇ ਬੜੀ ਹੀ ਸਹਿਜਤਾ ਅਤੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ।
ਟਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੈਦਲ ਯਾਤਰੀਆਂ ਨੂੰ ਸੜਕ ਪਾਰ ਕਰਦੇ ਸਮੇਂ ਹਮੇਸ਼ਾ ਜੈਬਰਾ ਕਰੋਸਿੰਗ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਅਚਾਨਕ ਸੜਕ ’ਤੇ ਨਾ ਉਤਰਣ। ਉਨ੍ਹਾਂ ਕਿਹਾ ਕਿ ਸੜਕ ’ਤੇ ਚੱਲਦਿਆਂ ਸਦਾ ਖੱਬੇ ਪਾਸੇ ਰਹਿਣਾ ਚਾਹੀਦਾ ਹੈ ਤਾਂ ਜੋ ਆਉਂਦੇ ਵਾਹਨਾਂ ’ਤੇ ਨਜ਼ਰ ਰਹੇ।
ਦੋ-ਪਹੀਆ ਵਾਹਨ ਚਲਾਉਣ ਵਾਲਿਆਂ ਲਈ ਉਨ੍ਹਾਂ ਨੇ ਹੈਲਮਟ ਪਹਿਨਣ ਨੂੰ ਲਾਜ਼ਮੀ ਦੱਸਦਿਆਂ ਕਿਹਾ ਕਿ ਹੈਲਮਟ ਸਿਰਫ਼ ਚਲਾਨ ਤੋਂ ਬਚਣ ਲਈ ਨਹੀਂ, ਸਗੋਂ ਜੀਵਨ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਸਮਝਾਇਆ ਕਿ ਦੋ-ਪਹੀਆ ਵਾਹਨ ’ਤੇ ਤਿੰਨ ਸਵਾਰੀਆਂ ਬੈਠਾਉਣਾ ਕਾਨੂੰਨਨ ਗਲਤ ਹੈ ਅਤੇ ਇਸ ਨਾਲ ਹਾਦਸੇ ਦਾ ਖ਼ਤਰਾ ਵੱਧ ਜਾਂਦਾ ਹੈ।
ਇਸ ਤੋਂ ਇਲਾਵਾ, ਉਨ੍ਹਾਂ ਨੇ ਲੇਬਰ ਵਰਕਰਾਂ ਨੂੰ ਵਾਹਨ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ, ਨਸ਼ੇ ਦੀ ਹਾਲਤ ਵਿੱਚ ਵਾਹਨ ਨਾ ਚਲਾਉਣ, ਟਰੈਫਿਕ ਸਿਗਨਲਾਂ ਦੀ ਪਾਲਣਾ ਕਰਨ ਅਤੇ ਰਾਤ ਸਮੇਂ ਰਿਫਲੈਕਟਿਵ ਕੱਪੜੇ ਪਹਿਨਣ ਬਾਰੇ ਵੀ ਜਾਣਕਾਰੀ ਦਿੱਤੀ।
ਟਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਕਿਹਾ ਕਿ ਟਰੈਫਿਕ ਨਿਯਮ ਸਾਡੀ ਸੁਰੱਖਿਆ ਲਈ ਬਣਾਏ ਗਏ ਹਨ ਅਤੇ ਜੇ ਹਰ ਨਾਗਰਿਕ ਇਨ੍ਹਾਂ ਦੀ ਪਾਲਣਾ ਕਰੇ ਤਾਂ ਸੜਕ ਹਾਦਸਿਆਂ ਵਿੱਚ ਕਾਫ਼ੀ ਕਮੀ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਨੇ ਲੇਬਰ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਨਿਯਮ ਮੰਨਣ ਅਤੇ ਦੂਜਿਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ।