Hindi
IMG-20260110-WA0022

ਡੇਰਾਬੱਸੀ,(ਜਸਬੀਰ ਸਿੰਘ )10 ਜਨਵਰੀ ਰਣਬੀਰ ਸਿੰਘ ਪੜ੍ਹੀ 

ਡੇਰਾਬੱਸੀ,(ਜਸਬੀਰ ਸਿੰਘ )10 ਜਨਵਰੀ ਰਣਬੀਰ ਸਿੰਘ ਪੜ੍ਹੀ 

ਡੇਰਾਬੱਸੀ,(ਜਸਬੀਰ ਸਿੰਘ )10 ਜਨਵਰੀ ਰਣਬੀਰ ਸਿੰਘ ਪੜ੍ਹੀ 

ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ ਅਤੇ ਖੇਤੀਬਾੜੀ ਖੇਤਰ ਵਿੱਚ ਕਾਰਪੋਰੇਟ ਜਗਤ ਦੇ ਵਧ ਰਹੇ ਦਖ਼ਲ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਨੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਪਿੰਡ ਭਾਖਰਪੁਰ ਵਿਖੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਨੱਥ ਪਾਉਣ ਲਈ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਪੂਰੇ ਦੇਸ਼ ਵਿੱਚ ਇੱਕ ਵਿਸ਼ਾਲ 'ਜਾਗਰੂਕਤਾ ਯਾਤਰਾ' ਸ਼ੁਰੂ ਕੀਤੀ ਜਾਵੇਗੀ, ਜਿਸ ਦਾ ਸਮਾਪਨ 19 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਵੇਗਾ।

ਐਮ.ਐਸ.ਪੀ. ਗਾਰੰਟੀ ਕਾਨੂੰਨ ਹੀ ਖੁਦਕੁਸ਼ੀਆਂ ਦਾ ਹੱਲ: ਡੱਲੇਵਾਲ

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ. ਡੱਲੇਵਾਲ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਸਿਰ ਚੜ੍ਹਿਆ ਲਗਭਗ 24 ਲੱਖ ਕਰੋੜ ਰੁਪਏ ਦਾ ਕਰਜ਼ਾ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਐਮ.ਐਸ.ਪੀ. (ਘੱਟੋ-ਘੱਟ ਸਮਰਥਨ ਮੁੱਲ) ਦੀ ਕਾਨੂੰਨੀ ਗਾਰੰਟੀ ਮਿਲਦੀ ਹੁੰਦੀ, ਤਾਂ ਅੱਜ ਦੇਸ਼ ਦਾ ਕਿਸਾਨ ਖੁਦਕੁਸ਼ੀਆਂ ਨਾ ਕਰਦਾ। ਉਨ੍ਹਾਂ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਫ਼ਸਲਾਂ ਦਾ ਸਹੀ ਮੁੱਲ ਨਾ ਮਿਲਣ ਕਾਰਨ ਦੇਸ਼ ਦੇ ਕਿਸਾਨਾਂ ਦਾ ਹੁਣ ਤੱਕ ਲਗਭਗ 60 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।

ਜੀ.ਐਮ. ਬੀਜਾਂ ਅਤੇ ਬਿਜਲੀ ਸੋਧ ਬਿੱਲ 'ਤੇ ਤਿੱਖੇ ਹਮਲੇ

ਡੱਲੇਵਾਲ ਨੇ ਬਿਜਲੀ ਸੋਧ ਬਿੱਲ ਨੂੰ ਜਨਤਾ ਦਾ ਗਲਾ ਘੁੱਟਣ ਵਾਲਾ ਕਦਮ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਵਿਦੇਸ਼ੀ ਜੀ.ਐਮ. ਬੀਜਾਂ (ਜਨੈਟਿਕਲ ਮੋਡੀਫਾਈਡ ਸੀਡਸ ) ਬਾਰੇ ਚਿਤਾਵਨੀ ਦਿੰਦਿਆਂ ਕਿਹਾ ਕਿ ਅਮਰੀਕਾ ਵਰਗੇ ਮੁਲਕਾਂ ਦੇ ਦਬਾਅ ਹੇਠ ਅਜਿਹੇ ਬੀਜ ਲਿਆਂਦੇ ਜਾ ਰਹੇ ਹਨ, ਜੋ ਨਾ ਸਿਰਫ਼ ਜ਼ਮੀਨਾਂ ਬਰਬਾਦ ਕਰਨਗੇ, ਸਗੋਂ ਇਨ੍ਹਾਂ ਤੋਂ ਪੈਦਾ ਹੋਣ ਵਾਲੇ ਉਤਪਾਦ (ਤੇਲ, ਮੱਕੀ ਆਦਿ) ਲੋਕਾਂ ਦੀ ਸਿਹਤ ਲਈ ਵੀ ਘਾਤਕ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਵੱਧ ਝਾੜ ਦਾ ਲਾਲਚ ਦੇ ਕੇ ਕਿਸਾਨਾਂ ਨੂੰ ਕਾਰਪੋਰੇਟਾਂ ਦਾ ਗੁਲਾਮ ਬਣਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

ਵਿਰੋਧੀਆਂ ਅਤੇ ਤਾਨਾਸ਼ਾਹੀ ਦੇ ਦੋਸ਼ਾਂ ਦਾ ਦਿੱਤਾ ਜਵਾਬ

ਆਪਣੇ ਉੱਪਰ ਲੱਗ ਰਹੇ 'ਤਾਨਾਸ਼ਾਹੀ' ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਡੱਲੇਵਾਲ ਨੇ ਕਿਹਾ ਕਿ ਜੇਕਰ ਉਹ ਤਾਨਾਸ਼ਾਹ ਹੁੰਦੇ, ਤਾਂ ਦੇਸ਼ ਭਰ ਦੀਆਂ ਜਥੇਬੰਦੀਆਂ ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਕਨਵੀਨਰ ਵਜੋਂ ਪ੍ਰਵਾਨ ਨਾ ਕਰਦੀਆਂ। ਉਨ੍ਹਾਂ ਕਿਹਾ ਕਿ ਕੁਝ ਲੋਕ ਐਮ.ਐਸ.ਪੀ. ਦੀ ਮੰਗ ਨੂੰ ਪਿੱਛੇ ਛੱਡਣ ਦੀ ਗੱਲ ਕਰਕੇ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ, ਪਰ ਸਿੱਧੂਪੁਰ ਜਥੇਬੰਦੀ ਕਿਸਾਨੀ ਹਿੱਤਾਂ ਲਈ ਆਖਰੀ ਦਮ ਤੱਕ ਲੜੇਗੀ।

19 ਮਾਰਚ ਨੂੰ ਪ੍ਰਧਾਨ ਮੰਤਰੀ ਨੂੰ ਸੌਂਪੇ ਜਾਣਗੇ ਪਿੰਡਾਂ ਦੇ ਮਤੇ

ਅਗਾਮੀ ਰਣਨੀਤੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਹਰੇਕ ਰਾਜ ਵਿੱਚ ਵੱਡੀਆਂ ਪੰਚਾਇਤਾਂ ਕੀਤੀਆਂ ਜਾਣਗੀਆਂ ਅਤੇ ਹਰ ਪਿੰਡ ਵਿੱਚੋਂ ਮੰਗਾਂ ਦੇ ਹੱਕ ਵਿੱਚ ਮਤੇ ਪਾਸ ਕਰਵਾਏ ਜਾਣਗੇ। 19 ਮਾਰਚ ਨੂੰ ਦਿੱਲੀ ਵਿਖੇ ਦੇਸ਼ ਭਰ ਦੇ ਕਿਸਾਨਾਂ ਦਾ ਇਕੱਠ ਕਰਕੇ ਇਹ ਮਤੇ ਪ੍ਰਧਾਨ ਮੰਤਰੀ ਨੂੰ ਸੌਂਪੇ ਜਾਣਗੇ ਤਾਂ ਜੋ ਸਰਕਾਰ ਨੂੰ ਦੇਸ਼ ਦੇ ਕਿਸਾਨਾਂ ਦੀ ਇਕਜੁੱਟਤਾ ਦਾ ਅਹਿਸਾਸ ਕਰਵਾਇਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਮੋਹਾਲੀ ਕਨਵੀਨਰ ਜਸਵਿੰਦਰ ਸਿੰਘ ਅਤੇ ਡੇਰਾਬੱਸੀ ਬਲਾਕ ਦੇ ਕਾਰਜਕਾਰੀ ਪ੍ਰਧਾਨ ਜਸਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਯੂਨੀਅਨ ਦੇ ਮੈਂਬਰ ਹਾਜ਼ਰ ਸਨ।

ਫੋਟੋਕੈਪਸ਼ਨ 

ਡੇਰਾਬੱਸੀ ਦੇ ਪਿੰਡ ਭਾਂਖਰਪੁਰ ਵਿਖੇ ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਬਣਾਈ ਗਈ ਯੋਜਨਾ ਸੰਬੰਧੀ ਦੱਸਦੇ ਹੋਏ।


Comment As:

Comment (0)