Afghan-Pakistan Border Escalation: Taliban Launches Air Strikes on ISIS Bases in Balochistan
ਕਾਬੁਲ: ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਸਰਹੱਦ 'ਤੇ ਟਕਰਾਅ ਦਿਨੋ-ਦਿਨ ਹੋਰ ਭਿਆਨਕ ਰੂਪ ਲੈਂਦਾ ਨਜ਼ਰ ਆ ਰਿਹਾ ਹੈ। ਇਸੇ ਦੌਰਾਨ ਬੁੱਧਵਾਰ ਨੂੰ ਅਫ਼ਗਾਨਿਸਤਾਨ ਦੀ ਤਾਲਿਬਾਨ ਫ਼ੌਜ ਨੇ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ 'ਤੇ ਤਾਜ਼ਾ ਹਵਾਈ ਹਮਲੇ ਕੀਤੇ। ਜਾਣਕਾਰੀ ਅਨੁਸਾਰ ਅਫ਼ਗਾਨਿਸਤਾਨ ਨੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਆਈਐਸਆਈਐਸ (ISIS) ਦੇ ਟਿਕਾਣਿਆਂ 'ਤੇ ਹਮਲੇ ਕੀਤੇ, ਜਿਸ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਦੱਸ ਦੇਈਏ ਕਿ ਅਫ਼ਗਾਨਿਸਤਾਨ ਵੱਲੋਂ ਇਹ ਹਮਲਾ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ ਹਾਲ ਹੀ ਵਿੱਚ ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਅੰਦਰ ਹਵਾਈ ਹਮਲੇ ਕੀਤੇ ਸਨ। ਉਸ ਹਮਲੇ ਵਿੱਚ ਘੱਟੋ-ਘੱਟ 28 ਆਮ ਨਾਗਰਿਕਾਂ ਦੀ ਮੌਤ ਹੋ ਗਈ ਸੀ।
ਦੂਜੇ ਪਾਸੇ, ਪਾਕਿਸਤਾਨ ਦੀ ਫ਼ੌਜ ਨੇ ਕਿਆ ਹੈ ਕਿ ਉਸ ਨੇ ਸਰਹੱਦ ਪਾਰ ਤੋਂ ਆਏ ਚਾਰ ਸਧਾਰਨ ਡਰੋਨਾਂ ਨੂੰ ਮਾਰ ਗਿਰਾਇਆ ਹੈ। ਪਾਕਿਸਤਾਨ ਨੇ ਅਫ਼ਗਾਨਿਸਤਾਨ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਅੱਗੇ ਵੀ ਅਜਿਹੀ ਕੋਈ ਉਕਸਾਉਣ ਵਾਲੀ ਕਾਰਵਾਈ ਹੋਈ, ਤਾਂ ਇਸ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਅਕਤੂਬਰ ਵਿੱਚ ਜੰਗਬੰਦੀ (ਸੀਜ਼ਫਾਇਰ) ਹੋਈ ਸੀ, ਜਿਸ ਨਾਲ ਕੁਝ ਮਹੀਨਿਆਂ ਤੱਕ ਸ਼ਾਂਤੀ ਰਹੀ। ਪਰ ਤਾਜ਼ਾ ਹਮਲਿਆਂ ਨੇ ਤਣਾਅ ਨੂੰ ਫਿਰ ਤੋਂ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਅਤੇ ਜੂਨ ਵਿੱਚ ਵੀ ਦੋਵਾਂ ਦੇਸ਼ਾਂ ਵਿਚਾਲੇ ਭਾਰੀ ਗੋਲੀਬਾਰੀ ਅਤੇ ਹਵਾਈ ਹਮਲੇ ਹੋਏ ਸਨ, ਜਿਸ ਵਿੱਚ ਦੋਵਾਂ ਪਾਸਿਆਂ ਦੇ ਦਰਜਨਾਂ ਲੋਕ ਅਤੇ ਅੱਤਵਾਦੀ ਮਾਰੇ ਗਏ ਸਨ।