ਲਧੂਕਾ, (ਪੱਤਰਕਾਰ): ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਆਏ ਫਲੱਡ ਕਾਰਨ ਕਈ ਸਕੂਲਾਂ ਅਤੇ ਪਿੰਡਾਂ ਵਿੱਚ ਪਾਣੀ ਭਰ ਗਿਆ।
ਲਧੂਕਾ, (ਪੱਤਰਕਾਰ): ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਆਏ ਫਲੱਡ ਕਾਰਨ ਕਈ ਸਕੂਲਾਂ ਅਤੇ ਪਿੰਡਾਂ ਵਿੱਚ ਪਾਣੀ ਭਰ ਗਿਆ। ਇਸ ਕਾਰਨ ਸੈਂਕੜੇ ਪਰਿਵਾਰ ਲਾਧੂਕਾ ਰਾਹਤ ਕੈਂਪ ਵਿੱਚ ਰਹਿਣ ਲਈ ਮਜ਼ਬੂਰ ਹਨ। ਡੀਸੀ ਮੈਡਮ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਜਿਲਾ ਪ੍ਰਸ਼ਾਸਨ, ਮਾਨਯੋਗ ਐਮ. ਐਲ. ਏ. ਫਾਜ਼ਿਲਕਾ ਸ਼੍ਰੀ ਨਰਿੰਦਰਪਾਲ ਸਿੰਘ ਸਵਨਾ ਜੀ, ਸਿੱਖਿਆ ਸਕੱਤਰ ਪੰਜਾਬ ਅਤੇ ਜਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਫਾਜ਼ਿਲਕਾ ਸ਼੍ਰੀ ਅਜੈ ਕੁਮਾਰ ਜੀ ਦੀਆਂ ਹਦਾਇਤਾਂ ਅਨੁਸਾਰ ਵੱਖ-2 ਸੰਸਥਾਂਵਾਂ ਅਤੇ ਕਰਮਚਾਰੀ ਸੇਵਾ ਅਤੇ ਡਿਊਟੀ ਕਰ ਰਹੇ ਹਨ। ਮੌਜੂਦਾ ਹਲਾਤਾਂ ਨੂੰ ਵੇਖਦੇ ਸ਼੍ਰੀ ਰਜਿੰਦਰ ਕੁਮਾਰ, ਨੈਸ਼ਨਲ ਐਵਾਰਡੀ ਅਤੇ ਪ੍ਰਿੰਸੀਪਲ ਸ.ਸ.ਸ.ਸ. ਲਾਧੂਕਾ ਜੀ ਨੇ ਇੱਕ ਪਹਿਲ ਕਰਦੇ “Rahat4Hours” ਟੀਮ ਬਣਾਈ ਹੈ ਜੋ ਹੜਾਂ ਦੀ ਕੁਦਰਤੀ ਆਪਦਾ ਦੌਰਾਨ, ਬੱਚਿਆਂ ਦੀ ਸਿੱਖਿਆ ਅਤੇ ਮਨੋਰੰਜਨ ਦੋਹਾਂ ਨੂੰ ਯਕੀਨੀ ਬਣਾ ਰਹੀ ਹੈ। ਇਸ ਟੀਮ ਵਿੱਚ ਸ਼੍ਰੀ ਪਰਵੀਨ ਕੁਮਾਰ (ਲੈਕਚਰਾਰ ਸਰੀਰਿਕ ਸਿੱਖਿਆ), ਸ਼੍ਰੀ ਰਾਜਪ੍ਰੀਤ ਸਿੰਘ (ਵੋਕੇਸ਼ਨਲ ਟ੍ਰੇਨਰ), ਸ਼੍ਰੀ ਅਮਨਦੀਪ ਵਰਮਾ (ਕੰਪਿਊਟਰ ਅਧਿਆਪਕ), ਸ਼੍ਰੀ ਨਰੇਸ਼ ਕੁਮਾਰ (ਸ ਸ ਅਧਿਆਪਕ), ਸੁਖਵਿੰਦਰ ਸਿੰਘ, ਸ਼੍ਰੀ ਨਵੀਨ ਕੁਮਾਰ (ਫੋਰੈਸਟ ਗਾਰਡ), ਸਕੂਲ ਦੇ ਪੁਰਾਨੇ ਵਿਦਿਆਰਥੀ ਸੁਮਨ, ਅਮਨ ਕੌਰ, ਨੀਤੀਕਾ, ਰਾਧਾ ਅਤੇ ਡੀਸੀ ਮੈਡਮ ਵੱਲੋਂ ਨਿਯੁਕਤ ਚਾਇਲਡ ਹੈਲਪਲਾਈਨ ਸੁਪਰਵਾਈਜ਼ਰ ਮੈਡਮ ਸੀਮਾ ਅਤੇ ਮੈਡਮ ਹਰਸ਼ਰਨਜੀਤ ਕੌਰ ਆਪਣਾ ਯੋਗਦਾਨ ਦੇ ਰਹੇ ਹਨ।
ਰਾਹਤ ਕੈਂਪ ਵਿੱਚ 120 ਤੋਂ 150 ਵਿਦਿਆਰਥੀ ਹਨ। ਕੈਂਪ ਵਿੱਚ ਬੱਚਿਆਂ ਨੂੰ ਹਲਕੇ-ਫੁਲਕੇ ਢੰਗ ਨਾਲ ਪੜ੍ਹਾਈ ਨਾਲ ਜੋੜਿਆ ਜਾ ਰਿਹਾ ਹੈ। ਕੰਪਿਊਟਰ ਅਧਿਆਪਕ ਸ਼੍ਰੀ ਅਮਨਦੀਪ ਵਰਮਾ ਵੱਲੋਂ ਕੰਪਿਊਟਰ ਵਿਸ਼ੇ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਸ਼੍ਰੀ ਨਰੇਸ਼ ਕੁਮਾਰ ਜੀ ਵੱਲੋਂ ਅਤੇ ਹੈਲਪਰਾਂ ਵੱਲੋਂ ਕਵਿਤਾਵਾਂ, ਕਹਾਣੀਆਂ, ਛੋਟੇ ਨਾਟਕ ਅਤੇ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਉਹਨਾਂ ਨੂੰ ਸਕੂਲ ਦਾ ਮਾਹੌਲ ਯਾਦ ਕਰਵਾਇਆ ਜਾ ਰਿਹਾ ਹੈ। ਪ੍ਰਿੰਸੀਪਲ ਸ਼੍ਰੀ ਰਜਿੰਦਰ ਕੁਮਾਰ ਜੀ ਵੱਲੋਂ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਮੁਸੀਬਤ ਦੇ ਸਮੇਂ ਵੀ ਸਕੂਲ ਨੂੰ ਨਹੀਂ ਭੁੱਲਣਾ ਅਤੇ ਸਿੱਖਿਆ ਨਾਲ ਹਮੇਸ਼ਾ ਜੁੜੇ ਰਹਿਣਾ ਹੈ। ਟੀਮ ਵੱਲੋਂ ਬੱਚਿਆਂ ਨੂੰ ਅਨੁਸ਼ਾਸਨ, ਸਾਫ-ਸੁਥਰਾਈ ਅਤੇ ਸਿਹਤ ਬਾਰੇ ਖਾਸ ਸਿਖਲਾਈ ਦਿੱਤੀ ਜਾ ਰਹੀ ਹੈ। ਉਹਨਾਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਖਾਣ ਤੋਂ ਪਹਿਲਾਂ ਅਤੇ ਬਾਅਦ ਹੱਥ ਧੋਣੇ, ਪਸ਼ੂਆਂ ਤੋਂ ਦੀ ਸਾਫ ਸਫਾਈ ਕਿਵੇਂ ਰੱਖਣੀ ਹੈ ਅਤੇ ਉਹਨਾਂ ਨੂੰ ਬਿਮਾਰੀਆਂ ਤੋਂ ਕਿਵੇਂ ਬਚਾਉਣਾ ਹੈ। ਆਪਣਾ ਖੁਦ ਦਾ ਹਾਈਜੀਨ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਇਹ ਸਿਖਾਇਆ ਜਾ ਰਿਹਾ ਹੈ ਕਿ ਉਹ ਘੱਟ ਵਸੀਲਿਆਂ ਵਿੱਚ ਵੀ ਖੁਸ਼ ਰਹਿਣ ਅਤੇ ਉਪਲਬਧ ਭੋਜਨ-ਸਾਮਗਰੀ ਦਾ ਸੰਤੁਸ਼ਟੀ ਨਾਲ ਸੇਵਨ ਕਰਨ। ਟੀਮ ਵੱਲੋਂ ਬੱਚਿਆਂ ਨੂੰ ਗੁੱਡ ਟੱਚ-ਬੈਡ ਟੱਚ, ਮੋਬਾਈਲ ਦੀ ਸਹੀ ਵਰਤੋਂ ਅਤੇ ਗਲਤ ਵਰਤੋਂ ਤੋਂ ਬਚਾਅ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਉਹਨਾਂ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੋਬਾਈਲ ਸਿਰਫ਼ ਸਿੱਖਣ ਅਤੇ ਸਹੀ ਜਾਣਕਾਰੀ ਹਾਸਲ ਕਰਨ ਲਈ ਵਰਤਣਾ ਚਾਹੀਦਾ ਹੈ।
ਸਮਾਜਿਕ ਸੰਸਥਾਂਵਾਂ ਅਤੇ ਸੇਵਾਦਾਰਾਂ ਦੀ ਯੋਗਦਾਨ: ਕੈਂਪ ਵਿੱਚ ਕਈ ਸੰਸਥਾਵਾਂ, ਸਮਾਜ ਸੇਵਕ ਅਤੇ ਕਲਾਕਾਰ ਪਹੁੰਚ ਰਹੇ ਹਨ। ਮਸ਼ਹੂਰ ਗਾਇਕ ਹਰਖ ਚੀਮਾ ਨੇ ਬੱਚਿਆਂ ਨੂੰ ਕਾਪੀਆਂ ਅਤੇ ਪੈਨ ਵੰਡ ਕੇ ਉਤਸ਼ਾਹਿਤ ਕੀਤਾ। ਗੜਵਾਸੂ ਦੀ ਵੈਟਰਨਰੀ ਹੈਲਥ ਟੀਮ ਨੇ ਬੱਚਿਆਂ ਨੂੰ ਮਿਲ ਕੇ ਉਹਨਾਂ ਨੂੰ ਸਨਮਾਨਿਤ ਕੀਤਾ। ਲਰਨ ਓ ਲੋਜਿਕ ਸੰਸਥਾ ਵੱਲੋਂ 5100 ਰੁਪਏ ਦਾ ਯੋਗਦਾਨ ਦਿੱਤਾ ਗਿਆ। ਸਾਬੂਆਨਾ ਤੋਂ ਗਊਸ਼ਾਲਾ ਕਮੇਟੀ ਨੇ 500 ਰੁਪਏ ਦਿੱਤੇ। ਜੱਜ ਸ਼੍ਰੀ ਅਰੁਨ ਗੁਪਤਾ ਜੀ ਵੱਲੋਂ ਵੀ ਬੱਚਿਆਂ ਨੂੰ ਪੈਨ ਅਤੇ ਕਾਪੀਆਂ ਉਪਲਬਧ ਕਰਵਾਈਆਂ ਗਈਆਂ। ਰਾਜਸਥਾਨ ਅਨੂਪਗੜ੍ਹ ਤੋਂ ਆਏ ਸੇਵਾਦਾਰਾਂ ਨੇ ਵੀ ਬੱਚਿਆਂ ਲਈ ਨਕਦ ਰਕਮ ਯੋਗਦਾਨ ਦਿੱਤਾ। ਅਨੂਪਗੜ੍ਹ, ਰਾਜਸਥਾਨ ਦੇ ਪਿੰਡ 14 ਏ ਤੋ ਸਰਵ ਸਮਾਜ ਸੰਸਥਾ ਦੇ ਆਗੂ ਸ਼੍ਰੀ ਕੁਲਦੀਪ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸਕੂਲ ਦੇ ਰਾਹਤ ਕੇਂਦਰ ਵਿੱਚ ਰਾਸ਼ਨ ਵੰਡਿਆ ਗਿਆ। ਬੀ.ਐਸ.ਐਫ. ਵੱਲੋਂ ਵੀ ਬਹੁਤ ਮਦਦ ਕੀਤੀ ਜਾ ਰਹੀ ਹੈ ।
ਡੀਸੀ ਮੈਡਮ ਦਾ ਵਿਸ਼ੇਸ਼ ਧੰਨਵਾਦ: ਪ੍ਰਿੰਸੀਪਲ ਰਜਿੰਦਰ ਕੁਮਾਰ ਜੀ ਨੇ ਕਿਹਾ ਕਿ ਇਹ ਸਾਰਾ ਉਪਰਾਲਾ ਡੀਸੀ ਮੈਡਮ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਜੀ ਦੇ ਸਹਿਯੋਗ ਨਾਲ ਅਤੇ ਉਨ੍ਹਾਂ ਦੀਆਂ ਹਦਾਇਤਾਂ ਕਾਰਨ ਸੰਭਵ ਹੋਇਆ ਹੈ। ਉਹਨਾਂ ਨੇ ਕਿਹਾ ਕਿ ਮੈਡਮ ਨੇ ਨਾ ਸਿਰਫ਼ ਕੈਂਪ ਲਗਾਇਆ, ਸਗੋਂ ਸਿੱਖਿਆ, ਸਿਹਤ ਅਤੇ ਹਾਈਜੀਨ ਨਾਲ ਸਬੰਧਿਤ ਹਰ ਛੋਟੀ-ਵੱਡੀ ਗੱਲ ਦਾ ਧਿਆਨ ਰੱਖਣ ਲਈ ਖਾਸ ਉਪਰਾਲੇ ਵੀ ਕੀਤੇ ਹਨ।
ਰਾਸ਼ਟਰੀ ਭਾਵਨਾ ਨਾਲ ਜੋੜਨਾ: ਹਰ ਰੋਜ਼ ਕੈਂਪ ਵਿੱਚ ਰਾਸ਼ਟਰੀ ਗੀਤ, ਦੁਆਵਾਂ ਅਤੇ ਸਮੂਹਕ ਪ੍ਰਾਰਥਨਾਵਾਂ ਕਰਵਾਈਆਂ ਜਾਂਦੀਆਂ ਹਨ। ਬੱਚਿਆਂ ਨੂੰ ਇਹ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਇਹ ਕੁਦਰਤੀ ਆਫਤ ਜਲਦੀ ਖਤਮ ਹੋਵੇਗੀ ਅਤੇ ਉਹ ਮੁੜ ਆਪਣੇ ਸਕੂਲਾਂ ਵਿੱਚ ਨਿਯਮਿਤ ਸਿੱਖਿਆ ਪ੍ਰਾਪਤ ਕਰਣਗੇ।