PM Modi Punjab Visit: PM Narendra Modi to Launch Mega Development Projects Ahead of 2027 Polls
PM Modi Punjab Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਪੰਜਾਬ ਦੇ ਦੌਰੇ 'ਤੇ ਆ ਸਕਦੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਪੀਐਮ ਮੋਦੀ ਇਸੇ ਮਹੀਨੇ ਜਾਂ ਫਿਰ ਅਗਲੇ ਮਹੀਨੇ ਪੰਜਾਬ ਦਾ ਦੌਰਾ ਕਰ ਸਕਦੇ ਹਨ। ਉਹ ਪੰਜਾਬ ਨੂੰ ਕਈ ਵਿਕਾਸ ਪ੍ਰੋਜੈਕਟਾਂ ਦਾ ਤੋਹਫ਼ਾ ਦੇਣਗੇ, ਜਿਸ ਵਿੱਚ ਇੱਕ ਵੱਡੇ ਰੇਲਵੇ ਪ੍ਰੋਜੈਕਟ ਦਾ ਉਦਘਾਟਨ ਵੀ ਸ਼ਾਮਲ ਹੈ। 2027 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਪੀਐਮ ਮੋਦੀ ਦਾ ਇਹ ਦੌਰਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ ਅਤੇ ਰਣਨੀਤਕ ਤੌਰ 'ਤੇ ਇਸ ਦੇ ਕਈ ਮਾਅਨੇ ਕੱਢੇ ਜਾ ਰਹੇ ਹਨ।
ਆਖਰੀ ਵਾਰ ਇਸੇ ਸਾਲ ਫਰਵਰੀ ਵਿੱਚ ਜਲੰਧਰ ਆਏ ਸਨ ਪੰਜਾਬ ਪ੍ਰਦੇਸ਼ ਭਾਜਪਾ ਲੀਡਰਸ਼ਿਪ ਵਿੱਚ ਬਦਲਾਅ ਤੋਂ ਬਾਅਦ ਮੋਦੀ ਦਾ ਇਹ ਪਹਿਲਾ ਦੌਰਾ ਹੈ। ਇਸ ਤੋਂ ਪਹਿਲਾਂ ਉਹ ਆਖਰੀ ਵਾਰ ਇਸੇ ਸਾਲ ਫਰਵਰੀ ਵਿੱਚ ਜਲੰਧਰ ਆਏ ਸਨ ਅਤੇ ਇੱਥੇ ਡੇਰਾ ਸੱਚਖੰਡ ਬੱਲਾਂ ਵਿੱਚ ਮੱਥਾ ਟੇਕਿਆ ਸੀ। ਨਾਲ ਹੀ 'ਪਦਮ ਸ਼੍ਰੀ ਅਵਾਰਡ' ਨਾਲ ਸਨਮਾਨਿਤ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਵੀ ਕੀਤੀ ਸੀ। ਜਦਕਿ ਇਸ ਤੋਂ ਪਹਿਲਾਂ ਪੀਐਮ ਮੋਦੀ ਪੰਜਾਬ ਵਿੱਚ ਮਈ ਸਾਲ 2025 ਵਿੱਚ ਆਏ ਸਨ। ਉਦੋਂ ਉਹ ਭਾਰਤੀ ਹਵਾਈ ਸੈਨਾ ਦੇ ਜਲੰਧਰ ਸਥਿਤ ਆਦਮਪੁਰ ਏਅਰਬੇਸ ਪਹੁੰਚੇ ਸਨ। ਉਨ੍ਹਾਂ ਦਾ ਇਹ ਦੌਰਾ 'ਆਪ੍ਰੇਸ਼ਨ ਸਿੰਦੂਰ' ਦੌਰਾਨ 13 ਮਈ 2025 ਨੂੰ ਹੋਇਆ ਸੀ।
ਹਾਲ ਹੀ ਵਿੱਚ ਨਿਤਿਨ ਨਬੀਨ ਪੰਜਾਬ ਆਏ 2027 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਭਾਜਪਾ ਨੇ ਪੰਜਾਬ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲ ਹੀ ਵਿੱਚ ਭਾਜਪਾ ਦੇ ਰਾਸ਼ਟਰੀ ਆਗੂ ਨਿਤਿਨ ਨਬੀਨ ਨੇ ਪੰਜਾਬ ਦਾ ਦੌਰਾ ਕੀਤਾ ਸੀ। ਜਦਕਿ ਇਸ ਤੋਂ ਪਹਿਲਾਂ ਦਿੱਲੀ ਵਿੱਚ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਦੀ ਇੱਕ ਵੱਡੀ ਬੈਠਕ ਬੁਲਾਈ ਗਈ ਸੀ। ਜਿਸ ਵਿੱਚ ਭਾਜਪਾ ਦੇ ਕੇਂਦਰੀ ਆਗੂਆਂ ਤੋਂ ਇਲਾਵਾ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੇ ਸੰਗਠਨ ਮੰਤਰੀ ਸ੍ਰੀਨਿਵਾਸਲੂ ਸਮੇਤ ਪੰਜਾਬ ਭਾਜਪਾ ਦੇ ਕਈ ਸੀਨੀਅਰ ਲੀਡਰ ਸ਼ਾਮਲ ਹੋਏ ਸਨ। ਬੈਠਕ ਵਿੱਚ ਪੰਜਾਬ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਰਣਨੀਤਕ ਚਰਚਾ ਕੀਤੀ ਗਈ।
ਭਾਜਪਾ ਨੇ ਪੰਜਾਬ ਲੀਡਰਸ਼ਿਪ ਵਿੱਚ ਕੀਤਾ ਵੱਡਾ ਬਦਲਾਅ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਭਾਜਪਾ ਨੇ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਬਦਲਾਅ ਕੀਤਾ ਹੈ। ਸੁਨੀਲ ਜਾਖੜ ਦੀ ਜਗ੍ਹਾ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਕੇਵਲ ਢਿੱਲੋਂ ਇੱਕ ਸਿੱਖ ਚਿਹਰਾ ਹਨ ਅਤੇ ਭਾਜਪਾ ਦਾ ਇਹ ਬਦਲਾਅ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨ ਅਤੇ ਸੰਗਠਨ ਨੂੰ ਰਣਨੀਤਕ ਵਿਸਥਾਰ ਦੇਣ ਲਈ ਅਹਿਮ ਮੰਨਿਆ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੇਵਲ ਢਿੱਲੋਂ ਆਪਣੀ ਅਗਵਾਈ ਹੇਠ ਭਾਜਪਾ ਨੂੰ ਪੰਜਾਬ ਵਿੱਚ ਕਿੰਨਾ ਮਜ਼ਬੂਤ ਕਰ ਪਾਉਂਦੇ ਹਨ?