ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਵਿੱਚ ਚਾਰ ਨਵੀਆਂ ਲਾਇਬ੍ਰੇਰੀਆਂ ਦੇ ਨਿਰਮਾਣ ਕੰਮ ਦੀ ਸ਼ੁਰੂਆਤ
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਵਿੱਚ ਚਾਰ ਨਵੀਆਂ ਲਾਇਬ੍ਰੇਰੀਆਂ ਦੇ ਨਿਰਮਾਣ ਕੰਮ ਦੀ ਸ਼ੁਰੂਆਤ
ਉਸਾਰੀ ਤੇ 140 ਲੱਖ ਰੁਪਏ ਖਰਚ ਕੀਤੇ ਜਾਣਗੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਜਨਵਰੀ, 2026:
ਆਮ ਲੋਕਾਂ ਵਿੱਚ ਚੰਗਾ ਸਾਹਿਤ ਅਤੇ ਕਿਤਾਬਾਂ ਪੜ੍ਹਨ-ਲਿਖਣ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਨਵੀਆਂ ਸਰਕਾਰੀ ਲਾਇਬ੍ਰੇਰੀਆਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਜ ਭਰ ਵਿੱਚ ਲਾਇਬ੍ਰੇਰੀਆਂ ਸਥਾਪਤ ਕਰਨ ਦੀ ਇਹ ਪਹਿਲ ਨੌਜਵਾਨਾਂ ਅਤੇ ਬੱਚਿਆਂ ਵਿੱਚ ਪੜ੍ਹਨ ਦੀ ਆਦਤ ਵਿਕਸਿਤ ਕਰਨ ਲਈ ਬਹੁਤ ਹੀ ਸਾਰਥਕ ਕਦਮ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸਿੱਖਿਆ ਅਤੇ ਬੌਧਿਕ ਵਿਕਾਸ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਯੋਜਨਾ ਤਹਿਤ ਮੋਹਾਲੀ ਦੇ ਸੈਕਟਰ 77, 78, 79 ਅਤੇ 80 ਵਿੱਚ ਇੱਕ-ਇੱਕ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਨ੍ਹਾਂ ਲਾਇਬ੍ਰੇਰੀਆਂ ਲਈ ਪੰਜਾਬ ਸਰਕਾਰ ਵੱਲੋਂ ਮਿਊਂਸਪਲ ਡਿਵੈਲਪਮੈਂਟ ਫੰਡ (ਐਮ.ਡੀ.ਐੱਫ.) ਅਧੀਨ ਕੁੱਲ 140 ਲੱਖ ਰੁਪਏ ਜਾਰੀ ਕੀਤੇ ਗਏ ਹਨ, ਜਿਸ ਅਨੁਸਾਰ ਹਰ ਇਕ ਲਾਇਬ੍ਰੇਰੀ ’ਤੇ ਲਗਭਗ 35 ਲੱਖ ਰੁਪਏ ਖਰਚ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਹਰ ਲਾਇਬ੍ਰੇਰੀ ਦਾ ਕੁੱਲ ਖੇਤਰਫਲ 1800 ਵਰਗ ਫੁੱਟ ਹੋਵੇਗਾ, ਜਿਸ ਵਿੱਚ 32x27 ਫੁੱਟ ਦਾ ਵਿਸ਼ਾਲ ਹਾਲ, ਮਹਿਲਾਵਾਂ ਅਤੇ ਪੁਰਸ਼ਾਂ ਲਈ ਵੱਖ-ਵੱਖ ਬਾਥਰੂਮ, ਦਫ਼ਤਰ, ਪੈਂਟਰੀ ਅਤੇ ਸਟੋਰ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।
ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਲਾਇਬ੍ਰੇਰੀਆਂ ਦਾ ਨਿਰਮਾਣ ਕਾਰਜ ਲਗਭਗ ਤਿੰਨ ਮਹੀਨਿਆਂ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਲਾਇਬ੍ਰੇਰੀਆਂ ਵਿਦਿਆਰਥੀਆਂ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਅਤੇ ਆਮ ਨਾਗਰਿਕਾਂ ਲਈ ਗਿਆਨ ਦੇ ਕੇਂਦਰ ਸਾਬਤ ਹੋਣਗੀਆਂ।
ਇਸ ਮੌਕੇ ਸੁਰਿੰਦਰ ਸਿੰਘ ਰੋਡਾ, ਹਰਸੰਗਤ ਸਿੰਘ, ਪਰਮਿੰਦਰ ਸਿੰਘ, ਕਮਲਜੀਤ ਕੌਰ, ਕੁਲਵੰਤ ਕੌਰ ਕੋਮਲ, ਰੂਪਾ ਸੋਹਾਣਾ, ਰਣਦੀਪ ਸਿੰਘ, ਗੁਰਪ੍ਰੀਤ ਕੌਰ ਕੌਂਸਲਰ, ਅਵਤਾਰ ਸਿੰਘ ਮੌਲੀ, ਹਰਜੋਤ ਗੱਬਰ, ਚਰਨਜੀਤ ਕੌਰ, ਸੁਖਚੈਨ ਸਿੰਘ, ਮੇਜਰ ਸਿੰਘ, ਬੀ.ਐਸ. ਚਾਹਲ ਵੀ ਹਾਜ਼ਰ ਸਨ।