ਡਿਪਟੀ ਕਮਿਸ਼ਨਰ ਨੇ ਸਹਾਇਕ ਫੂਡ ਕਮਿਸ਼ਨਰ ਤੋਂ ਵਿਭਾਗੀ ਕਾਰਜਗੁਜਾਰੀ ਦਾ ਲਿਆਂ ਜਾਇਜਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,ਮਾਲੇਰਕੋਟਲਾ
ਡਿਪਟੀ ਕਮਿਸ਼ਨਰ ਨੇ ਸਹਾਇਕ ਫੂਡ ਕਮਿਸ਼ਨਰ ਤੋਂ ਵਿਭਾਗੀ ਕਾਰਜਗੁਜਾਰੀ ਦਾ ਲਿਆਂ ਜਾਇਜਾ
ਡਿਪਟੀ ਕਮਿਸ਼ਨਰ ਵੱਲੋਂ ਪੌਸ਼ਟਿਕ ਸੁਰੱਖਿਆ 'ਤੇ ਜੋਰ
ਕਿਹਾ, ਖੁਰਾਕ ਸਿਰਫ ਭੋਜਨ ਨਹੀਂ, ਸਗੋਂ ਜੀਵਨ ਦਾ ਅਧਾਰ
ਮਾਲੇਰਕੋਟਲਾ 12 ਜੂਨ :
ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਸਹਾਇਕ ਫੂਡ ਕਮਿਸ਼ਨਰ ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਰਾਖੀ ਵਿਨਾਇਕ,ਫੂਡ ਐਂਡ ਸੇਫ਼ਟੀ ਅਫ਼ਸਰ ਚਰਨਜੀਤ ਸਿੰਘ ਤੋਂ ਵਿਭਾਗ ਦੀ ਕਾਰਜਗੁਜਾਰੀ ਦਾ ਜਾਇਜਾ ਲਿਆ । ਉਨ੍ਹਾਂ ਕਿਹਾ ਕਿ ਖੁਰਾਕ ਸਿਰਫ ਭੋਜਨ ਨਹੀਂ, ਸਗੋਂ ਜੀਵਨ ਦਾ ਅਧਾਰ ਹੈ। ਪੌਸ਼ਟਿਕ ਭੋਜਨ ਰਾਹੀਂ ਹੀ ਅਸੀਂ ਆਪਣੇ ਸਮਾਜ ਨੂੰ ਸਿਹਤਮੰਦ, ਸੁਰੱਖਿਅਤ ਅਤੇ ਸੰਵੇਦਨਸ਼ੀਲ ਬਣਾ ਸਕਦੇ ਹਾਂ।
ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਫ਼ੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਵਿੰਗ ਦਾ ਮੂਲ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਨਾਗਰਿਕ, ਵਿਸ਼ੇਸ਼ ਤੌਰ 'ਤੇ ਬੱਚਿਆਂ, ਔਰਤਾਂ ਅਤੇ ਸਮਾਜ ਦੇ ਪਿੱਛੜੇ ਵਰਗਾਂ ਨੂੰ ਪੌਸ਼ਟਿਕ, ਸਾਫ ਸੁਥਰਾ ਤੇ ਸੁਰੱਖਿਅਤ ਭੋਜਨ ਮਿਲੇ। ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੀਆਂ ਖਾਣ ਪੀਣ ਦੀਆਂ ਦੁਕਾਨਾਂ ਦੀ ਚੈਕਿੰਗ ਵਿੱਚ ਤੇਜੀ ਲਿਆਉਂਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਜ਼ਿਲ੍ਹੇ ਅੰਦਰ ਮਿਡ ਡੇ ਮੀਲ ਬਣਾਉਣ ਵਾਲਿਆਂ ਤੇ ਹੈਲਪਰਾਂ ਨੂੰ ਸਾਫ਼-ਸਫ਼ਾਈ ਰੱਖਣ ਲਈ ਸਾਲ ਭਰ ਦੀ ਸਿਖਲਾਈ ਦੇਣ ਲਈ ਕੈਲੰਡਰ ਬਣਾਉਣ ।
ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਿਹਤਮੰਦ ਤੇ ਸਮਰੱਥ ਬਣਾਉਣਾ ਚਾਹੁੰਦੇ ਹਾਂ ਤਾਂ ਭੋਜਨ ਦੀ ਗੁਣਵੱਤਾ ਅਤੇ ਪੌਸ਼ਟਿਕਤਾ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਮੂਹ ਫੂਡ ਬਿਜ਼ਨੈੱਸ ਆਪਰੇਟਰਾਂ ਨੂੰ ਫੂਡ ਸੇਫਟੀ ਐਕਟ ਦੇ ਨਿਯਮਾਂ ਬਾਰੇ ਅਤੇ ਸਾਫ਼ ਸੁਥਰੇ ਢੰਗ ਨਾਲ ਮਿਠਾਈਆਂ ਬਣਾਉਣ ਅਤੇ ਵੇਚਣ ਨੂੰ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ।
ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸ਼ਹਿਰਾਂ,ਕਸਬਿਆਂ, ਮੁਹੱਲਿਆਂ ਆਦਿ ਵਿਚਲੀਆਂ ਦੁਕਾਨਾਂ ਅਤੇ ਹੋਰ ਥਾਵਾਂ ਦੀ ਲਗਾਤਾਰ ਅਚਨਚੇਤ ਚੈਕਿੰਗ ਕੀਤੀ ਜਾਵੇ । ਜੇ ਕੋਈ ਦੁਕਾਨਦਾਰ ਖ਼ਾਲਸ ਤੇ ਮਿਆਰੀ ਚੀਜ਼ਾਂ ਵੇਚਦਾ ਹੈ ਤਾਂ ਉਸ ਨੂੰ ਚੈਕਿੰਗ ਤੋਂ ਡਰਨ ਦੀ ਲੋੜ ਨਹੀਂ । ਜਾਂਚ ਦਾ ਮੰਤਵ ਦੁਕਾਨਦਾਰਾਂ ਨੂੰ ਤੰਗ ਕਰਨਾ ਨਹੀਂ ਹੋਵੇਗਾ ਸਗੋਂ ਚੀਜ਼ਾਂ ਦੇ ਮਿਆਰ ਨੂੰ ਯਕੀਨੀ ਕਰਨਾ ਹੋਵੇਗਾ ।
ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ(ਐਫ.ਐਸ.ਐਸ.ਏ.ਆਈ) ਦੀਆਂ ਸ਼ਰਤਾਂ ਅਨੁਸਾਰ ਉਨ੍ਹਾਂ ਦੁਆਰਾ ਮਾਨਤਾ ਪ੍ਰਾਪਤ ਏਜੰਸੀ ਤੋਂ ਟਰੇਨਿੰਗ ਕਰਵਾਈ ਜਾਵੇ ਤਾਂ ਜੋ ਫੂਡ ਬਿਜਨੈਸ ਵਿੱਚ ਲੱਗੇ ਦੁਕਾਨਦਾਰਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਫੁਡ ਤਿਆਰ ਕਰਨ ਤੋਂ ਵੇਚਣ ਤੱਕ ਦੇ ਕੀ-ਕੀ ਮਾਪਢੰਡ ਹਨ ਦਾ ਪਤਾ ਚੱਲ ਸਕੇ । ਉਨ੍ਹਾਂ ਨੇ ਸਾਰੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਮਿਠਾਈਆਂ ਤਿਆਰ ਕਰਨ/ਵੇਚਣ ਵੇਲੇ ਕਿਸੇ ਵੀ ਕਿਸਮ ਦੀ ਮਿਲਾਵਟ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸਾਫ਼ ਸਫ਼ਾਈ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਖਾਦ ਪਦਾਰਥ ਤਿਆਰ ਕਰਨ ਸਮੇਂ ਮਿਆਰ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ ।
ਡਿਪਟੀ ਕਮਿਸ਼ਨਰ ਨੇ ਸਾਰੇ ਹਲਵਾਈਆਂ ਨੂੰ ਹਦਾਇਤ ਕੀਤੀ ਕਿ ਹਲਵਾਈ ਮਿਠਾਈਆਂ ਬਣਾਉਣ ਲਈ ਉੱਚ ਮਿਆਰੀ ਖੋਏ ਅਤੇ ਪਨੀਰ ਆਪ ਦੁੱਧ ਤੋਂ ਤਿਆਰ ਕਰਨ ਅਤੇ ਸਪਲਾਈ ਦੁੱਧ ਦਾ ਪੂਰਾ ਰਿਕਾਰਡ ਵੀ ਰੱਖਣ । ਮਿਠਾਈ ਬਣਾਉਣ ਲੱਗਿਆਂ ਪ੍ਰਯੋਗ ਕੀਤਾ ਕੱਚਾ ਮਾਲ ਉੱਚ ਗੁਣਵੱਤਾ ਵਾਲਾ ਹੋਵੇ ਅਤੇ ਐਫ.ਐਸ.ਐਸ.ਏ.ਆਈ ਵੱਲੋਂ ਪ੍ਰਮਾਣਤ ਰੰਗਾਂ ਦੀ ਹੀ ਵਰਤੋਂ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਚੈਕਿੰਗ ਮੁਹਿੰਮ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਚੈਕਿੰਗ ਦੌਰਾਨ ਜੋ ਵੀ ਦੁਕਾਨਦਾਰ ਫੂਡ ਸੇਫਟੀ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।