ਪਟਿਆਲਾ-ਸਰਹਿੰਦ ਰੋਡ ‘ਤੇ ਪਿੰਡ ਫੱਗਣਮਾਜਰਾ ਨੇੜੇ ਦੁਵੱਲੀ ਗੋਲੀਬਾਰੀ ਮਗਰੋਂ ਅਪਰਾਧੀ ਗ੍ਰਿਫ਼ਤਾਰ,
ਪਟਿਆਲਾ ਪੁਲਿਸ ਦਾ ਬਦਮਾਸ਼ ਨਾਲ ਮੁਕਾਬਲਾ
-ਪਟਿਆਲਾ-ਸਰਹਿੰਦ ਰੋਡ ‘ਤੇ ਪਿੰਡ ਫੱਗਣਮਾਜਰਾ ਨੇੜੇ ਦੁਵੱਲੀ ਗੋਲੀਬਾਰੀ ਮਗਰੋਂ ਅਪਰਾਧੀ ਗ੍ਰਿਫ਼ਤਾਰ, ਐੱਸਐੱਸਪੀ ਵਰੁਣ ਸ਼ਰਮਾ ਮੌਕੇ ‘ਤੇ ਪੁੱਜੇ
-ਗੈਂਗਸਟਰ ਤੇ ਸਮਾਜ ਵਿਰੋਧੀ ਅਨਸਰ ਮੁਕਤ ਪੰਜਾਬ ਦਾ ਸੁਪਨਾ ਪੂਰਾ ਕਰੇਗੀ ਪਟਿਆਲਾ ਪੁਲਿਸ- ਵਰੁਣ ਸ਼ਰਮਾ
-ਕਾਬੂ ਅਪਰਾਧੀ ਵਿਰੁੱਧ ਪਹਿਲਾਂ ਦਰਜ ਸਨ ਕਈ ਅਪਰਾਧਿਕ ਮਾਮਲੇ
ਪਟਿਆਲਾ, 14 ਮਈ:
ਪੰਜਾਬ ਨੂੰ ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਮੁਕਤ ਸੂਬਾ ਬਣਾਉਣ ਲਈ ਆਪਣੀ ਵਚਨਬੱਧਤਾ ਨਿਭਾਉਂਦਿਆਂ ਪਟਿਆਲਾ ਪੁਲਿਸ ਨੇ ਅੱਜ ਇਕ ਬਦਨਾਮ ਬਦਮਾਸ਼ ਨੂੰ ਦੁਵੱਲੀ ਗੋਲੀਬਾਰੀ ਮਗਰੋਂ ਗ੍ਰਿਫ਼ਤਾਰ ਕਰਨ ਦੀ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਇੱਥੇ ਪਟਿਆਲਾ-ਸਰਹਿੰਦ ਰੋਡ ‘ਤੇ ਪਿੰਡ ਫੱਗਣਮਾਜਰਾ ਨੇੜੇ ਏਸ਼ੀਅਨ ਕਾਲਜ ਰੋਡ ਵਿਖੇ ਸੀਆਈਏ ਸਟਾਫ ਪੁਲਿਸ ਘੇਰੇ ਵਿੱਚ ਆਏ ਅਪਰਾਧੀ ਨੇ ਪੁਲਿਸ ਉੱਪਰ ਗੋਲੀ ਚਲਾਉਂਦਿਆਂ ਚਾਰ ਫਾਇਰ ਕੀਤੇ ਪਰ ਪੁਲਿਸ ਪਾਰਟੀ ਨੇ ਮਿਸਾਲੀ ਬਹਾਦਰੀ ਤੇ ਸੰਜਮ ਦਿਖਾਇਆ ਅਤੇ ਦੋਸ਼ੀ ਦੀ ਲੱਤ 'ਤੇ ਗੋਲੀ ਲੱਗੀ, ਜਿਸ ਮਗਰੋਂ ਉਸ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ।
ਮੌਕੇ ਉੱਤੇ ਪਹੁੰਚੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪਟਿਆਲਾ ਪੁਲਿਸ ਵੱਲੋਂ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਤੇ ਡੀਆਈਜੀ ਪਟਿਆਲਾ ਰੇਂਜ ਡਾ ਨਾਨਕ ਸਿੰਘ ਦੀ ਨਿਗਰਾਨੀ ਹੇਠ ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਵਰਤੀ ਜਾ ਰਹੀ ਹੈ।
ਐਸਐਸਪੀ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸ਼ਾਮ ਸਮਾਜ ਵਿਰੋਧੀ ਅਨਸਰਾਂ ਦੀ ਤਲਾਸ਼ ਵਿੱਚ ਐਸਪੀ ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਇੰਚਾਰਜ ਸੀਆਈਏ ਪਟਿਆਲਾ ਪ੍ਰਦੀਪ ਸਿੰਘ ਬਾਜਵਾ ਦੀ ਇੱਕ ਟੀਮ ਸਰਹਿੰਦ ਰੋਡ ‘ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਸੂਹ ਮਿਲੀ ਸੀ ਕਿ ਗੁਰਚਰਨ ਸਿੰਘ ਉਰਫ਼ ਕਾਲੂ ਪੁੱਤਰ ਮਲਕੀਤ ਸਿੰਘ ਨਿਵਾਸੀ ਪਿੰਡ ਬਹੇੜੀ ਥਾਣਾ ਘੜੂੰਆਂ ਜ਼ਿਲ੍ਹਾ ਐਸਏਐਸ ਨਗਰ, ਜੋ ਕਿ ਪਿਛਲੇ ਦਿਨੀ ਪਟਿਆਲਾ ਦੇ ਤ੍ਰਿਪੜੀ ਇਲਾਕੇ ਵਿੱਚੋਂ ਖੋਹੀ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਪਟਿਆਲਾ ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਹੈ।
ਐਸਐਸਪੀ ਨੇ ਦੱਸਿਆ ਕਿ ਜਦੋਂ ਪਿੰਡ ਫੱਗਣਮਾਜਰਾ ਏਸ਼ੀਅਨ ਕਾਲਜ ਰੋਡ ਨੇੜੇ, ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਭੱਜੇ ਜਾਂਦੇ ਇਸ ਬਦਨਾਮ ਬਦਮਾਸ਼ ਨੂੰ ਪੁਲਿਸ ਨੇ ਅਪਣੇ ਘੇਰੇ ਵਿੱਚ ਲਿਆ ਤਾਂ ਉਸ ਨੇ ਇਕ 32 ਬੋਰ ਦੇ ਨਾਜਾਇਜ਼ ਪਿਸਟਲ ਨਾਲ ਪੁਲਿਸ ਪਾਰਟੀ ਉਪਰ ਫਾਇਰ ਕਰਦਿਆਂ ਚਾਰ ਗੋਲੀਆਂ ਚਲਾਈਆਂ ਤਾਂ ਪੁਲਿਸ ਪਾਰਟੀ ਨੇ ਮਿਸਾਲੀ ਬਹਾਦਰੀ ਅਤੇ ਸੰਜਮ ਦਿਖਾਇਆ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ ਅਤੇ ਦੋਸ਼ੀ ਦੀ ਲੱਤ 'ਤੇ ਗੋਲੀ ਲੱਗੀ, ਤਾਂ ਪੁਲਿਸ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ।
ਵਰੁਣ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਇੱਕ ਕੱਟੜ ਅਪਰਾਧੀ ਹੈ ਜਿਸ 'ਤੇ ਡਕੈਤੀ, ਹਥਿਆਰਬੰਦ ਡਕੈਤੀ, ਐਨਡੀਪੀਐਸ ਐਕਟ ਦੇ 8 ਤੋਂ ਵੱਧ ਮਾਮਲੇ ਦਰਜ ਹਨ।ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਗੈਂਗਸਟਰਾਂ ਅਤੇ ਅਪਰਾਧੀਆਂ ਪ੍ਰਤੀ ਜ਼ੀਰੋ ਟਾਲਰੈਂਸ ਦੇ ਆਪਣੇ ਦ੍ਰਿਸ਼ਟੀਕੋਣ ਪ੍ਰਤੀ ਵਚਨਬੱਧ ਹੈ।