ਕਲੀਨ ਪੰਜਾਬ: ਨਗਰ ਨਿਗਮ ਵੱਲੋਂ ਖਾਣ ਪੀਣ ਵਾਲੀਆਂ ਦੁਕਾਨਾਂ ਦੀ ਸਫਾਈ ਸਬੰਧੀ ਕੀਤੀ ਗਈ ਚੈਕਿੰਗ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਬਠਿੰਡਾ
ਕਲੀਨ ਪੰਜਾਬ: ਨਗਰ ਨਿਗਮ ਵੱਲੋਂ ਖਾਣ ਪੀਣ ਵਾਲੀਆਂ ਦੁਕਾਨਾਂ ਦੀ ਸਫਾਈ ਸਬੰਧੀ ਕੀਤੀ ਗਈ ਚੈਕਿੰਗ
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਜਾਰੀ, ਕਮਿਸ਼ਨਰ ਨਗਰ ਨਿਗਮ
ਬਠਿੰਡਾ, 4 ਜੁਲਾਈ
ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ "ਮਿਸ਼ਨ ਕਲੀਨ ਪੰਜਾਬ" ਤਹਿਤ ਅੱਜ ਨਗਰ ਨਿਗਮ ਬਠਿੰਡਾ ਵੱਲੋਂ ਸ਼ਹਿਰ ਦੀਆਂ ਪ੍ਰਮੁੱਖ ਖਾਣ ਪੀਣ ਸਬੰਧੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ । ਜਿਨ੍ਹਾਂ ਦੁਕਾਨਾਂ 'ਤੇ ਸਫਾਈ ਤਸੱਲੀਬਖ਼ਸ਼ ਅਤੇ ਮਿਆਰੀ ਨਹੀਂ ਮਿਲੀ ਉਨ੍ਹਾਂ ਦੁਕਾਨਾਂ ਦੇ ਮੌਕੇ ਉੱਤੇ ਚਲਾਨ ਕੱਟੇ ਗਏ।
ਕਮਿਸ਼ਨਰ ਨਗਰ ਨਿਗਮ ਮੈਡਮ ਲਵਜੀਤ ਕਲਸੀ ਨੇ ਦੱਸਿਆ ਕਿ ਜਾਂਚ ਦੌਰਾਨ ਡਾ. ਹੇਮੰਤ ਗੋਪਾਲ ਬੀ.ਐੱਮ.ਸੀ. ਹਸਪਤਾਲ ਫੇਜ਼-2, ਕਬਾਬ ਰੋਲ ਨੇੜੇ ਮਿੱਤਲ ਮਾਲ , ਪੀਜ਼ਾ ਹਟ, ਵਿਦੇਸ਼ੀ ਕਿਚਨ, ਚਟਪਟੇ ਚਟੂਰੇ, ਸ਼੍ਰੀ ਸ਼ਿਆਮ ਢਾਬਾ ਅਤੇ ਰੈੱਡ ਅਰਚਿਤ ਸਪਾ ਜੀ.ਟੀ. ਰੋਡ ਮਾਰਕੀਟ ਵਿੱਚ ਸਫ਼ਾਈ ਸਬੰਧੀ ਨਿਯਮਾਂ ਦੀ ਉਲੰਘਣਾ ਪਾਈ ਗਈ ਜਿਸ ਕਾਰਨ ਇਨ੍ਹਾਂ ਦੇ ਚਲਾਨ ਕੱਟੇ ।
ਉਨ੍ਹਾਂ ਦੱਸਿਆ ਕਿ ਆਮ ਲੋਕਾਂ ਵੱਲੋਂ ਵੀ ਸਮੇਂ ਸਿਰ ਪ੍ਰਸ਼ਾਸਨ ਦੇ ਧਿਆਨ ਚ ਇਸ ਤਰ੍ਹਾਂ ਦੀਆਂ ਊਣਤਾਈਆਂ ਲਿਆਂਦੀ ਜਾਂਦੀਆਂ ਹਨ ਜਿਨ੍ਹਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਇਨ੍ਹਾਂ ਦੁਕਾਨਾਂ ਦੇ ਮਾਲਕਾਂ ਅਤੇ ਮੈਨੇਜਰਾਂ ਨੂੰ ਮੌਕੇ ਉੱਤੇ ਸਫ਼ਾਈ ਯਕੀਨੀ ਬਣਾਉਣਾ ਸਬੰਧੀ ਨੁਕਤੇ ਦਿੱਤੇ ਗਏ । ਨਾਲ ਹੀ ਇਨ੍ਹਾਂ ਅਦਾਰਿਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਕਰ ਮੁੜ ਇਸ ਤਰ੍ਹਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਇਸ ਤੋਂ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮਿਸ਼ਨ ਕਲੀਨ ਪੰਜਾਬ ਦਾ ਮੁੱਖ ਉਦੇਸ਼ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਾਉਣਾ ਹੈ। ਇਸ ਲਈ ਸਾਰੇ ਵਪਾਰਕ ਅਦਾਰਿਆਂ ਨੂੰ ਸਫ਼ਾਈ ਦੇ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ।
ਪ੍ਰਸ਼ਾਸਨ ਨੇ ਸਮੂਹ ਦੁਕਾਨਦਾਰਾਂ, ਰੈਸਟੋਰੈਂਟ ਸੰਚਾਲਕਾਂ ਅਤੇ ਹੋਰ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਦਾਰਿਆਂ ਵਿੱਚ ਸਫ਼ਾਈ ਬਣਾਈ ਰੱਖਣ, ਗਿੱਲੇ ਅਤੇ ਸੁੱਕੇ ਕੂੜੇ ਦਾ ਸਹੀ ਨਿਪਟਾਰਾ ਕਰਨ ਅਤੇ ਨਗਰ ਨਿਗਮ ਦੇ ਸਫ਼ਾਈ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ, ਤਾਂ ਜੋ ਮਿਸ਼ਨ ਕਲੀਨ ਪੰਜਾਬ ਨੂੰ ਸਫ਼ਲ ਬਣਾਇਆ ਜਾ ਸਕੇ।