ਲੋਕਤੰਤਰ ਅਤੇ ਚੋਣ ਪ੍ਰਬੰਧਨ 'ਤੇ ਅੰਤਰਰਾਸ਼ਟਰੀ ਸੰਮੇਲਨ -2026 ਸ਼ੁਰੂ
ਲੋਕਤੰਤਰ ਅਤੇ ਚੋਣ ਪ੍ਰਬੰਧਨ 'ਤੇ ਅੰਤਰਰਾਸ਼ਟਰੀ ਸੰਮੇਲਨ -2026 ਸ਼ੁਰੂ
*ਭਾਰਤੀ ਚੋਣ ਕਮਿਸ਼ਨ ਨੇ ਸਵਾਗਤੀ ਸਮਾਰੋਹ ਵਿੱਚ ਦੇਸ਼ ਭਰ ਦੇ ਨੁਮਾਇੰਦਿਆਂ ਦਾ ਕੀਤਾ ਸਵਾਗਤ*
*ਸਮਾਗਮ ਦੌਰਾਨ "ਇੰਡੀਆ ਡਿਸਾਈਡਜ਼" ਦਸਤਾਵੇਜ਼ੀ ਫਿਲਮਾਂ ਦੀਆਂ ਝਲਕੀਆਂ ਵਿਖਾਈਆਂ ਗਈਆਂ*
ਚੰਡੀਗੜ੍ਹ, 21 ਜਨਵਰੀ:
1. ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦਾ 3-ਦਿਨਾਂ ਸੰਮੇਲਨ ਲੋਕਤੰਤਰ ਅਤੇ ਚੋਣ ਪ੍ਰਬੰਧਨ 'ਤੇ ਅੰਤਰਰਾਸ਼ਟਰੀ ਸੰਮੇਲਨ (ਆਈ.ਆਈ.ਸੀ.ਡੀ.ਈ.ਐਮ.) 2026 ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ।
2. ਵਿਸ਼ੇਸ਼ ਤੌਰ 'ਤੇ ਕਰਵਾਏ ਸਵਾਗਤ ਸਮਾਰੋਹ ਵਿੱਚ ਭਾਰਤ ਦੇ ਮੁੱਖ ਚੋਣ ਕਮਿਸ਼ਨਰ (ਈ.ਸੀ.ਈ.), ਸ੍ਰੀ ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ (ਈਸੀਜ਼) ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਨਾਲ ਲਗਭਗ 60 ਕੌਮਾਂਤਰੀ ਨੁਮਾਇੰਦਿਆਂ ਦਾ ਸਵਾਗਤ ਕੀਤਾ ਗਿਆ।
3. ਕਾਨਫਰੰਸ ਇੱਕ ਸ਼ਾਨਦਾਰ ਉਦਘਾਟਨੀ ਸੈਸ਼ਨ ਨਾਲ ਸ਼ੁਰੂ ਹੋਈ ਜਿਸ ਵਿੱਚ ਦੇਸ਼ ਭਰ ਤੋਂ ਲਗਭਗ 1000 ਸਖ਼ਸ਼ੀਅਤਾਂ ਨੇ ਸ਼ਮੂਲੀਅਤ ਕੀਤੀ, ਜਿਸ ਵਿੱਚ 42 ਚੋਣ ਪ੍ਰਬੰਧਨ ਸੰਸਥਾਵਾਂ (ਈ.ਐਮ.ਬੀਜ਼) ਦੇ ਨੁਮਾਇੰਦੇ, 27 ਦੇਸ਼ਾਂ ਦੇ ਰਾਜਦੂਤ/ਹਾਈ ਕਮਿਸ਼ਨਰ, 70 ਤੋਂ ਵੱਧ ਕੌਮੀ ਸੰਸਥਾਵਾਂ ਦੇ ਮਾਹਰ ਅਤੇ ਭਾਰਤੀ ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਅਤੇ 36 ਮੁੱਖ ਚੋਣ ਅਧਿਕਾਰੀ (ਈ.ਸੀ.ਓਜ਼) ਸ਼ਾਮਲ ਸਨ।
4. ਸ਼ਮੂਲੀਅਤ ਕਰਨ ਵਾਲੀਆਂ ਸਾਰੀਆਂ ਸਖ਼ਸ਼ੀਅਤਾਂ ਦਾ ਸਵਾਗਤ ਕਰਦਿਆਂ ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਨੇ ਕਿਹਾ ਕਿ ਪਿਛਲੇ ਦਹਾਕਿਆਂ ਵਿੱਚ ਚੋਣ ਪ੍ਰਬੰਧਨ ਸੰਸਥਾਵਾਂ ਦੇ ਕਾਰਜ ਵਿੱਚ ਅਹਿਮ ਵਿਕਾਸ ਦੇਖਣ ਨੂੰ ਮਿਲਿਆ ਹੈ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰੂਪ ਵਿੱਚ ਭਾਰਤ 1.5 ਅਰਬ ਦੀ ਆਬਾਦੀ ਵਾਲੇ 28 ਰਾਜਾਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਸਮੇਤ ਬੇਮਿਸਾਲ ਪੈਮਾਨੇ 'ਤੇ ਚੋਣਾਂ ਕਰਵਾਉਂਦਾ ਹੈ।
5. ਦੇਸ਼ ਵਾਸੀਆਂ ਵੱਲੋਂ ਚੋਣ ਪ੍ਰਬੰਧਨ ਸੰਸਥਾਵਾਂ ਵਿੱਚ ਵਿਖਾਏ ਵਿਸ਼ਵਾਸ ਨੂੰ ਅਹਿਮ ਦੱਸਦਿਆਂ ਚੋਣ ਕਮਿਸ਼ਨ ਡਾ. ਸੁਖਬੀਰ ਸਿੰਘ ਸੰਧੂ ਨੇ ਕਿਹਾ ਕਿ ਹਰੇਕ ਚੋਣ ਨਾਗਰਿਕਾਂ ‘ਤੇ ਕੇਂਦਰਿਤ ਹੁੰਦੀ ਹੈ, ਜਿਨ੍ਹਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਨ੍ਹਾਂ ਦੇ ਚੁਣਨ ਦੇ ਅਧਿਕਾਰ ਦਾ ਸਤਿਕਾਰ ਅਤੇ ਰਾਖੀ ਕਰਨਾ ਚੋਣ ਪ੍ਰਬੰਧਨ ਸੰਸਥਾਵਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ।
6. ਉਦਘਾਟਨੀ ਸੈਸ਼ਨ ਦੌਰਾਨ ਬੋਲਦਿਆਂ ਚੋਣ ਕਮਿਸ਼ਨ ਡਾ. ਵਿਵੇਕ ਜੋਸ਼ੀ ਨੇ ਕਿਹਾ ਕਿ ਲੋਕਤੰਤਰ ਅਤੇ ਚੋਣ ਪ੍ਰਬੰਧਨ 'ਤੇ ਅੰਤਰਰਾਸ਼ਟਰੀ ਸੰਮੇਲਨ -2026 ਚੋਣ ਪ੍ਰਬੰਧਨ ਸੰਸਥਾਵਾਂ, ਖੋਜਕਰਤਾਵਾਂ, ਵਿਦਿਆਰਥੀਆਂ ਅਤੇ ਪੇਸ਼ੇਵਾਰਾਂ ਨੂੰ ਇੱਕ ਮੰਚ ‘ਤੇ ਇੱਕਠਾ ਕਰਦਾ ਹੈ ਜੋ ਚੋਣਾਂ ਨੂੰ ਵੱਖ-ਵੱਖ ਨਜ਼ਰੀਏ ਤੋਂ ਦੇਖਦੇ ਹਨ ਅਤੇ ਆਪੋ-ਆਪਣੇ ਸੰਸਥਾਨਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਂਦੇ ਹਨ।
7. ਲੋਕਤੰਤਰ ਅਤੇ ਚੋਣ ਪ੍ਰਬੰਧਨ 'ਤੇ ਅੰਤਰਰਾਸ਼ਟਰੀ ਸੰਮੇਲਨ -2026 ਵਿਸ਼ੇ 'ਤੇ ਬੋਲਦਿਆਂ ਅੰਤਰਰਾਸ਼ਟਰੀ ਲੋਕਤੰਤਰ ਅਤੇ ਚੋਣ ਪ੍ਰਬੰਧਨ ਸੰਸਥਾਨ ਦੇ ਡਾਇਰੈਕਟਰ ਜਨਰਲ ਸ੍ਰੀ ਰਾਕੇਸ਼ ਵਰਮਾ ਨੇ ਕਿਹਾ ਕਿ ਭਾਰਤ ਦੀ ਪ੍ਰਧਾਨਗੀ ਦਾ ਵਿਸ਼ਾ ਇੱਕ ਸਮਾਵੇਸ਼ੀ, ਸ਼ਾਂਤੀਪੂਰਨ ਅਤੇ ਸਥਾਈ ਵਿਸ਼ਵ ਲਈ ਲੋਕਤੰਤਰ ਅਤੇ ਇਸ ਦੀ ਵਿਆਪਕਤਾ ਦੇ ਨਾਲ-ਨਾਲ 21ਵੀਂ ਸਦੀ ਵਿੱਚ ਲੋਕਤੰਤਰ ਨੂੰ ਕੀ ਪ੍ਰਦਾਨ ਕਰਨਾ ਚਾਹੀਦਾ ਹੈ, ਬਾਰੇ ਬਹੁ-ਪੱਖੀ ਸਮਝ ਨੂੰ ਦਰਸਾਉਂਦਾ ਹੈ।
8. ਸਾਰੇ ਭਾਗੀਦਾਰਾਂ ਨੇ ਵਾਰਨਰ ਬ੍ਰਦਰਜ਼ ਡਿਸਕਵਰੀ ਦੇ ਸਹਿਯੋਗ ਨਾਲ ਤਿਆਰ ਕੀਤੀਆਂ ਗਈਆਂ ਆਉਣ ਵਾਲੀਆਂ ਦਸਤਾਵੇਜ਼ੀ ਫਿਲਮਾਂ, "ਇੰਡੀਆ ਡਿਸਾਈਡਜ਼" ਦੀਆਂ ਝਲਕੀਆਂ ਵੇਖੀਆਂ। ਵਾਰਨਰ ਬ੍ਰਦਰਜ਼ ਡਿਸਕਵਰੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਰਜੁਨ ਨੋਹਵਾਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਆਕਰਸ਼ਕ ਵਿਜ਼ੂਅਲ ਰਾਹੀਂ ਦਸਤਾਵੇਜ਼ੀ ਫਿਲਮਾਂ ਸੰਸਥਾ ਦੇ ਕੰਮ ਕਰਨ ਦੇ ਤਰੀਕਿਆਂ ਨਾਲ ਆਮ ਚੋਣਾਂ ਨੂੰ ਦਰਸਾਉਂਦੀਆਂ ਹਨ, ਜੋ ਵਿਸ਼ਵ ਦੇ ਸਭ ਤੋਂ ਗੁੰਝਲਦਾਰ ਕਾਰਜਾਂ ਵਿੱਚੋਂ ਇੱਕ ਹੈ।