Hindi

ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਹੀਂ ਬਖ਼ਸ਼ੇ   ਜਾਣਗੇ: ਡੀਐਸਪੀ ਕਰਨੈਲ ਸਿੰਘ

ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਹੀਂ ਬਖ਼ਸ਼ੇ   ਜਾਣਗੇ: ਡੀਐਸਪੀ ਕਰਨੈਲ ਸਿੰਘ

ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਹੀਂ ਬਖ਼ਸ਼ੇ   ਜਾਣਗੇ: ਡੀਐਸਪੀ ਕਰਨੈਲ ਸਿੰਘ

ਡੇਰਾਬੱਸੀ,14 ਜਨਵਰੀ (ਜਸਬੀਰ ਸਿੰਘ)

ਰੋਡ ਸੇਫਟੀ ਮਹੀਨੇ ਦੇ ਤਹਿਤ ਡੀਐਸਪੀ ਟਰੈਫਿਕ ਮੋਹਾਲੀ ਕਰਨੈਲ ਸਿੰਘ, ਟਰੈਫਿਕ ਇੰਚਾਰਜ ਡੇਰਾਬੱਸੀ ਸੁਰਿੰਦਰ ਸਿੰਘ ਅਤੇ ਟਰੈਫਿਕ ਇੰਚਾਰਜ ਮੁਬਾਰਕਪੁਰ ਹਰਕੇਸ਼ ਸਿੰਘ ਵੱਲੋਂ ਡੇਰਾਬੱਸੀ ਅਤੇ ਮੁਬਾਰਕਪੁਰ ਟਰੱਕ ਆਪਰੇਟਰ ਸੋਸਾਇਟੀ ਦੇ ਦਫ਼ਤਰ ਵਿੱਚ ਟਰੱਕ ਆਪਰੇਟਰਾਂ ਅਤੇ ਡਰਾਈਵਰਾਂ ਲਈ ਜਾਗਰੂਕਤਾ ਲੈਕਚਰ ਲਾਇਆ ਗਿਆ।
ਇਸ ਮੌਕੇ ਡੀਐਸਪੀ ਕਰਨੈਲ ਨੇ ਡਰਾਈਵਰਾਂ ਨਾਲ ਰੋਡ ਸੇਫਟੀ ਸੰਬੰਧੀ ਵਡਮੁੱਲੇ ਵਿਚਾਰ ਸਾਂਝੇ ਕਰਦਿਆਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਕਰਨੈਲ ਸਿੰਘ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੋਡ ਸੇਫਟੀ ਮਹੀਨਾ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ, ਜੋ ਮਾਨਯੋਗ ਐਸਐਸਪੀ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਗੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰੱਕ ਯੂਨੀਅਨਾਂ, ਸਕੂਲਾਂ, ਕਾਲਜਾਂ, ਫੈਕਟਰੀਆਂ ਅਤੇ ਜਨਤਕ ਸਥਾਨਾਂ ’ਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਸੜਕ ਹਾਦਸਿਆਂ ਵਿੱਚ ਕਮੀ ਲਿਆਂਦੀ ਜਾ ਸਕੇ।
ਉਨ੍ਹਾਂ ਕਿਹਾ ਕਿ ਹਾਦਸਿਆਂ ਦੌਰਾਨ ਐਂਬੂਲੈਂਸ ਨੂੰ ਰਸਤਾ ਨਾ ਦੇਣ ਵਾਲਿਆਂ ਖਿਲਾਫ ਚਲਾਨ ਅਤੇ ਜੁਰਮਾਨੇ ਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ  ਲੇਨ ਬਦਲਣ ਵਾਲੇ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਡੀਐਸਪੀ ਕਰਨੈਲ ਸਿੰਘ ਨੇ ਡਰਾਈਵਰਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਡਰਾਈਵਿੰਗ ਦੌਰਾਨ ਵਾਹਨਾਂ ਵਿਚਕਾਰ ਸੁਰੱਖਿਅਤ ਦੂਰੀ ਬਣਾਈ ਰੱਖਣ, ਇੰਡੀਕੇਟਰ ਦੀ ਸਹੀ ਵਰਤੋਂ ਕਰਨ ਅਤੇ ਸਾਰੀਆਂ ਕਮਰਸ਼ੀਅਲ ਗੱਡੀਆਂ ’ਤੇ ਰਿਫਲੈਕਟਰ ਲਗਾਉਣ ਲਾਜ਼ਮੀ ਹਨ, ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਰਨ ਵਾਹਨ ਖਰਾਬ ਹੋ ਜਾਵੇ ਤਾਂ ਵਾਹਨ ਵਿੱਚ ਮੌਜੂਦ ਰਿਫਲੈਕਟਰ ਜਾਂ ਤਿਕੋਣੀ ਸਟੈਂਡ ਨੂੰ 25 ਤੋਂ 30 ਮੀਟਰ ਦੀ ਦੂਰੀ ’ਤੇ ਰੱਖਿਆ ਜਾਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੇ ਵਾਹਨਾਂ ਨੂੰ ਪਹਿਲਾਂ ਹੀ ਸੂਚਨਾ ਮਿਲ ਸਕੇ। ਖ਼ਾਸ ਕਰਕੇ ਧੁੰਦ ਵਾਲੇ ਦਿਨਾਂ ਵਿੱਚ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ ਅਤੇ ਅੰਦਾਜ਼ੇ ਨਾਲ ਵਾਹਨ ਚਲਾਉਣ ਤੋਂ ਬਚਣਾ ਚਾਹੀਦਾ ਹੈ।
ਅੰਤ ਵਿੱਚ ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਆਪਣੀ ਅਤੇ ਦੂਜਿਆਂ ਦੀ ਜਾਨ ਸੁਰੱਖਿਅਤ ਬਣਾਈ ਜਾਵੇ।


Comment As:

Comment (0)