ਸੀਨੀਅਰ ਆਈ.ਏ.ਐੱਸ. ਅਧਿਕਾਰੀ ਗੁਰਕਿਰਤ ਕ੍ਰਿਪਾਲ ਸਿੰਘ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਫ਼ੌਜ ਦੇ ਅਧਿਕਾਰੀਆਂ ਨਾਲ ਮੀਟਿੰ
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ
ਸੀਨੀਅਰ ਆਈ.ਏ.ਐੱਸ. ਅਧਿਕਾਰੀ ਗੁਰਕਿਰਤ ਕ੍ਰਿਪਾਲ ਸਿੰਘ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਫ਼ੌਜ ਦੇ ਅਧਿਕਾਰੀਆਂ ਨਾਲ ਮੀਟਿੰਗ
ਪੰਜਾਬ ਸਰਕਾਰ ਕਿਸੇ ਵੀ ਸੰਭਾਵੀ ਹਮਲੇ ਸਮੇਤ ਕਿਸੇ ਵੀ ਐਮਰਜੈਂਸੀ ਸਥਿਤੀ 'ਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧ - ਗੁਰਕਿਰਤ ਕ੍ਰਿਪਾਲ ਸਿੰਘ
-ਕਿਹਾ, ਜੰਗ ਬਾਰੇ ਅਫ਼ਵਾਹਾਂ, ਗ਼ਲਤ ਖ਼ਬਰਾਂ ਤੇ ਸਮਾਜ ਤੇ ਦੇਸ਼ ਵਿਰੋਧ ਅਨਸਰਾਂ 'ਤੇ ਰੱਖੀ ਜਾਵੇ ਪੈਨੀ ਨਜ਼ਰ
ਗੁਰਦਾਸਪੁਰ, 13 ਮਈ ( 2025) - ਪੰਜਾਬ ਸਰਕਾਰ ਵੱਲੋਂ ਭਾਰਤ-ਪਾਕਿ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਿਆਂ ਵਿੱਚ ਨਜ਼ਰ ਰੱਖਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨ ਲਈ ਤਾਇਨਾਤ ਕੀਤੇ ਗਏ ਸੀਨੀਅਰ ਆਈ.ਏ.ਐੱਸ. ਅਧਿਕਾਰੀ ਸ੍ਰੀ ਗੁਰਕਿਰਤ ਕ੍ਰਿਪਾਲ ਸਿੰਘ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ, ਐੱਸ.ਐੱਸ.ਪੀ. ਬਟਾਲਾ ਸ੍ਰੀ ਸੋਹੇਲ ਕਾਸਮ ਮੀਰ, ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਯ, ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ, ਐੱਸ.ਪੀ. ਸ੍ਰੀ ਜੁਗਰਾਜ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰੀ ਆਦਿੱਤਯ ਗੁਪਤਾ ਅਤੇ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਕੇ ਜ਼ਿਲ੍ਹੇ ਵਿੱਚ ਜੰਗ ਵਰਗੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਕੀਤੀਆਂ ਤਿਆਰੀਆਂ ਦਾ ਮੁਲੰਕਣ ਕੀਤਾ।
ਸੀਨੀਅਰ ਆਈ.ਏ.ਐੱਸ. ਅਧਿਕਾਰੀ ਸ੍ਰੀ ਗੁਰਕਿਰਤ ਕ੍ਰਿਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਥਿਤੀ ਉੱਪਰ ਪੂਰੀ ਤਰ੍ਹਾਂ ਨਜ਼ਰ ਰੱਖ ਰਹੀ ਹੈ ਅਤੇ ਕਿਸੇ ਵੀ ਸੰਭਾਵੀ ਹਵਾਈ ਜਾਂ ਡਰੋਨ ਹਮਲੇ ਜਾਂ ਜੰਗ ਦੀ ਸੂਰਤ 'ਚ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਲਈ ਹਰ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਵਾਈ ਜਾਂ ਡਰੋਨ ਹਮਲੇ ਤੇ ਜੰਗ ਸਮੇਤ ਸੋਸ਼ਲ ਮੀਡੀਆ 'ਤੇ ਜਾਂ ਕਿਸੇ ਹੋਰ ਤਰ੍ਹਾਂ ਨਾਲ ਫੈਲੀ ਅਫ਼ਵਾਹ ਤੇ ਗ਼ਲਤ ਖ਼ਬਰਾਂ 'ਤੇ ਕੋਈ ਯਕੀਨ ਨਾ ਕਰਨ, ਸਗੋਂ ਸ਼ਾਂਤ ਰਹਿ ਕੇ ਪ੍ਰਸ਼ਾਸਨ ਨੂੰ ਸਹਿਯੋਗ ਕਰਦੇ ਹੋਏ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਯਕੀਨੀ ਬਣਾਉਣ।
ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਸਿਹਤ ਤੇ ਮੈਡੀਕਲ, ਖ਼ੁਰਾਕ ਤੇ ਸਿਵਲ ਸਪਲਾਈਜ਼, ਬਿਜਲੀ, ਜਲ ਸਪਲਾਈ, ਸੜਕਾਂ, ਆਵਾਜਾਈ, ਸਿੱਖਿਆ ਤੇ ਲੋੜੀਂਦੀਆਂ ਵਸਤਾਂ ਦੀ ਪੂਰਤੀ ਬਾਰੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਪੂਰੀ ਤਰ੍ਹਾਂ ਮੁਸਤੈਦ ਰਿਹਾ ਜਾਵੇ। ਇਸ ਤੋਂ ਬਿਨਾਂ ਸਿਵਲ, ਫ਼ੌਜ ਸਮੇਤ ਖ਼ੁਫ਼ੀਆ ਤੇ ਸਰਕਾਰੀ ਏਜੰਸੀਆਂ ਦਰਮਿਆਨ ਪੂਰਾ ਤਾਲਮੇਲ ਕਰਦੇ ਹੋਏ ਕਿਸੇ ਵੀ ਹੋਰ ਮੁੱਦੇ ਬਾਰੇ ਨਿਰੰਤਰ ਨਿਗਰਾਨੀ ਰੱਖੀ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ।
ਸ੍ਰੀ ਗੁਰਕਿਰਤ ਕ੍ਰਿਪਾਲ ਸਿੰਘ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ਅੰਦਰ ਲੋਕਾਂ ਨੂੰ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਸਟੀਕ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਅਤੇ ਗ਼ਲਤ ਖ਼ਬਰਾਂ ਅਤੇ ਸਮਾਜ ਤੇ ਦੇਸ਼ ਵਿਰੋਧੀ ਤੱਤਾਂ ਉੱਪਰ ਵੀ ਪੈਨੀ ਨਜ਼ਰ ਰੱਖੀ ਜਾਵੇ, ਤਾਂ ਕਿ ਲੋਕਾਂ ਵਿੱਚ ਜੰਗ ਜਾਂ ਕਿਸੇ ਹੋਰ ਸਥਿਤੀ ਬਾਰੇ ਕੋਈ ਅਫ਼ਵਾਹ ਜਾਂ ਭਰਮ ਭੁਲੇਖਾ ਨਾ ਪੈਦਾ ਹੋਵੇ।
ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਪਾਸੋਂ, ਸਿਵਲ ਡਿਫੈਂਸ, ਮੌਕ ਡਰਿੱਲ, ਉੱਚੀਆਂ ਇਮਾਰਤਾਂ, ਸੁਰੱਖਿਅਤ ਥਾਵਾਂ, ਹਵਾਈ ਹਮਲੇ ਸਮੇਂ ਕਰੈਸ਼ ਬਲੈਕ-ਆਊਟ 'ਤੇ ਵਜਾਏ ਜਾਣ ਵਾਲੇ ਸਾਇਰਨਾਂ ਤੇ ਲੋਕਾਂ ਨੂੰ ਸੂਚਿਤ ਕਰਨ ਲਈ ਕੀਤੇ ਪ੍ਰਬੰਧਾਂ ਸਮੇਤ ਹੋਰ ਕੀਤੇ ਜਾਣ ਵਾਲੇ ਬਚਾਅ ਕਾਰਜਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਐੱਸ.ਐੱਸ.ਪੀ. ਬਟਾਲਾ ਤੇ ਗੁਰਦਾਸਪੁਰ ਤੋਂ ਫ਼ੌਜ ਦੀ ਸੁਰੱਖਿਅਤ ਆਵਾਜਾਈ, ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਣ, ਧਰਮਸ਼ਾਲਾਵਾਂ, ਹੋਟਲਾਂ ਤੇ ਹੋਰ ਰੈਣ ਬਸੇਰਿਆਂ ਦੀ ਚੈਕਿੰਗ ਕਰਨ ਤੇ ਹੋਰ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਜ਼ਿਲ੍ਹੇ ਅੰਦਰ ਹੁਣ ਤੱਕ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ ਪ੍ਰਸ਼ਾਸਨ ਪੂਰੀ ਸੰਜੀਦਗੀ ਨਾਲ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਮੁਸਤੈਦ ਹੈ।