ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਪੀ. ਕੇ. ਮਿਸ਼ਰਾ ਨੇ 20ਵੇਂ ਅੰਕੜਾ ਦਿਵਸ 2026 ਸਮਾਗਮ ਨੂੰ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਪੀ. ਕੇ. ਮਿਸ਼ਰਾ ਨੇ 20ਵੇਂ ਅੰਕੜਾ ਦਿਵਸ 2026 ਸਮਾਗਮ ਨੂੰ ਸੰਬੋਧਨ ਕੀਤਾ
ਕੁੱਲ ਘਰੇਲੂ ਉਤਪਾਦ, ਉਪਭੋਗਤਾ ਮੁੱਲ ਸੂਚਕਾਂਕ ਅਤੇ ਉਦਯੋਗਿਕ ਉਤਪਾਦਨ ਸੂਚਕਾਂਕ ਸਮੇਤ ਮੁੱਖ ਸਮੁੱਚੇ ਆਰਥਿਕ ਸੂਚਕਾਂ ਨੂੰ ਨਵੇਂ ਆਧਾਰ ਸਾਲਾਂ ਨਾਲ ਅੱਪਡੇਟ ਕੀਤਾ ਜਾ ਰਿਹਾ ਹੈ ਤਾਂ ਜੋ ਭਾਰਤ ਦੀ ਬਦਲ ਰਹੀ ਅਰਥ-ਵਿਵਸਥਾ ਨੂੰ ਹੋਰ ਬਿਹਤਰ ਢੰਗ ਨਾਲ ਦਰਸਾਇਆ ਜਾ ਸਕੇ: ਡਾ. ਪੀ. ਕੇ. ਮਿਸ਼ਰਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੋਚ ਅਨੁਸਾਰ, ਸ਼ਾਸਨ ਦਾ ਭਵਿੱਖ ਡੇਟਾ-ਆਧਾਰਤ ਫ਼ੈਸਲਾ ਲੈਣ ਨਾਲ ਜੁੜਿਆ ਹੈ; ਵਿਕਸਿਤ ਭਾਰਤ ਵੱਲ ਦਾ ਸਫ਼ਰ ਭਰੋਸੇਯੋਗ ਅੰਕੜਿਆਂ 'ਤੇ ਆਧਾਰਤ ਹੋਣਾ ਚਾਹੀਦਾ ਹੈ: ਡਾ. ਪੀ. ਕੇ. ਮਿਸ਼ਰਾ
ਡਾ. ਪੀ. ਕੇ. ਮਿਸ਼ਰਾ ਨੇ ਅੰਕੜਿਆਂ ਦੀ ਗੁਣਵੱਤਾ, ਗੁਪਤਤਾ, ਪਾਰਦਰਸ਼ਤਾ ਅਤੇ ਸੁਤੰਤਰਤਾ ਦੇ ਉੱਚ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਮਜ਼ਬੂਤ ਸੰਸਥਾਗਤ ਢਾਂਚੇ ਤਿਆਰ ਕਰਨ ਦੇ ਯਤਨਾਂ ਨੂੰ ਦੁਹਰਾਇਆ
ਭਾਰਤ ਦੇ ਤੇਜ਼ ਡਿਜ਼ੀਟਲ ਬਦਲਾਅ ਨੇ ਪ੍ਰਸ਼ਾਸਕੀ ਅੰਕੜਿਆਂ ਦੇ ਵਿਸ਼ਾਲ ਭੰਡਾਰ ਤਿਆਰ ਕੀਤੇ ਹਨ, ਜਿਨ੍ਹਾਂ ਨੂੰ ਰਾਸ਼ਟਰੀ ਰਣਨੀਤਕ ਅਸਾਸਿਆਂ ਵਜੋਂ ਮੰਨਿਆ ਜਾਣਾ ਚਾਹੀਦਾ ਹੈ: ਡਾ. ਪੀ. ਕੇ. ਮਿਸ਼ਰਾ
ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਪੀ. ਕੇ. ਮਿਸ਼ਰਾ ਨੇ ਅੱਜ 20ਵੇਂ ਅੰਕੜਾ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। 20ਵੇਂ ਅੰਕੜਾ ਦਿਵਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਾ. ਪੀ. ਕੇ. ਮਿਸ਼ਰਾ ਨੇ ਪ੍ਰੋਫੈਸਰ ਪ੍ਰਸਾਂਤ ਚੰਦਰ ਮਹਾਲਨੋਬਿਸ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਭਾਰਤ ਦੀ ਅੰਕੜਾ ਪ੍ਰਣਾਲੀ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਯਾਦ ਕੀਤਾ ਅਤੇ ਸੂਚਨਾ ਆਧਾਰਤ ਸ਼ਾਸਨ ਲਈ ਮਜ਼ਬੂਤ ਅੰਕੜਿਆਂ ਦੀ ਸਥਾਈ ਮਹੱਤਤਾ ਨੂੰ ਉਜਾਗਰ ਕੀਤਾ। ਅੰਕੜਾ ਅਤੇ ਪ੍ਰੋਗਰਾਮ ਅਮਲ ਮੰਤਰਾਲੇ ਨੂੰ ਇਸਦੇ ਵਿਜ਼ਨ ਦਸਤਾਵੇਜ਼ 2026-31, ਟਿਕਾਊ ਵਿਕਾਸ ਟੀਚਿਆਂ 'ਤੇ ਪ੍ਰਗਤੀ ਰਿਪੋਰਟ ਅਤੇ ਕਿਰਤ ਬਾਜ਼ਾਰਾਂ ਅਤੇ ਗ਼ੈਰ-ਰਸਮੀ ਉੱਦਮਾਂ ਦੇ ਪਹਿਲੇ ਸ਼ਹਿਰ-ਪੱਧਰੀ ਅਨੁਮਾਨਾਂ ਦੇ ਜਾਰੀ ਹੋਣ 'ਤੇ ਵਧਾਈ ਦਿੰਦੇ ਹੋਏ, ਉਨ੍ਹਾਂ ਨੇ ਪ੍ਰੋਫੈਸਰ ਅਰੂਪ ਬੋਸ ਨੂੰ ਸੁਖਾਤਮੇ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ 'ਤੇ ਵੀ ਸਨਮਾਨਿਤ ਕੀਤਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਡੇਟਾ-ਸੰਚਾਲਤ ਸ਼ਾਸਨ ਅਤੇ ਵਿਕਸਿਤ ਭਾਰਤ @2047 ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ ਡਾ. ਮਿਸ਼ਰਾ ਨੇ ਕਿਹਾ, "ਇਸ ਸਾਲ ਦੇ ਅੰਕੜਾ ਦਿਵਸ ਦਾ ਵਿਸ਼ਾ, 'ਪ੍ਰਸ਼ਾਸਕੀ ਅੰਕੜਿਆਂ ਦੀ ਸਮਰੱਥਾ ਨੂੰ ਖੋਲ੍ਹਣਾ' ਭਾਰਤ ਦੇ ਅੰਕੜਾ ਈਕੋਸਿਸਟਮ ਅਤੇ ਸਬੂਤ-ਅਧਾਰਤ ਨੀਤੀ ਨਿਰਮਾਣ ਨੂੰ ਮਜ਼ਬੂਤ ਕਰਨ ਵੱਲ ਇੱਕ ਪਰਿਵਰਤਨਸ਼ੀਲ ਕਦਮ ਨੂੰ ਦਰਸਾਉਂਦਾ ਹੈ" ਜੋ ਬਹੁਤ ਹੀ ਢੁਕਵਾਂ ਅਤੇ ਸਮੇਂ ਸਿਰ ਹੈ।
ਅੰਕੜਿਆਂ ਦੇ ਖੇਤਰ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਨੂੰ ਯਾਦ ਕਰਦੇ ਹੋਏ, ਡਾ. ਪੀ. ਕੇ. ਮਿਸ਼ਰਾ ਨੇ ਕਿਹਾ ਕਿ ਦੇਸ਼ ਨੇ 1950 ਦੇ ਦਹਾਕੇ ਵਿੱਚ ਦੁਨੀਆ ਦੇ ਸਭ ਤੋਂ ਵਧੀਆ ਸਰਵੇਖਣ-ਅਧਾਰਤ ਅੰਕੜਾ ਪ੍ਰਣਾਲੀਆਂ ਵਿੱਚੋਂ ਇੱਕ ਬਣਾਇਆ, ਜਿਸ ਨਾਲ ਰਾਸ਼ਟਰੀ ਨਮੂਨਾ ਸਰਵੇਖਣ ਇੱਕ ਵਿਸ਼ਵ ਪੱਧਰ 'ਤੇ ਪ੍ਰਸ਼ੰਸਾਯੋਗ ਮਾਡਲ ਵਜੋਂ ਉਭਰਿਆ, ਜਿਸਨੇ ਵਿਕਾਸਸ਼ੀਲ ਦੁਨੀਆ ਵਿੱਚ ਖੋਜ ਅਤੇ ਨੀਤੀ ਨਿਰਮਾਣ ਨੂੰ ਨਵਾਂ ਰੂਪ ਦਿੱਤਾ। ਉਨ੍ਹਾਂ ਚਾਨਣਾ ਪਾਇਆ ਕਿ ਭਾਰਤੀ ਅੰਕੜਾ ਸੰਸਥਾਨ ਅਤੇ 'ਸੰਖਿਆ' ਰਸਾਲੇ ਦੀ ਸ਼ੁਰੂਆਤ ਕਰਨ ਵਾਲੇ ਪ੍ਰੋਫੈਸਰ ਪੀ.ਸੀ. ਮਹਾਲਨੋਬਿਸ ਦੇ ਦੂਰਦਰਸ਼ੀ ਯੋਗਦਾਨ ਨੇ ਭਾਰਤ ਵਿੱਚ ਆਧੁਨਿਕ ਅੰਕੜਾ ਵਿਗਿਆਨ ਦੀ ਨੀਂਹ ਰੱਖੀ ਅਤੇ ਉਨ੍ਹਾਂ ਦੇ ਵਿਚਾਰਾਂ ਨੇ ਦੂਜੀ ਪੰਜ ਸਾਲਾ ਯੋਜਨਾ ਨੂੰ ਸੂਚਿਤ ਕੀਤਾ। ਆਪਣੇ ਅਕਾਦਮਿਕ ਤਜ਼ਰਬੇ ਨੂੰ ਯਾਦ ਕਰਦਿਆਂ ਡਾ. ਮਿਸ਼ਰਾ ਨੇ ਕਿਹਾ ਕਿ ਭਾਰਤੀ ਅੰਕੜਾ ਡੇਟਾ ਅਤੇ ਵਿਧੀਆਂ ਨੂੰ ਲੰਬੇ ਸਮੇਂ ਤੋਂ ਵਿਸ਼ਵ ਦੇ ਪ੍ਰਮੁੱਖ ਖੋਜਕਰਤਾਵਾਂ ਵੱਲੋਂ ਉੱਚ ਮਾਨਤਾ ਮਿਲਦੀ ਰਹੀ ਹੈ। ਉਨ੍ਹਾਂ ਨੇ ਪ੍ਰੋਫੈਸਰ ਸੀ. ਆਰ. ਰਾਓ ਅਤੇ ਪ੍ਰੋਫੈਸਰ ਪੀ. ਵੀ. ਸੁਖਾਤਮੇ ਵਰਗੇ ਪ੍ਰਸਿੱਧ ਅੰਕੜਾ ਵਿਦਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦਾ ਅਗਵਾਈ ਭਰਿਆ ਕੰਮ ਅੱਜ ਵੀ ਵਿਸ਼ਵ ਪੱਧਰ 'ਤੇ ਇਸ ਵਿਸ਼ੇ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਭਾਰਤ ਦੀ ਅੰਕੜਾ ਪ੍ਰਣਾਲੀ ਦੇ ਆਧੁਨਿਕੀਕਰਨ ਬਾਰੇ ਗੱਲ ਕਰਦਿਆਂ ਡਾ. ਪੀ. ਕੇ. ਮਿਸ਼ਰਾ ਨੇ ਕਿਹਾ ਕਿ ਕਈ ਦਹਾਕਿਆਂ ਦੀਆਂ ਉਪਲਬਧੀਆਂ ਤੋਂ ਬਾਅਦ ਇਸ ਪ੍ਰਣਾਲੀ ਨੂੰ ਪੁਰਾਣੇ ਡੇਟਾ-ਸੈੱਟਾਂ, ਡੇਟਾ ਜਾਰੀ ਕਰਨ ਵਿੱਚ ਦੇਰੀ, ਖੰਡਿਤ ਅੰਕੜਾ ਢਾਂਚੇ, ਡੇਟਾ ਦੀ ਅਸਮਾਨ ਗੁਣਵੱਤਾ ਅਤੇ ਪੇਸ਼ੇਵਰ ਸਮਰੱਥਾ ਵਿੱਚ ਕਮੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਕਿਹਾ, “ਇਨ੍ਹਾਂ ਚਿੰਤਾਵਾਂ ਦੇ ਮੱਦੇਨਜ਼ਰ ਅੰਕੜਾ ਅਤੇ ਪ੍ਰੋਗਰਾਮ ਅਮਲ ਮੰਤਰਾਲੇ ਨੇ ਮਾਹਰਾਂ, ਪ੍ਰਮੁੱਖ ਸੰਸਥਾਵਾਂ ਅਤੇ ਹਿੱਸੇਦਾਰਾਂ ਨਾਲ ਵਿਸਥਾਰਤ ਸਲਾਹ-ਮਸ਼ਵਰਾ ਕਰਕੇ ਇੱਕ ਵਿਆਪਕ ਸੁਧਾਰ ਪ੍ਰਕਿਰਿਆ ਸ਼ੁਰੂ ਕੀਤੀ। ਇਨ੍ਹਾਂ ਵਿਚਾਰ-ਵਟਾਂਦਰਿਆਂ ਦੇ ਆਧਾਰ 'ਤੇ ਮੰਤਰਾਲੇ ਨੇ ਸੰਸਥਾਗਤ ਨਿਗਰਾਨੀ ਪ੍ਰਣਾਲੀ ਅਧੀਨ ਸਮੇਂਬੱਧ ਢੰਗ ਨਾਲ ਲਾਗੂ ਕਰਨ ਲਈ 216 ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦਿੱਤੀ।” ਡਾ. ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਸੁਧਾਰਾਂ ਦੇ ਨਤੀਜੇ ਵਜੋਂ ਨਵੀਆਂ ਅਤੇ ਉਪਭੋਗਤਾ-ਮੰਗ ਆਧਾਰਤ ਸਰਵੇਖਣਾਂ ਦੀ ਸ਼ੁਰੂਆਤ ਹੋਈ ਹੈ, ਮੁੱਖ ਸਮੁੱਚੇ ਆਰਥਿਕ ਸੂਚਕਾਂ ਨੂੰ ਅੱਪਡੇਟ ਕੀਤਾ ਗਿਆ ਹੈ, ਡੇਟਾ ਦੇ ਪ੍ਰਸਾਰ ਵਿੱਚ ਸੁਧਾਰ ਕੀਤਾ ਗਿਆ ਹੈ ਅਤੇ ਪ੍ਰਕਿਰਿਆਵਾਂ ਵਿੱਚ ਮਹੱਤਵਪੂਰਨ ਸੁਧਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਦਮਾਂ ਨੇ ਇੱਕ ਹੋਰ ਮਜ਼ਬੂਤ, ਭਰੋਸੇਯੋਗ ਅਤੇ ਭਵਿੱਖ ਲਈ ਤਿਆਰ ਅੰਕੜਾ ਪ੍ਰਣਾਲੀ ਦੀ ਨੀਂਹ ਰੱਖੀ ਹੈ।
ਸਾਲ 2020 ਤੋਂ 2025 ਤੱਕ ਪੰਜ ਸਾਲਾਂ ਦੇ ਦੌਰਾਨ ਸੁਧਾਰ ਪ੍ਰਕਿਰਿਆ ਦੀ ਅਗਵਾਈ ਕਰਨ ਲਈ ਅੰਕੜਾ ਅਤੇ ਪ੍ਰੋਗਰਾਮ ਅਮਲ ਮੰਤਰਾਲੇ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਡਾ. ਪੀ. ਕੇ. ਮਿਸ਼ਰਾ ਨੇ ਦੱਸਿਆ ਕਿ ਸਾਲ 2020 ਤੋਂ ਪ੍ਰਧਾਨ ਮੰਤਰੀ ਦਫ਼ਤਰ ਅਤੇ ਅੰਕੜਾ ਅਤੇ ਪ੍ਰੋਗਰਾਮ ਅਮਲ ਮੰਤਰਾਲੇ ਵੱਲੋਂ ਮੁੱਦਿਆਂ ਦਾ ਵਿਸ਼ਲੇਸ਼ਣ ਕਰਨ, ਉਪਾਵਾਂ ਦੀ ਪਛਾਣ ਕਰਨ ਅਤੇ ਚੁਣੌਤੀਆਂ ਦਾ ਹੱਲ ਲੱਭਣ ਲਈ ਕਈ ਕਦਮ ਚੁੱਕੇ ਗਏ। ਡਾ. ਮਿਸ਼ਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਉਤਪ੍ਰੇਰਕ ਅਤੇ ਸੁਵਿਧਾਕਾਰ ਦੀ ਭੂਮਿਕਾ ਨਿਭਾਈ, ਜਿਸ ਨਾਲ ਮੰਤਰਾਲਾ ਆਪਣੀ ਸੰਸਥਾਗਤ ਮੁਹਾਰਤ ਅਤੇ ਸਮਰੱਥਾ ਦਾ ਲਾਭ ਲੈ ਕੇ ਇੱਕ ਹੋਰ ਮਜ਼ਬੂਤ, ਵਧੇਰੇ ਭਰੋਸੇਯੋਗ ਅਤੇ ਭਵਿੱਖ ਲਈ ਤਿਆਰ ਅੰਕੜਾ ਪ੍ਰਣਾਲੀ ਦਾ ਨਿਰਮਾਣ ਕਰ ਸਕਿਆ।
ਇਸ ਸਾਲ ਦੇ ਅੰਕੜਾ ਦਿਵਸ ਦੇ ਵਿਸ਼ੇ "ਪ੍ਰਸ਼ਾਸਕੀ ਡੇਟਾ ਦੀ ਸਮਰੱਥਾ ਨੂੰ ਖੋਲ੍ਹਣਾ " 'ਤੇ ਜ਼ੋਰ ਦਿੰਦਿਆਂ ਡਾ. ਪੀ. ਕੇ. ਮਿਸ਼ਰਾ ਨੇ ਕਿਹਾ ਕਿ ਭਾਰਤ ਦੇ ਤੇਜ਼ ਡਿਜੀਟਲ ਬਦਲਾਅ ਨੇ ਪ੍ਰਸ਼ਾਸਕੀ ਡੇਟਾ ਦੇ ਵਿਸ਼ਾਲ ਭੰਡਾਰ ਤਿਆਰ ਕੀਤੇ ਹਨ, ਜੋ ਸਬੂਤ-ਆਧਾਰਤ ਨੀਤੀ-ਨਿਰਮਾਣ ਅਤੇ ਸ਼ਾਸਨ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ਬਣਾ ਸਕਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਪ੍ਰਸ਼ਾਸਕੀ ਡੇਟਾ ਨੂੰ ਇੱਕ ਰਾਸ਼ਟਰੀ ਰਣਨੀਤਕ ਅਸਾਸੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ, ਜੋ ਬਿਹਤਰ ਯੋਜਨਾ ਤਿਆਰ ਕਰਨ, ਨਿਸ਼ਾਨਾ-ਅਧਾਰਤ ਸੇਵਾ ਪ੍ਰਦਾਨ ਕਰਨ ਅਤੇ ਸਮੇਂ ਸਿਰ ਫੈਸਲੇ ਲੈਣ ਵਿੱਚ ਮਦਦਗਾਰ ਸਾਬਤ ਹੋਵੇਗਾ।” ਉਨ੍ਹਾਂ ਨੇ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚਕਾਰ ਵਧੇਰੇ ਤਾਲਮੇਲ ਦੀ ਲੋੜ 'ਤੇ ਜ਼ੋਰ ਦਿੰਦਿਆਂ ਅਜਿਹੇ ਆਪਸੀ ਤੌਰ 'ਤੇ ਜੁੜੇ ਅਤੇ ਏਕੀਕ੍ਰਿਤ ਡੇਟਾ ਈਕੋਸਿਸਟਮ ਬਣਾਉਣ ਦੀ ਵਕਾਲਤ ਕੀਤੀ, ਜੋ ਗੁਪਤਤਾ, ਸੁਰੱਖਿਆ ਅਤੇ ਰਾਜ਼ਦਾਰੀ ਦੇ ਉੱਚਤਮ ਮਿਆਰਾਂ ਨੂੰ ਕਾਇਮ ਰੱਖਦਿਆਂ ਸੁਰੱਖਿਅਤ ਡੇਟਾ ਸਾਂਝਾ ਕਰਨ ਨੂੰ ਯਕੀਨੀ ਬਣਾਉਣ। ਡਾ. ਮਿਸ਼ਰਾ ਨੇ ਅੱਗੇ ਕਿਹਾ ਕਿ ਭਰੋਸੇਯੋਗ ਅਤੇ ਆਪਸੀ ਤੌਰ 'ਤੇ ਜੁੜੇ ਡੇਟਾ-ਸੈੱਟ ਸ਼ਾਸਨ ਵਿੱਚ ਮਸਨੂਈ ਬੁੱਧੀ ਨੂੰ ਜ਼ੁੰਮੇਵਾਰੀ ਨਾਲ ਅਪਣਾਉਣ ਲਈ ਮਜ਼ਬੂਤ ਆਧਾਰ ਪ੍ਰਦਾਨ ਕਰਨਗੇ। ਉਨ੍ਹਾਂ ਨੇ ਇਸ ਦੇ ਨਾਲ ਹੀ ਸੰਸਥਾਵਾਂ ਵਿੱਚ ਮਨੁੱਖੀ ਸਮਰੱਥਾ, ਡੇਟਾ ਸਾਖਰਤਾ ਅਤੇ ਵਿਸ਼ਲੇਸ਼ਣੀ ਯੋਗਤਾਵਾਂ ਨੂੰ ਵਿਕਸਿਤ ਕਰਨ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ।
ਭਾਰਤ ਦੀ ਅੰਕੜਾ ਪ੍ਰਣਾਲੀ ਵਿੱਚ ਜਾਰੀ ਬਦਲਾਅ ਨੂੰ ਉਜਾਗਰ ਕਰਦਿਆਂ ਡਾ. ਪੀ. ਕੇ. ਮਿਸ਼ਰਾ ਨੇ ਕਿਹਾ, “ਪ੍ਰਸ਼ਾਸਕੀ ਡੇਟਾ ਨੂੰ ਅਪਣਾਉਣਾ ਦੇਸ਼ ਦੀ ਸੰਮਲਿਤ ਅਤੇ ਸਬੂਤ-ਆਧਾਰਤ ਸ਼ਾਸਨ ਪ੍ਰਤੀ ਲੰਬੇ ਸਮੇਂ ਦੀ ਵਚਨਬੱਧਤਾ ਦਾ ਵਿਸਥਾਰ ਹੈ।”
ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਨੇ ਕੰਪਿਊਟਰ-ਸਹਾਇਤਾ ਪ੍ਰਾਪਤ ਵਿਅਕਤੀਗਤ ਇੰਟਰਵਿਊ ਰਾਹੀਂ ਸਰਵੇਖਣ ਵਿਧੀਆਂ ਦਾ ਆਧੁਨਿਕੀਕਰਨ ਕੀਤਾ ਹੈ, ਜ਼ਿਲ੍ਹਾ-ਪੱਧਰੀ ਅਨੁਮਾਨ ਤਿਆਰ ਕਰਨ ਲਈ ਨਮੂਨਾ ਡਿਜ਼ਾਈਨ ਵਿੱਚ ਸੋਧ ਕੀਤੀ ਹੈ, ਉੱਚ-ਆਵਰਤੀ ਸਰਵੇਖਣ ਸ਼ੁਰੂ ਕੀਤੇ ਹਨ ਅਤੇ ਸਰਕਾਰੀ ਅੰਕੜੇ ਜਾਰੀ ਕਰਨ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾਇਆ ਹੈ। ਉਨ੍ਹਾਂ ਨੇ ਕਿਹਾ, “ਕੁੱਲ ਘਰੇਲੂ ਉਤਪਾਦ, ਉਪਭੋਗਤਾ ਮੁੱਲ ਸੂਚਕਾਂਕ ਅਤੇ ਉਦਯੋਗਿਕ ਉਤਪਾਦਨ ਸੂਚਕਾਂਕ ਸਮੇਤ ਮੁੱਖ ਸਮੁੱਚੇ ਆਰਥਿਕ ਸੂਚਕਾਂ ਨੂੰ ਨਵੇਂ ਆਧਾਰ ਸਾਲਾਂ ਨਾਲ ਅੱਪਡੇਟ ਕੀਤਾ ਜਾ ਰਿਹਾ ਹੈ, ਤਾਂ ਜੋ ਭਾਰਤ ਦੀ ਬਦਲ ਰਹੀ ਅਰਥਵਿਵਸਥਾ ਨੂੰ ਹੋਰ ਬਿਹਤਰ ਢੰਗ ਨਾਲ ਦਰਸਾਇਆ ਜਾ ਸਕੇ।” ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਨੈਸ਼ਨਲ ਮੈਟਾਡੇਟਾ ਸਟ੍ਰਕਚਰ 2.0, ਮਸ਼ੀਨ-ਪੜ੍ਹਨਯੋਗ ਡੇਟਾ ਮਿਆਰ, ਓਪਨ ਏਪੀਆਈ ਅਤੇ ਈ-ਸੰਖਿਅਕੀ, ਜੀਓਆਈਸਟੈਟਸ, ਪੈਮਾਨਾ (PAIMANA) ਅਤੇ ਈ - ਸਾਕਸ਼ੀ ਵਰਗੇ ਡਿਜੀਟਲ ਪਲੇਟਫਾਰਮਾਂ ਰਾਹੀਂ ਇੱਕ ਮਜ਼ਬੂਤ ਪ੍ਰਸ਼ਾਸਕੀ ਡੇਟਾ ਈਕੋਸਿਸਟਮ ਵਿਕਸਿਤ ਕੀਤਾ ਜਾ ਰਿਹਾ ਹੈ, ਜੋ ਡੇਟਾ ਦੀ ਪਹੁੰਚ, ਆਪਸੀ ਅਨੁਕੂਲਤਾ ਅਤੇ ਰੀਅਲ-ਟਾਈਮ ਸ਼ਾਸਨ ਨੂੰ ਹੋਰ ਮਜ਼ਬੂਤ ਬਣਾ ਰਹੇ ਹਨ।
ਡਾ. ਪੀ. ਕੇ. ਮਿਸ਼ਰਾ ਨੇ ਭਾਰਤ ਦੀ ਅੰਕੜਾ ਪ੍ਰਣਾਲੀ ਵਿੱਚ ਜਾਰੀ ਬਦਲਾਅ ਨੂੰ ਅੰਕੜਾ ਅਤੇ ਪ੍ਰੋਗਰਾਮ ਅਮਲ ਮੰਤਰਾਲੇ ਅਤੇ ਮਾਹਰ ਸੰਸਥਾਵਾਂ ਦੇ ਸਾਂਝੇ ਯਤਨਾਂ ਨਾਲ ਪ੍ਰਾਪਤ ਇੱਕ ਸਫਲਤਾ ਦੀ ਕਹਾਣੀ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ, “ਇਹ ਸੁਧਾਰ ਬਿਨਾਂ ਕੋਈ ਨਵੀਆਂ ਕਮੇਟੀਆਂ ਬਣਾਏ ਜਾਂ ਬਾਹਰੀ ਸਲਾਹਕਾਰਾਂ ਨੂੰ ਸ਼ਾਮਲ ਕੀਤੇ ਪ੍ਰਾਪਤ ਕੀਤੇ ਗਏ। ਨੌਜਵਾਨ ਅਧਿਕਾਰੀਆਂ ਦੀ ਇੱਕ ਛੋਟੀ ਟੀਮ ਨੇ ਵੱਖ-ਵੱਖ ਸਿਫ਼ਾਰਸ਼ਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਅਮਲਯੋਗ ਸੁਧਾਰਾਂ ਵਿੱਚ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।”
ਅੱਗੇ ਦੀ ਰਾਹ ਦਰਸਾਉਂਦਿਆਂ ਡਾ. ਪੀ. ਕੇ. ਮਿਸ਼ਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੋਚ ਅਨੁਸਾਰ ਸ਼ਾਸਨ ਦਾ ਭਵਿੱਖ ਡੇਟਾ-ਆਧਾਰਤ ਫੈਸਲਾ ਲੈਣ ਨਾਲ ਜੁੜਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਭਾਰਤ ਏਆਈ-ਤਿਆਰ ਡੇਟਾ-ਸੈੱਟਾਂ ਵੱਲ ਅੱਗੇ ਵਧ ਰਿਹਾ ਹੈ, ਅੰਕੜਾ ਪ੍ਰਣਾਲੀ ਨੂੰ ਭਰੋਸੇ, ਸੁਤੰਤਰਤਾ ਅਤੇ ਸਖ਼ਤੀ ਦੇ ਸਿਧਾਂਤਾਂ ਨੂੰ ਕਾਇਮ ਰੱਖਣਾ ਹੋਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਪ੍ਰਸ਼ਾਸਕੀ ਡੇਟਾ ਓਦੋਂ ਹੀ ਇੱਕ ਸ਼ਕਤੀਸ਼ਾਲੀ ਰਾਸ਼ਟਰੀ ਅਸਾਸਾ ਬਣ ਸਕਦਾ ਹੈ, ਜਦੋਂ ਇਸ ਨੂੰ ਗੁਣਵੱਤਾ, ਗੁਪਤਤਾ ਅਤੇ ਪਾਰਦਰਸ਼ਤਾ ਦੇ ਮਜ਼ਬੂਤ ਮਿਆਰਾਂ ਦਾ ਸਹਾਰਾ ਪ੍ਰਾਪਤ ਹੋਵੇ। ਨਵੇਂ ਡੇਟਾ ਸਰੋਤਾਂ ਨੂੰ ਅਪਣਾਉਂਦੇ ਹੋਏ ਸਰਕਾਰੀ ਅੰਕੜਿਆਂ ਦੀ ਭਰੋਸੇਯੋਗਤਾ ਅਤੇ ਸੁਤੰਤਰਤਾ ਨੂੰ ਕਾਇਮ ਰੱਖਣਾ ਵੀ ਬਹੁਤ ਜ਼ਰੂਰੀ ਹੈ।”
ਡਾ. ਮਿਸ਼ਰਾ ਨੇ ਅੱਗੇ ਕਿਹਾ ਕਿ ਹਾਲਾਂਕਿ ਮਸਨੂਈ ਬੁੱਧੀ ਅੰਕੜਾ ਵਿਸ਼ਲੇਸ਼ਣ ਅਤੇ ਨੀਤੀ-ਨਿਰਮਾਣ ਲਈ ਬਦਲਾਅਕਾਰੀ ਮੌਕੇ ਪ੍ਰਦਾਨ ਕਰਦੀ ਹੈ, ਪਰ ਇਸ ਨੂੰ ਮਜ਼ਬੂਤ ਸ਼ਾਸਨ ਢਾਂਚਿਆਂ ਦੇ ਅਧੀਨ ਅਪਣਾਇਆ ਜਾਣਾ ਚਾਹੀਦਾ ਹੈ, ਤਾਂ ਜੋ ਪੱਖਪਾਤ, ਜਵਾਬਦੇਹੀ ਅਤੇ ਵਿਆਖਿਆਯੋਗਤਾ ਨਾਲ ਸਬੰਧਤ ਮੁੱਦਿਆਂ ਦਾ ਹੱਲ ਕੀਤਾ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਤਕਨੀਕੀ ਨਵੀਨਤਾ ਸਰਕਾਰੀ ਅੰਕੜਿਆਂ ਦੀ ਭਰੋਸੇਯੋਗਤਾ ਨੂੰ ਮਜ਼ਬੂਤ ਕਰੇ, ਨਾ ਕਿ ਉਸ ਨਾਲ ਸਮਝੌਤਾ ਕਰੇ।
ਆਪਣਾ ਭਾਸ਼ਣ ਸਮਾਪਤ ਕਰਦਿਆਂ ਡਾ. ਪੀ. ਕੇ. ਮਿਸ਼ਰਾ ਨੇ ਕਿਹਾ ਕਿ ਪ੍ਰਸ਼ਾਸਕੀ ਡੇਟਾ ਦੀ ਅਸਲ ਸਮਰੱਥਾ ਕੇਵਲ ਤਕਨਾਲੋਜੀ ਰਾਹੀਂ ਨਹੀਂ, ਸਗੋਂ ਅਜਿਹੇ ਮਜ਼ਬੂਤ ਸੰਸਥਾਗਤ ਢਾਂਚਿਆਂ ਰਾਹੀਂ ਸਾਕਾਰ ਹੋਵੇਗੀ, ਜੋ ਗੁਣਵੱਤਾ, ਗੁਪਤਤਾ, ਪਾਰਦਰਸ਼ਤਾ ਅਤੇ ਸੁਤੰਤਰਤਾ ਦੇ ਉੱਚ ਮਿਆਰਾਂ ਨੂੰ ਯਕੀਨੀ ਬਣਾਉਣ। ਪ੍ਰੋਫੈਸਰ ਪੀ. ਸੀ. ਮਹਾਲਨੋਬਿਸ ਦੇ ਤੱਥਾਂ ਅਤੇ ਸਬੂਤਾਂ 'ਤੇ ਆਧਾਰਤ ਸ਼ਾਸਨ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਵੱਲ ਦਾ ਸਫ਼ਰ ਭਰੋਸੇਯੋਗ ਡੇਟਾ 'ਤੇ ਆਧਾਰਤ ਹੋਣਾ ਚਾਹੀਦਾ ਹੈ, ਜੋ ਇਹ ਯਕੀਨੀ ਬਣਾਏ ਕਿ ਹਰ ਨਾਗਰਿਕ ਦੀ ਗਿਣਤੀ ਹੋਵੇ ਅਤੇ ਕੋਈ ਵੀ ਪਿੱਛੇ ਨਾ ਰਹਿ ਜਾਵੇ। ਪ੍ਰੋਫੈਸਰ ਸੀ. ਆਰ. ਰਾਓ ਦੇ ਇਸ ਕਥਨ ਦਾ ਹਵਾਲਾ ਦਿੰਦਿਆਂ ਕਿ "ਸਾਰੇ ਫੈਸਲੇ ਆਪਣੇ ਤਰਕ ਦੇ ਆਧਾਰ 'ਤੇ ਅੰਕੜੇ ਹੁੰਦੇ ਹਨ", ਡਾ. ਮਿਸ਼ਰਾ ਨੇ ਕਿਹਾ ਕਿ ਰਾਸ਼ਟਰੀ ਫੈਸਲਾ-ਲੈਣ ਦੀ ਗੁਣਵੱਤਾ ਸਰਕਾਰੀ ਅੰਕੜਿਆਂ ਦੀ ਗੁਣਵੱਤਾ ਅਤੇ ਭਰੋਸੇਯੋਗਤਾ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਸਮਾਗਮ ਨੂੰ ਸੰਬੋਧਨ ਕਰਨ ਦਾ ਮੌਕਾ ਦੇਣ ਲਈ ਅੰਕੜਾ ਅਤੇ ਪ੍ਰੋਗਰਾਮ ਅਮਲ ਮੰਤਰਾਲੇ ਦਾ ਧੰਨਵਾਦ ਕੀਤਾ, ਪ੍ਰੋਫੈਸਰ ਅਰੂਪ ਬੋਸ ਨੂੰ ਸੁਖਾਤਮੇ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ 'ਤੇ ਵਧਾਈ ਦਿੱਤੀ ਅਤੇ ਰਾਸ਼ਟਰ ਨਿਰਮਾਣ ਵਿੱਚ ਅੰਕੜਾ ਭਾਈਚਾਰੇ ਦੇ ਲਗਾਤਾਰ ਯੋਗਦਾਨ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।