ਲਾਲੜੂ ਦੇ ਵਾਰਡ ਨੰਬਰ 13 ਵਿੱਚ ਭਾਜਪਾ ਮੀਟਿੰਗ—ਆਪ ਸਰਕਾਰ ਵੱਲੋਂ ਬਣਾਈ ਕਮੇਟੀ ਦੀ ਵਾਰਡਬੰਦੀ ‘ਤੇ ਭਾਰੀ ਨਰਾਜ਼ਗੀ
ਲਾਲੜੂ ਦੇ ਵਾਰਡ ਨੰਬਰ 13 ਵਿੱਚ ਭਾਜਪਾ ਮੀਟਿੰਗ—ਆਪ ਸਰਕਾਰ ਵੱਲੋਂ ਬਣਾਈ ਕਮੇਟੀ ਦੀ ਵਾਰਡਬੰਦੀ ‘ਤੇ ਭਾਰੀ ਨਰਾਜ਼ਗੀ
ਲਾਲੜੂ, 21ਜਨਵਰੀ ( ਜਸਬੀਰ ਸਿੰਘ)
ਲਾਲੜੂ ਦੇ ਵਾਰਡ ਨੰਬਰ 13 ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਮਨਪ੍ਰੀਤ ਸਿੰਘ (ਬੰਨੀ) ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਦੀ ਵਾਰਡਬੰਦੀ ਨੂੰ ਲੈ ਕੇ ਵੱਡੇ ਪੱਧਰ ‘ਤੇ ਨਰਾਜ਼ਗੀ ਜ਼ਾਹਿਰ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ (ਬੰਨੀ) ਨੇ ਕਿਹਾ ਕਿ ਮੌਜੂਦਾ ਵਾਰਡਬੰਦੀ ਜਨਹਿੱਤ ਦੇ ਉਲਟ ਹੈ ਅਤੇ ਇਸ ਨਾਲ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕਮੇਟੀ ਬਣਾਉਂਦੇ ਸਮੇਂ ਲੋਕਤੰਤਰਿਕ ਪ੍ਰਕਿਰਿਆ ਅਤੇ ਵਾਰਡ ਵਾਸੀਆਂ ਦੀ ਸਲਾਹ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਜਿਸ ਕਾਰਨ ਆਮ ਲੋਕਾਂ ਵਿੱਚ ਨਰਾਜਗੀ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਖੜ੍ਹੀ ਰਹੀ ਹੈ ਅਤੇ ਵਾਰਡ ਵਾਸੀਆਂ ਦੇ ਹੱਕਾਂ ਦੀ ਰਾਖੀ ਲਈ ਹਰ ਮੰਚ ‘ਤੇ ਸੰਘਰਸ਼ ਕਰੇਗੀ। ਮੀਟਿੰਗ ਦੌਰਾਨ ਇਹ ਫ਼ੈਸਲਾ ਵੀ ਲਿਆ ਗਿਆ ਕਿ ਵਾਰਡਬੰਦੀ ਨਾਲ ਜੁੜੀਆਂ ਖਾਮੀਆਂ ਨੂੰ ਲਿਖਤੀ ਰੂਪ ਵਿੱਚ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਜਾ ਚੁੱਕਿਆ ਹੈ।
ਮੀਟਿੰਗ ਵਿੱਚ ਵਿੱਕੀ ਰਾਣਾ, ਅਮੀਤ ਰਾਣਾ, ਬੰਟੀ ਸ਼ਰਮਾ, ਟਿੰਨੀ ਰਾਣਾ, ਕੁਲਭੁਸਨ ਰਾਣਾ, ਹੈਪੀ ਸੈਣੀ, ਜਸਬੀਰ, ਰੋਮੀ ਸਮੇਤ ਹੋਰ ਕਈ ਭਾਜਪਾ ਕਾਰਕੁਨ ਅਤੇ ਵਾਰਡ ਵਾਸੀ ਹਾਜ਼ਰ ਰਹੇ। ਹਾਜ਼ਰੀਨ ਨੇ ਇਕਸੁਰ ਵਿੱਚ ਮੰਗ ਕੀਤੀ ਕਿ ਵਾਰਡਬੰਦੀ ਨੂੰ ਤੁਰੰਤ ਦੁਬਾਰਾ ਸਮੀਖਿਆ ਕਰਕੇ ਲੋਕਾਂ ਦੇ ਹਿੱਤਾਂ ਅਨੁਸਾਰ ਸੁਧਾਰਿਆ ਜਾਵੇ।