ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ 4 ਸਨੇਚਰ ਕਾਬੂ, 11 ਮੋਬਾਈਲ ਫੋਨ, ਸੋਨੇ ਦੇ ਗਹਿਣੇ ਅਤੇ 2 ਵਾਹਨ ਬਰਾਮਦ
ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ 4 ਸਨੇਚਰ ਕਾਬੂ, 11 ਮੋਬਾਈਲ ਫੋਨ, ਸੋਨੇ ਦੇ ਗਹਿਣੇ ਅਤੇ 2 ਵਾਹਨ ਬਰਾਮਦ
ਜਲੰਧਰ, 29 ਜੁਲਾਈ, 2025:
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸਨੇਚਿੰਗ ਦੀਆਂ ਘਟਨਾਵਾਂ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 6 ਅਤੇ 8 ਜਲੰਧਰ ਦੀ ਅਗਵਾਈ ਵਾਲੀਆਂ ਪੁਲਿਸ ਟੀਮਾਂ ਨੇ ਇਹ ਸਫਲਤਾ ਹਾਸਲ ਕੀਤੀ ਹੈ।
ਵੇਰਵਾ ਸਾਂਝਾ ਕਰਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਵਰਨਜੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 13-ਬੀ, ਗਲੀ ਨੰਬਰ 6 ਜਲੰਧਰ ਦੇ ਬਿਆਨ 'ਤੇ ਥਾਣਾ ਡਵੀਜ਼ਨ ਨੰਬਰ 6 ਜਲੰਧਰ ਵਿਖੇ ਮੁਕੱਦਮਾ ਨੰਬਰ 124 ਮਿਤੀ 3 ਜੁਲਾਈ ਅਧੀਨ ਧਾਰਾ 304 ਅਤੇ 317(2) ਬੀ.ਐਨ.ਐਸ (ਬਾਅਦ ਵਿੱਚ ਜੋੜਿਆ ਗਿਆ) ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ 29 ਜੂਨ ਨੂੰ ਜਦੋਂ ਉਹ ਆਪਣੇ ਐਕਟਿਵਾ ਸਕੂਟਰ 'ਤੇ ਕਾਲਜ ਤੋਂ ਘਰ ਵਾਪਸ ਆ ਰਹੀ ਸੀ, ਤਾਂ ਇੱਕ ਹੋਰ ਐਕਟਿਵਾ 'ਤੇ ਸਵਾਰ ਇੱਕ ਅਣਪਛਾਤੇ ਵਿਅਕਤੀ ਨੇ ਉਸਨੂੰ ਰੋਕਿਆ ਅਤੇ ਉਸਦਾ ਪਰਸ ਖੋਹ ਲਿਆ, ਜਿਸ ਵਿੱਚ ਆਈ ਫੋਨ 13 ਪ੍ਰੋ, ਇੱਕ ਸੋਨੇ ਦੀ ਚੂੜੀ (ਲਗਭਗ 2 ਤੋਲੇ), ਇੱਕ ਸੋਨੇ ਦੀ ਅੰਗੂਠੀ (ਲਗਭਗ 2 ਗ੍ਰਾਮ), ਸੋਨੇ ਦੇ ਟੋਪਸ (3 ਗ੍ਰਾਮ) ਅਤੇ 2 ਏ.ਟੀ.ਐਮ ਅਤੇ ਹੋਰ ਮਹੱਤਵਪੂਰਨ ਸ਼ਨਾਖ਼ਤੀ ਕਾਰਡ ਸਨ। ਸੀ.ਸੀ.ਟੀ.ਵੀ ਸਮੇਤ ਤਕਨੀਕੀ ਸਰੋਤਾਂ ਦੀ ਵਰਤੋਂ ਕਰਦੇ ਹੋਏ, ਪੁਲਿਸ ਨੇ ਰਾਘਵ ਪੁੱਤਰ ਪਵਨ ਕੁਮਾਰ ਵਾਸੀ ਨਿਊ ਮਾਡਲ ਹਾਊਸ ਜਲੰਧਰ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ।
ਹੋਰ ਜਾਂਚ ਤੋਂ ਪਤਾ ਲੱਗਾ ਕਿ ਰਾਘਵ ਥਾਣਾ ਡਵੀਜਨ ਨੰਬਰ 6 ਵਿਖੇ ਦਰਜ ਇੱਕ ਹੋਰ ਮੁਕੱਦਮਾ ਨੰਬਰ 138 ਮਿਤੀ 23 ਜੁਲਾਈ ਅਧੀਨ ਧਾਰਾ 304 ਅਤੇ 317(2) ਬੀ.ਐਨ.ਐਸ (ਬਾਅਦ ਵਿੱਚ ਜੋੜਿਆ ਗਿਆ) ਵਿੱਚ ਵੀ ਸ਼ਾਮਲ ਸੀ, ਜਿੱਥੇ ਸ਼ਿਕਾਇਤਕਰਤਾ ਕੋਮਲ ਪੁੱਤਰੀ ਰਾਮ ਅਵਤਾਰ ਨਿਵਾਸੀ 629 ਸਤ ਕਰਤਾਰ ਡੇਰਾ, ਜਲੰਧਰ ਨੇ ਇੱਕ ਆਈ ਫੋਨ ਅਤੇ ਇੱਕ ਚਾਂਦੀ ਦੀ ਚੂੜੀ ਵਾਲਾ ਪਰਸ ਖੋਹਣ ਦਾ ਦੋਸ਼ ਲਗਾਇਆ ਸੀ। ਪੁਲਿਸ ਨੇ ਮੁਲਜ਼ਮ ਤੋਂ ਕੁੱਲ 6 ਮੋਬਾਈਲ ਫੋਨ (4 ਐਂਡਰਾਇਡ ਅਤੇ 2 ਆਈ ਫੋਨ), ਇੱਕ ਸੋਨੇ ਦੀ ਚੂੜੀ, ਇੱਕ ਸੋਨੇ ਦੀ ਮੁੰਦਰੀ, ਇੱਕ ਚਾਂਦੀ ਦੀ ਚੂੜੀ ਦੇ ਨਾਲ-ਨਾਲ ਅਪਰਾਧ ਵਿੱਚ ਵਰਤੀ ਗਈ ਐਕਟਿਵਾ ਬਰਾਮਦ ਕਰ ਲਈ ਹੈ।
ਪੁਲਿਸ ਕਮਿਸ਼ਨਰ ਨੇ ਅੱਗੇ ਕਿਹਾ ਕਿ ਮੁਕੱਦਮਾ ਨੰਬਰ 174 ਮਿਤੀ 25 ਜੁਲਾਈ ਨੂੰ ਧਾਰਾ 304(2), 317(2) ਬੀ.ਐਨ.ਐਸ ਅਧੀਨ ਥਾਣਾ ਡਵੀਜਨ ਨੰਬਰ 8 ਜਲੰਧਰ ਵਿਖੇ ਦਰਜ ਕੀਤੀ ਗਈ ਸੀ, ਦੀ ਜਾਂਚ ਦੌਰਾਨ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਅਪਰਾਧ ਵਿੱਚ ਵਰਤੇ ਗਏ 5 ਖੋਹੇ ਗਏ ਮੋਬਾਈਲ ਫੋਨ ਅਤੇ 1 ਮੋਟਰਸਾਈਕਲ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਜੀਤ ਸਿੰਘ ਪੁੱਤਰ ਬਲਰਾਮ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ, ਕਿਸ਼ਨ ਕੁਮਾਰ ਪੁੱਤਰ ਬ੍ਰਿਜ ਕਿਸ਼ੋਰ ਵਾਸੀ ਗਲੀ ਨੰਬਰ 7 ਸੰਜੇ ਗਾਂਧੀ ਨਗਰ, ਜਲੰਧਰ, ਸਾਬੀਰ ਅਲੀ ਪੁੱਤਰ ਅਸ਼ਕ ਮੀਆਂ ਵਾਸੀ ਗਲੀ ਨੰਬਰ 6 ਸੰਜੇ ਗਾਂਧੀ ਨਗਰ ਜਲੰਧਰ ਵਜੋਂ ਹੋਈ ਹੈ। ਇਹ ਵੀ ਖੁਲਾਸਾ ਕੀਤਾ ਗਿਆ ਕਿ ਮੁਲਜ਼ਮ ਅਜੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਸਨੇਚਿੰਗ ਅਤੇ ਆਰਮਜ਼ ਐਕਟ ਦੀ ਉਲੰਘਣਾ ਨਾਲ ਸਬੰਧਤ ਤਿੰਨ ਮੁਕੱਦਮੇ ਦਰਜ ਹਨ, ਜਦੋਂ ਕਿ ਮੁਲਜ਼ਮ ਕਿਸ਼ਨ ਕੁਮਾਰ ਖ਼ਿਲਾਫ਼ ਸਨੇਚਿੰਗ ਨਾਲ ਸਬੰਧਤ ਇੱਕ ਮੁਕੱਦਮਾ ਦਰਜ ਹੈ।