Bengal Cabinet Expansion: 35 Ministers to Take Oath Today
ਕੋਲਕਾਤਾ: ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਰਾਜ ਸਰਕਾਰ ਦੀ ਮੰਤਰੀ ਪ੍ਰੀਸ਼ਦ ਦਾ ਵਿਸਥਾਰ ਸੋਮਵਾਰ ਨੂੰ ਕੀਤਾ ਜਾਵੇਗਾ। ਸਹੁੰ ਚੁੱਕ ਸਮਾਗਮ ਵਿੱਚ ਰਾਜ ਸਰਕਾਰ ਦੇ 35 ਮੰਤਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਆਰ. ਐਨ. ਰਵੀ ਭਲਕੇ ਸਵੇਰੇ 11 ਵਜੇ 'ਨਬਾਨਾਂ' (ਸਕੱਤਰੇਤ) ਵਿੱਚ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਭਲਕੇ, ਪੱਛਮੀ ਬੰਗਾਲ ਦੇ ਲੋਕਾਂ ਦੇ ਫ਼ੈਸਲੇ ਨਾਲ ਚੁਣੀ ਗਈ ਰਾਸ਼ਟਰਵਾਦੀ ਸਰਕਾਰ ਦੀ ਪੂਰੀ ਮੰਤਰੀ ਪ੍ਰੀਸ਼ਦ ਹੋਂਦ ਵਿੱਚ ਆਵੇਗੀ। ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਕਿਹਾ, "ਮੰਤਰੀ ਪ੍ਰੀਸ਼ਦ ਦਾ ਵਿਸਥਾਰ ਕਰਨ ਦੇ ਮਕਸਦ ਨਾਲ, ਪੱਛਮੀ ਬੰਗਾਲ ਸਰਕਾਰ ਦੇ 35 ਮੰਤਰੀ ਸਵੇਰੇ 11 ਵਜੇ ਨਬਾਨਾਂ ਵਿੱਚ ਸਹੁੰ ਚੁੱਕਣਗੇ। ਮਹਾਮਹਿਮ ਰਾਜਪਾਲ ਆਰ. ਐਨ. ਰਵੀ ਉਨ੍ਹਾਂ ਨੂੰ ਸਹੁੰ ਚੁਕਾਉਣਗੇ।"
ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਆਗੂਆਂ ਨੂੰ ਰਾਜ ਪ੍ਰਸ਼ਾਸਨ ਵਿੱਚ ਅਹਿਮ ਅਹੁਦੇ ਦਿੱਤੇ ਜਾਣ ਦੀ ਉਮੀਦ ਹੈ। ਇਸ ਤੋਂ ਪਹਿਲਾਂ 18 ਮਈ ਨੂੰ ਪੱਛਮੀ ਬੰਗਾਲ ਕੈਬਨਿਟ ਨੇ ਸੰਸਥਾਗਤ ਭ੍ਰਿਸ਼ਟਾਚਾਰ ਅਤੇ ਔਰਤਾਂ ਵਿਰੁੱਧ ਅੱਤਿਆਚਾਰਾਂ ਨਾਲ ਨਜਿੱਠਣ ਲਈ ਦੋ ਕਮਿਸ਼ਨਾਂ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਸੀ, ਜਿਸਦਾ ਐਲਾਨ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਸੋਮਵਾਰ ਨੂੰ ਕੀਤਾ ਸੀ।
ਦੋਵਾਂ ਕਮਿਸ਼ਨਾਂ ਦੀ ਅਗਵਾਈ ਕਲਕੱਤਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਕਰਨਗੇ ਅਤੇ ਉਹ ਅਧਿਕਾਰਤ ਤੌਰ 'ਤੇ 1 ਜੂਨ ਤੋਂ ਆਪਣਾ ਕੰਮ ਸ਼ੁਰੂ ਕਰ ਦੇਣਗੇ। ਕੈਬਨਿਟ ਦੇ ਫ਼ੈਸਲੇ 'ਤੇ ਬੋਲਦਿਆਂ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਕਿਹਾ, "ਕੈਬਨਿਟ ਨੇ ਸੰਸਥਾਗਤ ਭ੍ਰਿਸ਼ਟਾਚਾਰ ਵਿਰੁੱਧ ਇੱਕ ਕਮਿਸ਼ਨ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸਦੇ ਮੁਖੀ ਕੋਲਕਾਤਾ ਹਾਈ ਕੋਰਟ ਦੇ ਸੇਵਾਮੁਕਤ ਜੱਜ, ਜਸਟਿਸ ਬਿਸਵਜੀਤ ਬਸੂ ਹੋਣਗੇ।"
ਕੈਬਨਿਟ ਨੇ ਔਰਤਾਂ ਵਿਰੁੱਧ ਅੱਤਿਆਚਾਰਾਂ ਲਈ ਵੀ ਇੱਕ ਕਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੀ ਚੇਅਰਪਰਸਨ ਸੇਵਾਮੁਕਤ ਜਸਟਿਸ ਸਮਾਪਤੀ ਚੈਟਰਜੀ ਹੋਵੇਗੀ। ਮੁੱਖ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਜ ਸਰਕਾਰ ਪਾਰਦਰਸ਼ਤਾ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, "ਦੋਵੇਂ ਕਮਿਸ਼ਨ ਇੱਕ ਜੂਨ ਤੋਂ ਕੰਮ ਸ਼ੁਰੂ ਕਰ ਦੇਣਗੇ।"
ਪੱਛਮੀ ਬੰਗਾਲ ਰਾਜ ਦੀ ਸਿਆਸਤ ਵਿੱਚ ਇਸ ਸਮਾਗਮ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਦੇ ਨਾਲ ਹੀ ਸਰਕਾਰ ਦਾ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗਾ। ਨਾਲ ਹੀ ਵੱਖ-ਵੱਖ ਵਿਭਾਗਾਂ ਵਿੱਚ ਕੰਮਕਾਜ ਦੀਆਂ ਜ਼ਿੰਮੇਵਾਰੀਆਂ ਤੈਅ ਹੋ ਸਕਣਗੀਆਂ। ਜ਼ਿਕਰਯੋਗ ਹੈ ਕਿ ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਬਨਰਜੀ ਦੀ ਟੀਐਮਸੀ (TMC) ਨੂੰ ਹਰਾ ਦਿੱਤਾ ਸੀ। ਇਸ ਤੋਂ ਬਾਅਦ ਭਾਜਪਾ ਨੇ ਸ਼ੁਭੇਂਦੂ ਅਧਿਕਾਰੀ ਨੂੰ ਰਾਜ ਦਾ ਮੁੱਖ ਮੰਤਰੀ ਚੁਣਿਆ। ਇਸ ਜਿੱਤ ਨਾਲ ਭਾਜਪਾ ਰਾਜ ਵਿੱਚ ਪਹਿਲੀ ਵਾਰ ਸਰਕਾਰ ਬਣਾਉਣ ਵਿੱਚ ਸਫ਼ਲ ਰਹੀ ਹੈ।