IMD Rain Alert: Relief from Heatwave in Delhi, Punjab & Haryana; Monsoon Updates
3 ਦਿਨ ਹਨੇਰੀ-ਮੀਂਹ ਦਾ ਅਲਰਟ; ਉੱਤਰ ਭਾਰਤ ਵਿੱਚ ਬਦਲੇਗਾ ਮੌਸਮ ਦਾ ਮਿਜਾਜ਼, ਵੈਸਟਰਨ ਡਿਸਟਰਬੈਂਸ ਹੋ ਰਿਹਾ ਐਕਟਿਵ, ਦੂਜੇ ਪਾਸੇ ਮਾਨਸੂਨ ਨੇ ਫੜੀ ਰਫ਼ਤਾਰ
IMD Rain Update: ਚਿਲਚਿਲਾਉਂਦੀ ਤੇਜ਼ ਧੁੱਪ ਅਤੇ ਭਿਆਨਕ ਗਰਮੀ ਦੇ ਵਿਚਕਾਰ ਰਾਹਤ ਭਰੀ ਖ਼ਬਰ ਆਈ ਹੈ। ਮੌਸਮ ਵਿਭਾਗ (IMD) ਨੇ ਉੱਤਰ-ਪੱਛਮੀ ਰਾਜਾਂ ਲਈ ਮੀਂਹ ਦੀ ਸੂਚਨਾ ਜਾਰੀ ਕੀਤੀ ਹੈ। ਪੱਛਮੀ ਵਿਛੋਭ (ਵੈਸਟਰਨ ਡਿਸਟਰਬੈਂਸ) ਦੇ ਸਰਗਰਮ ਹੋਣ ਅਤੇ ਇਸ ਦੇ ਪ੍ਰਭਾਵ ਕਾਰਨ 11 ਤੋਂ 13 ਜੂਨ ਦੌਰਾਨ ਦਿੱਲੀ, ਯੂਪੀ, ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਸਮੇਤ ਉੱਤਰ-ਪੱਛਮ ਦੇ ਵੱਖ-ਵੱਖ ਹਿੱਸਿਆਂ ਵਿੱਚ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗਰਜ-ਚਮਕ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ। ਉੱਥੇ ਹੀ ਮੌਸਮ ਵਿਭਾਗ ਮੁਤਾਬਕ ਉੱਤਰ-ਪੱਛਮ ਦੇ ਕੁਝ ਹਿੱਸਿਆਂ ਵਿੱਚ 14 ਤੋਂ 16 ਜੂਨ ਦੌਰਾਨ ਵੀ ਮੀਂਹ ਪੈ ਸਕਦਾ ਹੈ।
ਉੱਤਰ-ਪੱਛਮ ਵਿੱਚ ਭਿਆਨਕ ਗਰਮੀ ਦਾ ਕਹਿਰ
ਦੱਖਣ-ਪੱਛਮੀ ਮਾਨਸੂਨ ਆਉਣ ਤੋਂ ਬਾਅਦ ਜਿੱਥੇ ਦੇਸ਼ ਦੇ ਦੱਖਣ ਅਤੇ ਉੱਤਰ-ਪੂਰਬੀ ਭਾਰਤ ਵਿੱਚ ਝਮਾਝਮ ਮੀਂਹ ਪੈ ਰਿਹਾ ਹੈ, ਉੱਥੇ ਹੀ ਦੇਸ਼ ਦੇ ਉੱਤਰ-ਪੱਛਮ ਸਮੇਤ ਕੁਝ ਹੋਰ ਰਾਜਾਂ ਵਿੱਚ ਹਾਲੇ ਵੀ ਭਿਆਨਕ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ। ਖ਼ਾਸ ਕਰਕੇ ਉੱਤਰ-ਪੱਛਮੀ ਭਾਰਤ ਵਿੱਚ ਇੰਨੀਂ ਦਿਨੀਂ ਭਿਆਨਕ ਗਰਮੀ ਦਾ ਕਹਿਰ ਦੇਖਿਆ ਜਾ ਰਿਹਾ ਹੈ। ਉੱਤਰ-ਪੱਛਮੀ ਰਾਜਾਂ ਵਿੱਚ ਗਰਮੀ ਹੋਰ ਵੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਦਿੱਲੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਹੋਰਨਾਂ ਰਾਜਾਂ ਵਿੱਚ ਲੋਕ ਗਰਮੀ ਨਾਲ ਤਰਾਹ-ਤਰਾਹ ਕਰ ਰਹੇ ਹਨ। ਕਈ ਹਿੱਸਿਆਂ ਵਿੱਚ ਤਾਂ ਪਾਰਾ 45 ਡਿਗਰੀ ਨੂੰ ਪਾਰ ਕਰ ਗਿਆ ਹੈ। ਪਰ ਹੁਣ ਮੌਸਮ ਦੇ ਕਰਵਟ ਲੈਣ ਅਤੇ ਮੀਂਹ ਪੈਣ ਨਾਲ ਇਸ ਝੁਲਸਾਉਣ ਵਾਲੀ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ।
ਹੁਣ ਤੱਕ ਕਈ ਰਾਜਾਂ ਵਿੱਚ ਮਾਨਸੂਨ ਦੀ ਐਂਟਰੀ
4 ਜੂਨ ਨੂੰ ਕੇਰਲ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ, ਦੱਖਣ-ਪੱਛਮੀ ਮਾਨਸੂਨ ਆਮ ਗਤੀ ਨਾਲ ਅੱਗੇ ਵਧਦੇ ਹੋਏ ਹੁਣ ਤੱਕ ਕਈ ਰਾਜਾਂ ਨੂੰ ਕਵਰ ਕਰ ਚੁੱਕਾ ਹੈ। ਅਲ-ਨੀਨੋ ਦੀਆਂ ਪ੍ਰਸਥਿਤੀਆਂ ਦੇ ਬਾਵਜੂਦ ਮਾਨਸੂਨ ਮੂਸਲਾਧਾਰ ਮੀਂਹ ਪਵਾਉਂਦਾ ਹੋਇਆ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਅਨੁਸਾਰ, ਮਾਨਸੂਨ ਕਰਨਾਟਕ, ਤਾਮਿਲਨਾਡੂ, ਤੇਲੰਗਾਨਾ, ਬੰਗਾਲ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਸਿੱਕਮ, ਅਸਾਮ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਗੋਆ ਦੇ ਹਿੱਸਿਆਂ ਵਿੱਚ ਸਰਗਰਮ ਹੋ ਗਿਆ ਹੈ ਅਤੇ ਇਨ੍ਹਾਂ ਸਾਰੇ ਹਿੱਸਿਆਂ ਵਿੱਚ ਜ਼ਬਰਦਸਤ ਮੀਂਹ ਪੈ ਰਿਹਾ ਹੈ।
ਇਨ੍ਹਾਂ ਰਾਜਾਂ ਵਿੱਚ ਅਗਲੇ 7 ਦਿਨ ਮੀਂਹ ਦਾ ਅਲਰਟ
ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਜਿੱਥੇ ਉੱਤਰ ਭਾਰਤ ਵਿੱਚ ਪੱਛਮੀ ਵਿਛੋਭ ਦੇ ਅਸਰ ਨਾਲ ਮੀਂਹ ਅਤੇ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਹੈ, ਉੱਥੇ ਹੀ ਮਾਨਸੂਨ ਦੇ ਹੋਰ ਅੱਗੇ ਵਧਣ ਦੇ ਅਸਰ ਨਾਲ ਅਗਲੇ 5-7 ਦਿਨਾਂ ਦੌਰਾਨ ਉੱਤਰ-ਪੂਰਬੀ ਭਾਰਤ, ਉਪ-ਹਿਮਾਲੀਅਨ ਪੱਛਮੀ ਬੰਗਾਲ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਮੀਂਹ (7-20 ਸੈਂਟੀਮੀਟਰ) ਹੋਣ ਦੀ ਪ੍ਰਬਲ ਸੰਭਾਵਨਾ ਜਤਾਈ ਹੈ। ਇਸ ਤੋਂ ਇਲਾਵਾ ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਦਿੱਲੀ-ਚੰਡੀਗੜ੍ਹ ਕਦੋਂ ਤੱਕ ਪਹੁੰਚੇਗਾ ਮਾਨਸੂਨ?
ਜੇਕਰ ਗੱਲ ਕੀਤੀ ਜਾਵੇ ਕਿ ਦਿੱਲੀ ਅਤੇ ਚੰਡੀਗੜ੍ਹ ਮਾਨਸੂਨ ਕਦੋਂ ਤੱਕ ਪਹੁੰਚੇਗਾ, ਤਾਂ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਆਮ ਤੌਰ 'ਤੇ ਮਾਨਸੂਨ ਜੂਨ ਦੇ ਆਖ਼ਰੀ ਹਫ਼ਤੇ ਤੱਕ ਪਹੁੰਚਦਾ ਹੈ। ਮੌਸਮ ਵਿਭਾਗ ਮੁਤਾਬਕ ਦੱਖਣ-ਪੱਛਮੀ ਮਾਨਸੂਨ 25 ਜੂਨ ਤੋਂ 30 ਜੂਨ ਯਾਨੀ ਜੂਨ ਦੇ ਆਖ਼ਰੀ ਹਫ਼ਤੇ ਵਿੱਚ ਹੀ ਦਿੱਲੀ ਤੱਕ ਪਹੁੰਚੇਗਾ। ਇਸ ਦਾ ਅਸਰ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਯਾਨੀ ਐਨਸੀਆਰ (NCR) ਵਿੱਚ ਵੀ ਦੇਖਣ ਨੂੰ ਮਿਲੇਗਾ। ਦਿੱਲੀ ਦੇ ਨਾਲ ਹੀ ਨੋਇਡਾ, ਗੁਰੂਗ੍ਰਾਮ, ਗ਼ਾਜ਼ੀਆਬਾਦ, ਫ਼ਰੀਦਾਬਾਦ ਵਰਗੇ ਸ਼ਹਿਰਾਂ ਵਿੱਚ ਵੀ ਮਾਨਸੂਨ ਇੱਕੋ ਨਾਲ ਦਸਤਕ ਦੇਵੇਗਾ। ਇਸ ਤੋਂ ਇਲਾਵਾ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਵੀ ਮਾਨਸੂਨ ਦੀ ਦਸਤਕ 25 ਜੂਨ ਦੇ ਆਸ-ਪਾਸ ਹੀ ਹੋਵੇਗੀ।