ਨਸ਼ਾ ਮੁਕਤੀ ਯਾਤਰਾ ਤਹਿਤ ਫਾਜ਼ਿਲਕਾ ਵਿਧਾਇਕ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਨਸ਼ਿਆਂ ਖਿਲਾਫ ਕੀਤਾ ਜਾਗਰੂਕ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ
ਨਸ਼ਾ ਮੁਕਤੀ ਯਾਤਰਾ ਤਹਿਤ ਫਾਜ਼ਿਲਕਾ ਵਿਧਾਇਕ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਨਸ਼ਿਆਂ ਖਿਲਾਫ ਕੀਤਾ ਜਾਗਰੂਕ
ਨਸ਼ੇ ਦੀ ਭੈੜੀ ਅਲਾਮਤ ਨੂੰ ਜੜੋ ਖਤਮ ਕਰਨਾ ਲਈ ਲੋਕਾਂ ਦਾ ਸਾਥ ਜ਼ਰੂਰੀ :ਵਿਧਾਇਕ ਨਰਿੰਦਰਪਾਲ ਸਿੰਘ ਸਵਨਾਂ
ਫਾਜ਼ਿਲਕਾ 26 ਜੁਲਾਈ
ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ‘ਨਸ਼ਾ ਮੁਕਤੀ ਯਾਤਰਾ’ ਮੁਹਿੰਮ ਅਧੀਨ ਫਾਜ਼ਿਲਕਾ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਜੰਡਵਾਲਾ ਖਰਤਾ, ਸਾਬੂਆਣਾ, ਝੁੱਗੇ ਗੁਲਾਬ, ਪੱਕਾ ਚਿਸਤੀ ਅਤੇ ਮੌਜਮ ਦੇ ਵਾਸੀਆਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ।ਉਨ੍ਹਾ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਖਾਤਮ ਵਿੱਚ ਆਪਣਾ ਪੂਰਨ ਸਹਿਯੋਗ ਦੇਣ ਲਈ ਸਹੁੰ ਵੀ ਚੁਕਾਈ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਧਰਮਪਤਨੀ ਮੈਡਮ ਖੁਸ਼ਬੂ ਸਾਵਨਸੁੱਖਾ ਸਵਨਾ ਵੀ ਮੌਜੂਦ ਸਨ।
ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ‘ਚ ਧਕੇਲਣ ਲਈ ਕੋਈ ਕਸਰ ਨਹੀਂ ਛੱਡੀ, ਪਰ ਹੁਣ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਵਿਆਪਕ ਤੌਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਤੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਨਸ਼ੇ ਦੀ ਭੈੜੀ ਅਲਾਮਤ ਨੂੰ ਜੜੋਂ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਸਾਡਾ ਨੋਜਵਾਨ ਭਰਾ ਨਸ਼ੇ ਦੀ ਬਿਮਾਰੀ ਦੀ ਲਪੇਟ ਵਿੱਚ ਆ ਚੁੱਕਾ ਹੈ ਉਸ ਨੂੰ ਵੀ ਘਬਰਾਉਣ ਦੀ ਲੋੜ ਨਹੀਂ, ਬਲਕਿ ਪੰਜਾਬ ਸਰਕਾਰ ਉਸਦਾ ਮੁਫਤ ਇਲਾਜ ਕਰਵਾ ਰਹੀ ਹੈ ਤੇ ਸਮਾਜ ਦੀ ਮੁੱਖ ਧਾਰਾ ਨਾਲ ਜੋੜ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ਨੂੰ ਫੜਿਆ ਜਾ ਸਕਦਾ ਹੈ। ਉਹ ਪੁਲਿਸ ਤੇ ਉਨ੍ਹਾਂ ਨੂੰ ਨਸ਼ਾ ਤਸਕਰਾਂ ਬਾਰੇ ਦੱਸਣ ਤਾਂ ਜੋ ਜਲਦੀ ਤੋਂ ਜਲਦੀ ਨਸ਼ਾ ਤਸਕਰਾਂ ਨੂੰ ਫੜਿਆ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜਾਰੀ ਵਟਸਐਪ ਨੰਬਰ 97791-00200 ਤੇ ਵੀ ਨਸ਼ਾ ਤਸਕਰਾਂ ਦੀ ਸੂਚਨਾ ਦੇ ਸਕਦੇ ਹਨ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਤੇ ਪਹਿਚਾਣ ਗੁਪਤ ਰੱਖੀ ਜਾਵੇਗੀ।
ਮੈਡਮ ਖੁਸ਼ਬੂ ਸਾਵਨਸੁੱਖਾ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿੱਚ ਵੱਡੀ ਪੁਲਾਂਘ ਪੁੱਟੀ ਹੈ। ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਨਟਰੈਕਟਿਵ ਪੈਨਲ, ਗ੍ਰਾਊਂਡ, ਪਾਰਕ, ਲਾਇਬ੍ਰੇਰੀ, ਨਵੇਂ ਕਮਰੇ, ਕਿਚਨ ਸੈੱਡ, ਬਾਊਂਡਰੀ ਵਾਲੇ ਆਦਿ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਤਾਂ ਜੋ ਬੱਚਿਆਂ ਦਾ ਭਵਿੱਖ ਉੱਜਵਲ ਹੋ ਸਕੇ। ਇਸ ਤੋਂ ਇਲਾਵਾ ਹੁਣ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨੂੰ ਲੈ ਕੇ ਪਿੰਡਾਂ ਵਿੱਚ ਲੱਖਾਂ ਦੀ ਲਾਗਤ ਨਾਲ ਆਧੁਨਿਕ ਖੇਡ ਸਟੇਡੀਅਮ ਤੇ ਵਾਲੀਬਾਲ ਗਰਾਊਂਡ ਵੀ ਬਣਾ ਰਹੀ ਹੈ।
ਇਸ ਮੌਕੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਪਿੰਡਾਂ ਦੇ ਪੰਚ, ਸਰਪੰਚ, ਆਪ ਆਗੂ, ਵਰਕਰ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।