ਚੇਅਰਮੈਨ ਰਾਜੀ ਵੱਲੋਂ ਮੀਂਹ ਦੀ ਮਾਰ ਝੱਲ ਰਹੇ ਲੋਕਾਂ ਦੀ ਨਿਰੰਤਰ ਸੇਵਾ ਜਾਰੀ
ਚੇਅਰਮੈਨ ਰਾਜੀ ਵੱਲੋਂ ਮੀਂਹ ਦੀ ਮਾਰ ਝੱਲ ਰਹੇ ਲੋਕਾਂ ਦੀ ਨਿਰੰਤਰ ਸੇਵਾ ਜਾਰੀ
- ਸਤਲੁਜ ਦਰਿਆ ਕੰਢੇ ਰਾਹਤ ਕਾਰਜ਼ਾਂ 'ਚ ਲੱਗੇ ਵਾਹਨਾ 'ਚ ਪੁਆਇਆ ਜਾ ਰਿਹਾ ਡੀਜ਼ਲ
ਸਾਹਨੇਵਾਲ/ਲੁਧਿਆਣਾ, 07 ਸਤੰਬਰ (2025) - ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਜੋਕਿ ਪੰਜਾਬ ਸਰਕਾਰ ਵੱਲੋਂ ਵਿੱਢੀ 'ਯੁੱਧ ਨਸ਼ਿਆਂ ਵਿਰੁੱਧ' ਦੇ ਜ਼ਿਲ੍ਹਾ ਕੋਆਰਡੀਨੇਟਰ ਲੁਧਿਆਣਾ ਦਿਹਾਤੀ-2 ਵੀ ਹਨ, ਵੱਲੋਂ ਮੀਂਹ ਦੀ ਮਾਰ ਝੱਲ ਰਹੇ ਲੋਕਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਬੀਤੇ ਕੱਲ ਉਨ੍ਹਾਂ ਸਸਰਾਲੀ ਕਲੋਨੀ ਵਿਖੇ ਸਤਲੁਜ ਦਰਿਆ ਕੰਢੇ ਪ੍ਰਸ਼ਾਸ਼ਨ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜ਼ਾਂ ਲਈ ਹੋਰ 5 ਲੱਖ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਹੈ।
ਚੇਅਰਮੈਨ ਰਾਜੀ ਨੇ ਦੱਸਿਆ ਕਿ ਨੇੜਲੇ ਪਿੰਡਾਂ ਨੂੰ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਪ੍ਰਸ਼ਾਸ਼ਨ ਵੱਲੋਂ ਭਾਰਤੀ ਫੌਜ, ਐਨ.ਡੀ.ਆਰ.ਐਫ. ਤੇ ਲੋਕਾਂ ਦੇ ਸਹਿਯੋਗ ਨਾਲ ਰਿੰਗ ਬੰਨ੍ਹ ਬਣਾਇਆ ਜਾ ਰਿਹਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਵਾਹਨ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇੱਥੇ ਟਿੱਪਰਾਂ ਤੇ ਟਰਾਲੀਆਂ ਨਾਲ ਮਿੱਟੀ, ਰੇਤਾ, ਪੱਥਰ ਤੇ ਹੋਰ ਰਾਹਤ ਸਮੱਗਰੀ ਢੋਈ ਜਾ ਰਹੀ ਹੈ ਜਦਕਿ ਜੇ.ਸੀ.ਬੀ. ਤੇ ਪੌਕਲੇਨ ਮਸ਼ੀਨਾਂ ਰਾਹੀਂ ਦਿਨ-ਰਾਤ ਬੰਨ੍ਹ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਾਹਤ ਕਾਰਜ਼ਾਂ ਵਿੱਚ ਰੁੱਝੇ ਵਾਹਨਾਂ ਵਿੱਚ ਉਨ੍ਹਾਂ ਵੱਲੋਂ ਮੌਕੇ 'ਤੇ ਟੈਂਕਰ ਰਾਹੀਂ ਡੀਜ਼ਲ ਭਰਵਾਇਆ ਜਾ ਰਿਹਾ ਹੈ ਜਿਸ 'ਤੇ ਕਰੀਬ 5 ਲੱਖ ਰੁਪਏ ਖਰਚ ਕੀਤੇ ਜਾਣਗੇ।
ਚੇਅਰਮੈਨ ਹੇਮਰਾਜ ਰਾਜੀ ਨੇ ਦੱਸਿਆ ਕਿ ਪਹਿਲਾਂ ਵਾਹਨਾਂ ਨੂੰ ਤੇਲ ਭਰਾਉਣ ਲਈ ਦੂਰ-ਦੁਰਾਡੇ ਫਿਲਿੰਗ ਸਟੇਸ਼ਨ 'ਤੇ ਜਾਣਾ ਪੈਂਦਾ ਸੀ ਪਰ ਹੁਣ ਮੌਕੇ 'ਤੇ ਹੀ ਡੀਜ਼ਲ ਉਪਲੱਬਧ ਕਰਵਾਇਆ ਜਾਵੇਗਾ ਜਿਸ ਨਾਲ ਜਿੱਥੇ ਸਮੇਂ ਦੀ ਬੱਚਤ ਹੋਵੇਗੀ ਉੱਥੇ ਰਾਹਤ ਕਾਰਜ਼ਾਂ ਵਿੱਚ ਹੋਰ ਤੇਜ਼ੀ ਆਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ''ਮੁੱਖ ਮੰਤਰੀ ਰਾਹਤ ਫੰਡ'' ਲਈ ਨਿੱਜੀ ਤੌਰ 'ਤੇ ਇੱਕ ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ ਅਤੇ ਇਹ ਵੀ ਐਲਾਨ ਕੀਤਾ ਕਿ ਇਸੇ ਮਹੀਨੇ ਤੋਂ ਬਤੌਰ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ, ਮਿਲਣ ਵਾਲੀਆਂ ਸਾਰੀਆਂ ਤਨਖਾਹਾਂ ਵੀ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣਗੇ।
ਉਨ੍ਹਾਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਵਿੱਚ ਦਿਨ-ਰਾਤ ਰਾਹਤ ਕਾਰਜ਼ਾਂ ਵਿੱਚ ਜੁ਼ਟੇ ਜ਼ਿਲ੍ਹਾ ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸ਼ਨ, ਸਥਾਨਕ ਨੌਜਵਾਨ, ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਤੇ ਹੋਰ ਸਾਰੇ ਸਾਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਾਨਵਤਾ ਦੀ ਸੱਚੀ ਸੇਵਾ ਲਈ ਸਾਨੂੰ ਵੱਧ ਚੜ੍ਹਕੇ ਯੋਗਦਾਨ ਪਾਉਣਾ ਚਾਹੀਦਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਔਖੀ ਘੜੀ ਵਿੱਚ ਪੰਜਾਬੀਆਂ ਦੇ ਨਾਲ ਡੱਟ ਕੇ ਖੜੀ ਹੈ।