ਪਿੰਡਾਂ ਦੇ ਰਸਤੇ ਹੋਏ ਬਹਾਲ, ਜਲ ਸਪਲਾਈ, ਬਿਜਲੀ ਦੀ ਸਹੂਲਤ
ਪਿੰਡਾਂ ਦੇ ਰਸਤੇ ਹੋਏ ਬਹਾਲ, ਜਲ ਸਪਲਾਈ, ਬਿਜਲੀ ਦੀ ਸਹੂਲਤ ਨਿਰਵਿਘਨ ਕਰਵਾਈ ਸੁਰੂ- ਹਰਜੋਤ ਬੈਂਸ
ਕੈਬਨਿਟ ਮੰਤਰੀ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਦੌਰੇ ਦੌਰਾਨ ਨੁਕਸਾਨਿਆਂ ਫਸਲਾਂ, ਮਕਾਨਾ ਦੀ ਗਿਰਦਾਵਰੀ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼
ਸ੍ਰੀ ਅਨੰਦਪੁਰ ਸਾਹਿਬ 10 ਸਤੰਬਰ (2025)
ਸ.ਹਰਜੋਤ ਸਿੰਘ ਬੈਂਸ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਦੌਰੇ ਦੌਰਾਨ ਪਿੰਡ ਚੰਦਪੁਰ ਬੇਲਾ ਵਿੱਚ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਮੌਕੇ ਕਿਹਾ ਕਿ ਸਾਰੇ ਪਿੰਡਾਂ ਨੂੰ ਜਾਣ ਵਾਲੇ ਰਸਤੇ ਠੀਕ ਕਰ ਰਹੇ ਹਾਂ। ਜਲ ਸਪਲਾਈ, ਬਿਜਲੀ ਦੀ ਸਹੂਲਤ ਨਿਰਵਿਘਨ ਚਾਲੂ ਹੋ ਗਈ ਹੈ। ਪ੍ਰਭਾਵਿਤ ਪਿੰਡਾਂ ਵਿੱਚ ਮੈਡੀਕਲ ਟੀਮਾਂ ਪਹੁੰਚ ਕੇ ਮੁਫਤ ਦਵਾਈਆਂ ਅਤੇ ਪਸ਼ੂਆਂ ਦੀ ਵੈਕਸੀਨੇਸ਼ਨ ਲਈ ਵੈਟਨਰੀ ਡਾਕਟਰ ਜ਼ਮੀਨ ਤੇ ਕੰਮ ਕਰ ਰਹੇ ਹਨ।
ਸ.ਬੈਂਸ ਨੇ ਕਿਹਾ ਕਿ ਸਪੈਸ਼ਲ ਗਿਰਦਾਵਰੀ ਕਰਕੇ ਮਕਾਨਾਂ ਤੇ ਫਸਲਾਂ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਸਰਕਾਰ ਨੂੰ ਸਮੇਂ ਸਿਰ ਰਿਪੋਰਟ ਭੇਜੀ ਜਾ ਸਕੇ ਅਤੇ ਲੋਕਾਂ ਦੇ ਹੋਏ ਨੁਕਸਾਨ ਦਾ ਮੁਆਵਜਾਂ ਦੇਣ ਵਿਚ ਕੋਈ ਦੇਰੀ ਨਾ ਹੋਵੇ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਦੇ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਾਂ ਅਤੇ ਲੋੜਵੰਦਾਂ ਤੱਕ ਰਾਹਤ ਸਮੱਗਰੀ, ਪਸ਼ੂਆਂ ਲਈ ਚਾਰਾ ਮੁਹੱਇਆ ਕਰਵਾਇਆ ਜਾ ਰਿਹਾ ਹੈ। ਹੜ੍ਹਾਂ ਦੌਰਾਨ ਸਾਡੇ ਵਰਕਰਾਂ, ਵਲੰਟੀਅਰਾਂ, ਪੰਚਾਂ, ਸਰਪੰਚਾਂ, ਨੌਜਵਾਨਾਂ ਨੇ ਅਣਥੱਕ ਮਿਹਨਤ ਕੀਤੀ ਹੈ, ਕਮਜ਼ੋਰ ਬੰਨ੍ਹਾਂ ਨੂੰ ਮਜਬੂਤ ਕਰਨ ਲਈ ਦਿਨ ਰਾਤ ਇੱਕ ਕੀਤਾ ਹੈ ਜਿਸ ਨਾਲ ਵੱਡੇ ਨੁਕਸਾਨ ਹੋਣ ਤੋ ਬਚਾਅ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਹਾਲਾਤ ਆਮ ਵਰਗੇ ਹੋ ਜਾਣਗੇ ਅਤੇ ਅਸੀ ਮੁੜ ਜਿੰਦਗੀ ਦੀ ਗੱਡੀ ਲੀਹ ਤੇ ਲੈ ਆਵਾਂਗੇ। ਸਾਰੇ ਵਿਭਾਗ ਹੋਏ ਨੁਕਸਾਨ ਦੀ ਅਸੈਂਸਮੈਂਟ ਕਰ ਰਹੇ ਹਨ। ਜਿਹੜੀਆਂ ਵੀ ਸੜਕਾਂ, ਰਸਤੇ, ਗਲੀਆਂ, ਨਾਲੀਆਂ ਅਤੇ ਜਲ ਸਪਲਾਈ ਲਾਈਨਾ ਦਾ ਨੁਕਸਾਨ ਹੋਇਆ ਹੈ, ਉਹ ਸਾਡਾ ਕੰਮ ਮੁਰੰਮਤ ਕਰਵਾ ਕੇ ਮੁੜ ਆਮ ਵਰਗੇ ਹਾਲਾਤ ਬਣਾਏ ਜਾ ਰਹੇ ਹਨ।
ਇਸ ਮੌਕੇ ਕਮਿੱਕਰ ਸਿੰਘ ਡਾਢੀ ਹਲਕਾ ਕੋਆਰਡੀਨੇਟਰ, ਸੋਹਣ ਸਿੰਘ, ਪਰਮਿੰਦਰ ਸਿੰਘ ਜਿੰਮੀ, ਗੁਰਪ੍ਰੀਤ ਸਿੰਘ ਅਰੋੜਾ, ਕੇਸਰ ਸਿੰਘ ਸੰਧੂ, ਬਲਵਿੰਦਰ ਸਿੰਘ ਫੋਜੀ ਸਰਪੰਚ, ਧਰਮ ਸਿੰਘ, ਜਸਵੀਰ ਰਾਣਾ, ਗਫੂਰ ਮੁਹੰਮਦ, ਪ੍ਰਕਾਸ਼ ਕੌਰ, ਦਲਜੀਤ ਸਿੰਘ, ਨਿਤਿਨ, ਬਚਨ ਸਿੰਘ ਸਰਪੰਚ, ਜੁਨਿਸ਼ ਖਾਨ, ਸਰਬਜੀਤ ਸਿੰਘ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।