ਵਿਧਾਇਕ ਮਾਣੂੰਕੇ ਦੇ ਯਤਨਾਂ ਸਦਕਾ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਮਿਲੇ ਟਰਾਈ-ਸਾਈਕਲ
ਵਿਧਾਇਕ ਮਾਣੂੰਕੇ ਦੇ ਯਤਨਾਂ ਸਦਕਾ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਮਿਲੇ ਟਰਾਈ-ਸਾਈਕਲ
- ਜ਼ਰੂਰਤਮੰਦਾਂ ਦੀ ਸਹਾਇਤਾ ਲਈ ਹਮੇਸ਼ਾਂ ਉਪਰਾਲੇ ਕਰਦੀ ਰਹਾਂਗੀ- ਸਰਵਜੀਤ ਕੌਰ ਮਾਣੂੰਕੇ
ਜਗਰਾਉਂ, 18 ਅਗਸਤ (2025) – ਵਿਧਾਨ ਸਭਾ ਹਲਕਾ ਜਗਰਾਉਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਹਲਕੇ ਦੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਟਰਾਈ-ਸਾਈਕਲ ਵੰਡੇ ਗਏ।
ਇਸ ਮੌਕੇ ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਕੁਲਪ੍ਰੀਤ ਸਿੰਘ ਅਤੇ ਐਸ.ਡੀ.ਐਮ.ਜਗਰਾਉਂ ਕਰਨਦੀਪ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਵਿਧਾਇਕ ਮਾਣੂੰਕੇ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਕਿ ਜਗਰਾਉਂ ਹਲਕੇ ਦੇ ਬਹੁਤ ਸਾਰੇ ਲੋੜਵੰਦ ਵਿਅਕਤੀਆਂ ਕੋਲ ਟਰਾਈ-ਸਾਈਕਲ ਨਹੀਂ ਹਨ, ਸਿੱਟੇ ਵਜੋਂ ਉਹਨਾਂ ਨੂੰ ਆਪਣੇ ਰੋਜ਼ਮਰ੍ਹਾ ਦੇ ਕੰਮਕਾਜ ਕਰਨ ਅਤੇ ਆਉਣ-ਜਾਣ ਵਿੱਚ ਭਾਰੀ ਸਮੱਸਿਆ ਦਾ ਸਾਹਮਣਾ ਕਰਨਾਂ ਪੈ ਰਿਹਾ ਸੀ।
ਵਿਧਾਇਕ ਮਾਣੂੰਕੇ ਨੇ ਦੱਸਿਆ ਕਿ ਸਾਡੀ ਟੀਮ ਵੱਲੋਂ ਲੋੜਵੰਦ ਅੰਗਹੀਣ ਵਿਅਕਤੀਆਂ ਤੱਕ ਪਹੁੰਚ ਕਰਕੇ ਉਹਨਾਂ ਦੀ ਸੂਚੀ ਤਿਆਰ ਕੀਤੀ ਗਈ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਅੰਗਹੀਣ ਸਰਟੀਫਿਕੇਟ ਮੰਗਵਾਏ ਗਏ। ਹਾਲਾਂਕਿ ਕੁੱਝ ਵਿਅਕਤੀਆਂ ਕੋਲ ਸਰਟੀਫਿਕੇਟ ਵੀ ਨਹੀਂ ਸਨ, ਪਰ ਉਹਨਾਂ ਵਿਅਕਤੀਆਂ ਦਾ ਮੈਡੀਕਲ ਚੈਕਅੱਪ ਕਰਵਾਕੇ ਅਪਾਹਜ਼ ਸਰਟੀਫਿਕੇਟ ਬਣਵਾਏ ਗਏ। ਇਸ ਉਪਰੰਤ ਪੰਜਾਬ ਸਰਕਾਰ ਪਾਸੋਂ ਟਰਾਈਸਾਈਕਲ ਮੰਗਵਾਏ ਗਏ ਅਤੇ ਅੱਜ ਲੋੜਵੰਦ ਅੰਗਹੀਣ ਵਿਅਕਤੀਆਂ ਨੂੰ ਇਹ ਟਰਾਈਸਾਈਕਲ ਸੌਂਪੇ ਗਏ।
ਜ਼ਿਕਰਯੋਗ ਹੈ ਕਿ ਇਹ ਟਰਾਈਸਾਈਕਲ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਅਜ਼ਾਦੀ ਦਿਵਸ ਮੌਕੇ ਵੰਡੇ ਜਾਣੇ ਸਨ, ਪਰੰਤੂ ਕੁੱਝ ਅੰਗਹੀਣ ਵਿਅਕਤੀਆਂ ਨੂੰ ਮੈਡੀਕਲ ਸਰਟੀਫਿਕੇਟ ਜਾਰੀ ਨਾ ਹੋਣ ਕਾਰਨ ਟਰਾਈਸਾਈਕਲ ਜਾਰੀ ਨਹੀਂ ਹੋ ਸਕੇ ਸਨ। ਇਸ ਲਈ ਅੱਜ ਵਿਧਾਇਕਾ ਮਾਣੂੰਕੇ ਵੱਲੋਂ ਐਸ.ਡੀ.ਐਮ.ਦਫਤਰ ਜਗਰਾਉਂ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਟਰਾਈਸਾਈਕਲ ਤਕਸੀਮ ਕੀਤੇ ਗਏ।
ਇਸ ਮੌਕੇ ਵਿਧਾਇਕ ਮਾਣੂੰਕੇ ਵੱਲੋਂ ਅੰਗਹੀਣ ਵਿਅਕਤੀਆਂ ਦੀਆਂ ਨਿੱਜੀ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਮੌਕੇ 'ਤੇ ਹੱਲ ਵੀ ਕਰਵਾਇਆ ਗਿਆ। ਵਿਧਾਇਕ ਮਾਣੂੰਕੇ ਨੇ ਸਪੱਸ਼ਟ ਕੀਤਾ ਕਿ ਉਹ ਹਲਕੇ ਦੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ.ਪੀ.ਈ.ਓ.ਸੁਰਿੰਦਰ ਕੁਮਾਰ, ਸੁਪਰਡੈਂਟ ਬਿਕਰਮ ਕੁਮਾਰ, ਕੁਲਵਿੰਦਰ ਸਿੰਘ ਕਾਲਾ, ਅਮਰਦੀਪ ਸਿੰਘ ਟੂਰੇ, ਮਾ.ਪਰਮਿੰਦਰ ਸਿੰਘ ਗਿੱਦੜਵਿੰਡੀ, ਸਰਪੰਚ ਰੀਤ ਕੌਰ ਅਗਵਾੜ ਲਧਾਈ, ਸਰਪੰਚ ਮਨਦੀਪ ਸਿੰਘ ਮੀਰਪੁਰ ਹਾਂਸ, ਮਾ.ਭੀਮ ਸੈਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ 'ਆਪ' ਵਲੰਟੀਅਰ ਵੀ ਹਾਜ਼ਰ ਸਨ।