ਟੀਮ ਅਮਨ ਅਰੋੜਾ ਨੇ ਦਾਮਨ ਥਿੰਦ ਬਾਜਵਾ ਦੇ ਫੋਕੇ ਦਾਅਵਿਆਂ ਦੀ ਖੋਲ੍ਹੀ ਪੋਲ
ਝੂਠ ਦੇ ਪੈਰ ਨਹੀਂ ਹੁੰਦੇ ਤੇ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ"
ਟੀਮ ਅਮਨ ਅਰੋੜਾ ਨੇ ਦਾਮਨ ਥਿੰਦ ਬਾਜਵਾ ਦੇ ਫੋਕੇ ਦਾਅਵਿਆਂ ਦੀ ਖੋਲ੍ਹੀ ਪੋਲ
-ਲੋਕਾਂ ਨੂੰ ਗੁੰਮਰਾਹ ਨਾ ਕਰਨ ਦੀ ਦਿੱਤੀ ਸਲਾਹ
ਸੁਨਾਮ ਊਧਮ ਸਿੰਘ ਵਾਲਾ, 02 ਜਨਵਰੀ 2026
ਸੁਨਾਮ ਊਧਮ ਸਿੰਘ ਵਾਲਾ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਸਦਕਾ ਉਹਨਾਂ ਨੂੰ ਲੋਕਾਂ ਵੱਲੋਂ ਮਿਲ ਰਹੇ ਪਿਆਰ ਤੋਂ ਘਬਰਾ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਦਾਮਨ ਥਿੰਦ ਬਾਜਵਾ ਨੂੰ ਵੱਲੋਂ ਸ਼ਹਿਰ ਵਿੱਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਵਾਏ ਜਾ ਰਹੇ ਵਿਕਾਸ ਪ੍ਰੋਜੈਕਟਾਂ ਬਾਰੇ ਕੀਤੇ ਜਾ ਰਹੇ ਝੂਠੇ ਦਾਅਵਿਆਂ ਦੀ ਟੀਮ ਅਮਨ ਅਰੋੜਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਪੂਰੇ ਸਬੂਤਾਂ ਤੇ ਤੱਥਾਂ ਸਮੇਤ ਪੋਲ ਖੋਲ੍ਹੀ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੂੰ ਲੋਕਾਂ ਨੂੰ ਗੁੰਮਰਾਹ ਨਾ ਕਰਨ ਦੀ ਸਲਾਹ ਵੀ ਦਿੱਤੀ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਮੀਡੀਆ ਸਲਾਹਕਾਰ ਤੇ ਟੀਮ ਅਮਨ ਅਰੋੜਾ ਦੇ ਮੈਂਬਰ ਸ਼੍ਰੀ ਜਤਿੰਦਰ ਜੈਨ ਨੇ ਕਿਹਾ ਕਿ ਦਾਮਨ ਥਿੰਦ ਬਾਜਵਾ ਵੱਲੋਂ ਫੇਸਬੁੱਕ ਉੱਤੇ ਲਾਈਵ ਹੋ ਕੇ ਅਤੇ ਪੋਸਟਰ ਪਾ ਕੇ ਇਹ ਦਾਅਵਾ ਕੀਤਾ ਗਿਆ ਸੀ ਕਿ ਸੁਨਾਮ ਵਿਖੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋਂ 29.82 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਜਿਸ ਨਾਲ ਸ਼ਹਿਰ ਦੇ ਕਰੀਬ 3500 ਘਰਾਂ ਨੂੰ ਲਾਭ ਹੋਣਾ ਹੈ, ਉਸ ਵਿੱਚ 14.91 ਕਰੋੜ ਰੁਪਏ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਭੇਜੇ ਗਏ ਹਨ।
ਜਦਕਿ ਅਸਲੀਅਤ ਇਹ ਹੈ ਕਿ ਇਹ ਪੈਸਾ ਅਰਬਨ ਇਨਫਰਾਸਟਰਕਚਰ ਡਿਵੈਲਪਮੈਂਟ ਫੰਡ ਸਕੀਮ ਤਹਿਤ ਆਇਆ ਹੈ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਲਏ ਗਏ ਕਰਜ਼ੇ ਦੀ ਰਕਮ ਵੀ ਸ਼ਾਮਲ ਹੈ, ਜਿਹੜਾ ਕਿ ਪੰਜਾਬ ਸਰਕਾਰ ਨੇ 07 ਸਾਲ ਵਿੱਚ ਮੋੜਨਾ ਹੈ। ਇਸ ਰਕਮ ਦੇ ਮਨਜ਼ੂਰੀ ਪੱਤਰ ਵਿੱਚ ਸਾਫ ਤੌਰ ਉੱਤੇ ਲਿਖਿਆ ਹੋਇਆ ਹੈ ਕਿ ਇਸ ਰਕਮ ਵਿੱਚ ਭਾਰਤ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੈ। ਇਸ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਝੂਠ ਇਸ ਗੱਲ ਨਾਲ ਵੀ ਉਜਾਗਰ ਹੋ ਗਿਆ ਕਿ ਟੀਮ ਅਮਨ ਅਰੋੜਾ ਵੱਲੋਂ 'ਜਾਣਕਾਰੀ ਦੀ ਵਿੱਥ' ਕਾਰਨ ਜਾਰੀ ਕੀਤੇ ਪੋਸਟਰਾਂ ਵਿੱਚ ਰਕਮ 29.82 ਕਰੋੜ ਲਿਖ ਹੋ ਗਈ, ਜਦਕਿ ਅਸਲ ਰਕਮ 29.54 ਕਰੋੜ ਹੈ ਤੇ ਭਾਜਪਾ ਪ੍ਰਧਾਨ ਨੇ ਜਦਲਬਾਜ਼ੀ ਵਿੱਚ ਸਿਰਫ ਵਿਰੋਧ ਦੀ ਮਨਸ਼ਾ ਨਾਲ 29.82 ਕਰੋੜ ਦਾ ਅੱਧ ਕੱਢ ਕੇ ਪੋਸਟਰ ਜਾਰੀ ਕਰ ਦਿੱਤਾ। ਇਸ ਨਾਲ ਸਿਆਣਿਆਂ ਦੀ ਆਖੀ ਇਹ ਗੱਲ ਮੁੜ ਸਾਬਤ ਹੋਈ ਕਿ "ਝੂਠ ਦੇ ਪੈਰ ਨਹੀਂ ਹੁੰਦੇ ਤੇ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ।"
ਸ਼੍ਰੀ ਜੈਨ ਨੇ ਕਿਹਾ ਕਿ ਸ਼੍ਰੀਮਤੀ ਦਾਮਨ ਥਿੰਦ ਬਾਜਵਾ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਬੇਨਤੀ ਪੱਤਰ ਭੇਜੇ ਤੇ ਕੇਂਦਰ ਦੀ ਮੋਦੀ ਸਰਕਾਰ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਵਿਖੇ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਉਣ ਲਈ ਤਿਆਰ ਹੈ। ਪਰ ਸੱਚ ਇਹ ਹੈ ਕਿ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਮਈ ਮਹੀਨੇ ਸਾਲ 2025 ਦੌਰਾਨ ਪੰਜਾਬ ਦੇ ਸੈਰ ਸਪਾਟਾ ਵਿਭਾਗ ਜ਼ਰੀਏ ਸ਼ਹੀਦ ਊਧਮ ਸਿੰਘ ਸਬੰਧੀ ਕਰੀਬ 90 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟਾਂ ਬਾਬਤ ਚਿੱਠੀ ਕੇਂਦਰ ਨੂੰ ਭੇਜੀ ਸੀ, ਜਿਸ ਦਾ ਅੱਜ ਤਕ ਕੋਈ ਜਵਾਬ ਨਹੀਂ ਆਇਆ। ਅੰਤ ਨੂੰ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਤੋਂ ਹੀ ਮਨਜ਼ੂਰ ਕਰਵਾ ਕੇ ਕੱਲ੍ਹ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਯਾਦਗਾਰ ਦੀ ਮੁਕੰਮਲ ਕਾਇਆ ਕਲਪ ਲਈ 21.17 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ ਹੈ। ਇਸ ਦੇ ਨਾਲ ਨਾਲ ਕਰੀਬ 60 ਕਰੋੜ ਰੁਪਏ ਦੀ ਲਾਗਤ ਵਾਲਾ ਇਕ ਹੋਰ ਪ੍ਰੋਜੈਕਟ ਵੀ ਪੰਜਾਬ ਸਰਕਾਰ ਨੇ ਪਾਸ ਕਰ ਦਿੱਤਾ ਹੈ, ਜਿਹੜਾ ਜਲਦ ਸ਼ੁਰੂ ਕੀਤਾ ਜਾਵੇਗਾ।
ਕੇਂਦਰ ਨੂੰ ਲਿਖੀ ਚਿੱਠੀ ਵਿਚਲੇ ਪ੍ਰੋਜੈਕਟਾਂ ਵਿੱਚੋਂ ਇੱਕ ਹਾਲੇ ਬਕਾਇਆ ਹੈ ਤੇ ਜੇਕਰ ਸ਼੍ਰੀਮਤੀ ਦਾਮਨ ਥਿੰਦ ਬਾਜਵਾ ਅਤੇ ਭਾਜਪਾ ਨੂੰ ਸੁਨਾਮ ਨਾਲ ਸੱਚੇ ਰੂਪ ਵਿੱਚ ਕੋਈ ਲਗਾਅ ਹੈ ਤਾਂ ਉਹ ਰਹਿੰਦਾ ਪ੍ਰੋਜੈਕਟ ਪਾਸ ਕਰਵਾ ਕੇ ਸ਼ਹਿਰ ਲਈ ਲੈ ਕੇ ਆਉਣ।
ਸ਼੍ਰੀ ਜੈਨ ਨੇ ਕਿਹਾ ਕਿ ਸੁਨਾਮ ਵਾਸੀਆਂ ਤੇ ਸਮੂਹ ਕੰਬੋਜ ਭਾਈਚਾਰੇ ਨੇ ਕੈਬਨਿਟ ਮੰਤਰੀ ਕੋਲ ਮੰਗ ਰੱਖੀ ਸੀ ਕਿ ਪਟਿਆਲਾ ਤੋਂ ਲੈ ਕੇ ਕੋਟ ਸ਼ਮੀਰ ਤਕ ਦੀ ਸੜਕ ਦਾ ਨਾਮ ਸ਼ਹੀਦ ਊਧਮ ਸਿੰਘ ਦੇ ਨਾਮ ਉੱਤੇ ਰੱਖਿਆ ਜਾਵੇ, ਜਿਸ ਉੱਤੇ ਅਮਲ ਕਰਦਿਆਂ ਪੰਜਾਬ ਸਰਕਾਰ ਨੇ ਆਪਣੇ ਅਧਿਕਾਰ ਖੇਤਰ ਵਾਲੇ ਰਾਜ ਮਾਰਗ, ਭਵਾਨੀਗੜ੍ਹ ਤੋਂ ਲੈ ਕੇ ਕੋਟ ਸ਼ਮੀਰ ਤਕ ਦੀ ਸੜਕ, ਦਾ ਨਾਮ ਸ਼ਹੀਦ ਊਧਮ ਸਿੰਘ ਦੇ ਨਾਮ ਉੱਤੇ ਰੱਖ ਦਿੱਤਾ ਪਰ ਕੇਂਦਰ ਨੂੰ ਬੇਨਤੀ ਪੱਤਰ ਭੇਜੇ ਜਾਣ ਦੇ ਬਾਵਜੂਦ ਪਟਿਆਲਾ ਤੋਂ ਭਵਾਨੀਗੜ੍ਹ ਤਕ ਦੇ ਕੌਮੀ ਮਾਰਗ ਦਾ ਨਾਮ ਸ਼ਹੀਦ ਊਧਮ ਸਿੰਘ ਦੇ ਨਾਮ ਉੱਤੇ ਨਹੀਂ ਰੱਖਿਆ ਗਿਆ।
ਟੀਮ ਅਮਨ ਅਰੋੜਾ ਦੇ ਮੈਂਬਰ ਅਤੇ ਮਾਰਕੀਟ ਕਮੇਟੀ ਚੇਅਰਮੈਨ ਮੁਕੇਸ਼ ਜੁਨੇਜਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਜਿਨ੍ਹਾਂ ਵਿੱਚ ਉਹਨਾਂ ਦਾ ਰਿਵਾਲਵਰ, ਗੋਲੀਆਂ, ਬਟੂਆਂ, ਪੈਨ, ਕਪੜੇ, ਆਦਿ ਸ਼ਾਮਲ ਹਨ, ਹਾਲੇ ਵੀ ਇੰਗਲੈਂਡ ਵਿੱਚ ਹਨ ਤੇ ਅੱਜ ਤਕ ਉਹ ਨਿਸ਼ਾਨੀਆਂ ਭਾਰਤ ਤੇ ਪੰਜਾਬ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ। ਉਹਨਾਂ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਗੁਮਰਾਹ ਕਰਨਾ ਛੱਡ ਕੇ ਇਸ ਕਾਰਜ ਵੱਲ ਧਿਆਨ ਦੇਣ।
ਟੀਮ ਅਮਨ ਅਰੋੜਾ ਦੇ ਮੈਂਬਰ ਅਤੇ ਅਤੇ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਕਿਹਾ ਕਿ ਅਸਲ ਵਿੱਚ ਸੁਨਾਮ ਵਿੱਚ ਹੋ ਰਹੇ ਕਰੋੜਾਂ ਦੇ ਵਿਕਾਸ ਕਾਰਜ ਦੇਖ ਕੇ ਸ਼੍ਰੀਮਤੀ ਦਾਮਨ ਥਿੰਦ ਬਾਜਵਾ ਘਬਰਾ ਰਹੇ ਹਨ ਤੇ ਉਹ ਇਸ ਗੱਲੋਂ ਔਖੇ ਵੀ ਹਨ ਕਿ ਜੇਕਰ ਇਸੇ ਰਫ਼ਤਾਰ ਨਾਲ ਸੁਨਾਮ ਵਿੱਚ ਕੰਮ ਹੁੰਦੇ ਰਹੇ ਤਾਂ ਉਹ ਲੋਕਾਂ ਕੋਲ ਵੋਟਾਂ ਕਿਹੜੇ ਮੁੱਦੇ ਉੱਤੇ ਮੰਗਣ ਜਾਣਗੇ। ਉਹਨਾਂ ਕਿਹਾ ਕਿ ਵਿਰੋਧੀ ਇਹ ਗੱਲ ਯਾਦ ਰੱਖਣ ਕਿ ਜੇਕਰ ਆਲੋਚਨਾ ਕਰਨੀ ਹੀ ਹੈ ਤਾਂ ਘੱਟੋ ਘੱਟ ਸੱਚ ਅਤੇ ਤੱਥਾਂ ਦੇ ਅਧਾਰ ਉੱਤੇ ਕੀਤੀ ਜਾਵੇ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕੀਟ ਕਮੇਟੀ ਚੇਅਰਮੈਨ ਮੁਕੇਸ਼ ਜੁਨੇਜਾ, ਮਨੀਸ਼ ਸੋਨੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਐਮ ਸੀ ਗੁਰਤੇਗ ਨਿੱਕਾ, ਮਨੀ ਸਰਾਓ ਹਾਜ਼ਰ ਸਨ।