ਖੇਤਰੀ ਸਾਰਸ ਮੇਲਾ 2025 ਪੀ.ਏ.ਯੂ ਲੁਧਿਆਣਾ ਵਿਖੇ 4 ਅਕਤੂਬਰ ਤੋਂ 13 ਅਕਤੂਬਰ ਤੱਕ ਆਯੋਜਿਤ ਕੀਤਾ ਜਾਵੇਗਾ : ਡੀ.ਸੀ ਹਿਮਾ
ਖੇਤਰੀ ਸਾਰਸ ਮੇਲਾ 2025 ਪੀ.ਏ.ਯੂ ਲੁਧਿਆਣਾ ਵਿਖੇ 4 ਅਕਤੂਬਰ ਤੋਂ 13 ਅਕਤੂਬਰ ਤੱਕ ਆਯੋਜਿਤ ਕੀਤਾ ਜਾਵੇਗਾ : ਡੀ.ਸੀ ਹਿਮਾਂਸ਼ੂ ਜੈਨ
ਡੀ.ਸੀ ਹਿਮਾਂਸ਼ੂ ਜੈਨ ਨੇ ਅਧਿਕਾਰੀਆਂ ਨੂੰ ਦਿੱਤੇ ਮੇਲੇ ਦੀਆਂ ਤਿਆਰੀਆਂ ਸਬੰਧੀ ਆਦੇਸ਼, ਵੱਖ-ਵੱਖ ਵਿਭਾਗਾਂ ਦੀਆਂ ਕਮੇਟੀਆਂ ਗਠਿਤ
ਦੇਸ਼ ਭਰ ਦੇ ਕਾਰੀਗਰ ਲੈਣਗੇ ਹਿੱਸਾ, ਸਾਰਸ ਮੇਲਾ ਲੁਧਿਆਣਾ ਲਈ ਬਣੇਗਾ ਆਕਰਸ਼ਣ ਦਾ ਕੇਂਦਰ
ਲੁਧਿਆਣਾ, 26 ਅਗਸਤ:
ਚੌਥਾ ਖੇਤਰੀ ਸਾਰਸ ਮੇਲਾ 2025 ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਲੁਧਿਆਣਾ ਦੇ ਮੇਲਾ ਗਰਾਉਂਡ ਵਿਖੇ 04 ਅਕਤੂਬਰ ਤੋਂ 13 ਅਕਤੂਬਰ 2025 ਤੱਕ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਸਾਰਸ ਮੇਲੇ ਦੇ ਮੇਲਾ ਅਫਸਰ ਸ੍ਰੀ ਅਮਰਜੀਤ ਬੈਂਸ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਤੇ ਸਹਾਇਕ ਮੇਲਾ ਅਫਸਰ ਸ੍ਰੀ ਜੀਵਨਦੀਪ ਸਿੰਘ ਈ.ਜੀ.ਐਸ.ਡੀ.ਟੀ.ਓ ਹੋਣਗੇ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਨੇ ਅੱਜ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉਹਨਾਂ ਲੁਧਿਆਣਾ ਵਿਖੇ ਹੋਣ ਵਾਲੇ ਇਸ ਖੇਤਰੀ ਸਾਰਸ ਮੇਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਕਮੇਟੀਆਂ ਗਠਿਤ ਕਰਕੇ ਡਿਊਟੀਆਂ ਵੀ ਲਗਾਈਆਂ।
ਡਿਪਟੀ ਕਮਿਸ਼ਨਰ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੇਲੇ ਦੌਰਾਨ ਲੱਗਣ ਵਾਲੇ ਸਟਾਲਾਂ ਦੀ ਅਲਾਟਮੈਂਟ ਕਰਨ, ਮੇਲੇ ਵਿੱਚ ਸਥਾਪਿਤ ਕੀਤੀਆ ਜਾਣ ਵਾਲੀਆਂ ਸਟਾਲਾਂ ਤੋਂ ਰੋਜਾ਼ਨਾ ਦੀ ਵਿਕਰੀ ਰਿਪੋਰਟ ਇਕੱਤਰ ਕਰਨ, ਮੇਲਾ ਖੇਤਰ ਵਿੱਚ ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਲਈ ਵੀ ਸਟਾਲ ਲਗਾਉਣ, ਮੇਲੇ ਵਾਲੀ ਥਾਂ 'ਤੇ ਰੌਜ਼ਾਨਾ ਟਿਕਟਾਂ ਵੇਚਣ, ਇਸ ਸਾਰਸ ਮੇਲੇ ਦੌਰਾਨ ਰੋਜ਼ਾਨਾ ਸਾਫ਼ ਪੀਣ ਵਾਲੇ ਪਾਣੀ ਦਾ ਮੁਕੰਮਲ ਪ੍ਰਬੰਧ ਕਰਨ, ਮੇਲੇ ਵਾਲੀ ਥਾਂ ਅਤੇ ਠਹਿਰਣ ਵਾਲੀ ਥਾਂ 'ਤੇ ਫਸਟ ਏਡ ਸਹਾਇਤਾ ਅਤੇ ਡਾਕਟਰੀ ਸਹਾਇਤਾ ਦਾ ਪ੍ਰਬੰਧ ਆਦਿ ਕਰਨ ਲਈ ਵੱਖ-ਵੱਖ ਅਧਿਕਾਰੀਆਂ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਪੁਲਿਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਦੇ ਪ੍ਰਬੰਧ ਕੀਤੇ ਜਾਣਗੇ। ਉਹਨਾਂ ਕਿਹਾ ਕਿ ਮੇਲੇ ਵਾਲੀ ਥਾਂ 'ਤੇ ਕੰਟਰੋਲ ਰੂਮ ਵੀ ਸਥਾਪਤ ਕੀਤਾ ਜਾਵੇਗਾ।
ਹਿਮਾਂਸ਼ੂ ਜੈਨ ਨੇ ਕਿਹਾ ਕਿ ਮੇਲੇ ਵਾਲੀ ਥਾਂ 'ਤੇ ਸਫਾਈ ਕਰਵਾਉਣ, ਕਲੀ ਪਾਉਣ, ਪਾਣੀ ਛਿੜਕਣ ਆਦਿ ਦਾ ਪ੍ਰਬੰਧ ਨਗਰ ਨਿਗਮ ਲੁਧਿਆਣਾ ਵੱਲੋਂ ਕੀਤਾ ਜਾਵੇਗਾ। ਇਸ ਸਾਰਸ ਮੇਲੇ ਵਿੱਚ ਸ਼ਾਮਲ ਹੋਣ ਲਈ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਲਈ ਆਉਣ ਵਾਲੇ ਕਲਾਕਾਰਾਂ ਨੂੰ ਗਾਈਡ ਕਰਨ ਲਈ ਵੀ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਲਚਰ ਆਈਟਮਾਂ ਪੇਸ਼ ਕਰਨ ਵਾਲੇ ਕਲਾਕਾਰਾਂ ਦੇ ਠਹਿਰਣ ਲਈ ਢੁਕਵੀਂ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਸਾਰਸ ਮੇਲੇ ਵਿੱਚ ਲੋਕਾਂ ਦੇ ਮੰਨੋਰੰਜਨ ਲਈ ਝੂਲੇ ਲਗਾਏ ਜਾਣਗੇ ਅਤੇ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੋਰ ਵੀ ਇਸ ਮੇਲੇ ਦੇ ਲੋੜੀਂਦੇ ਪ੍ਰਬੰਧ ਕਰਨ ਲਈ ਵੱਖ-ਵੱਖ ਵਿਭਾਗਾਂ ਦੀਆਂ ਕਮੇਟੀਆਂ ਬਣਾ ਕੇ ਡਿਊਟੀਆਂ ਲਗਾ ਦਿੱਤੀਆ ਗਈਆ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਰਸ ਮੇਲੇ ਵਿੱਚ ਕਈ ਸੂਬਿਆਂ ਦੇ 1400 ਤੋਂ ਵਧੇਰੇ ਕਲਾਕਾਰ, ਦਸਤਕਾਰ, ਵਪਾਰੀ ਅਤੇ ਹੁਨਰਮੰਦ ਲੋਕ ਹਿੱਸਾ ਲੈਣਗੇ, ਜਦਕਿ ਰੋਜ਼ਾਨਾ ਹਜ਼ਾਰਾਂ ਲੋਕ ਖਰੀਦੋ-ਫਰੋਖ਼ਤ ਅਤੇ ਮੌਜ-ਮਸਤੀ ਦਾ ਆਨੰਦ ਮਾਣਨਗੇ। ਸਾਰਸ ਮੇਲੇ ਦੌਰਾਨ ਦੇਸ਼ ਭਰ ਦੇ 1400 ਤੋਂ ਵਧੇਰੇ ਦਸਤਗੀਰ ਤੇ ਕਾਰੀਗਰ 600 ਤੋਂ ਵੱਧ ਸਟਾਲ ਲਗਾਉਣਗੇ।
ਹਿਮਾਂਸ਼ੂ ਜੈਨ ਕਿਹਾ ਕਿ ਇਹ ਲੁਧਿਆਣਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਸੈਂਕੜੇ ਕਾਰੀਗਰ ਅਤੇ ਕਲਾਕਾਰ ਸਾਰਸ ਮੇਲੇ ਵਿੱਚ ਹਿੱਸਾ ਲੈਣਗੇ। ਲੁਧਿਆਣਾ ਸ਼ਹਿਰ ਵਿੱਚ ਹੋਣ ਜਾ ਰਹੇ ਚੌਥੇ ਮੈਗਾ ਸਮਾਗਮ ਮੌਕੇ ਵੱਖ-ਵੱਖ ਰਾਜਾਂ ਦੇ ਕਲਾਕਾਰ 10 ਦਿਨਾਂ ਦੇ ਇਸ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਆਪਣੇ ਸੱਭਿਆਚਾਰ ਅਤੇ ਵਿਰਾਸਤ ਦੀਆਂ ਝਲਕੀਆਂ ਪੇਸ਼ ਕਰਨਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੁੱਚੇ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਲੁਧਿਆਣਾ ਜ਼ਿਲ੍ਹਾ ਇਸ ਸਮਾਗਮ ਦੀ ਚੌਥੀ ਵਾਰ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਇਹ ਸਮਾਗਮ 2012, 2017 ਅਤੇ 2023 ਵਿੱਚ ਹੋਇਆ ਸੀ, ਹੁਣ ਚੌਥੀ ਵਾਰ ਲੁਧਿਆਣਾ ਜ਼ਿਲ੍ਹੇ ਦੇ ਵਸਨੀਕ ਇਸ ਮੇਲੇ ਦਾ ਲੁਤਫ ਲੈਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਣਥੱਕ ਯਤਨਾਂ ਸਦਕਾ ਇਹ ਸਾਰਸ ਮੇਲਾ ਸਫਲ ਹੋਵੇਗਾ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਰਜੀਤ ਬੈਂਸ, ਸਹਾਇਕ ਕਮਿਸ਼ਨਰ (ਯੂ.ਟੀ) ਡਾ. ਪ੍ਰਗਤੀ ਰਾਣੀ ਆਈ.ਏ.ਐਸ, ਸਹਾਇਕ ਕਮਿਸ਼ਨਰ ਜਨਰਲ ਪਾਇਲ ਗੋਇਲ, ਜੁਆਇਟ ਕਮਿਸ਼ਨਰ ਨਗਰ ਨਿਗਮ ਅਭਿਸ਼ੇਕ ਸ਼ਰਮਾ, ਉਪ ਮੰਡਲ ਮੈਜਿਸਟਰੇਟ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ, ਏ.ਡੀ.ਸੀ.ਪੀ ਹਰਿੰਦਰ ਸਿੰਘ ਮਾਨ, ਏ.ਸੀ.ਪੀ (ਪੱਛਮੀ) ਜਤਿੰਦਰ ਪਾਲ ਸਿੰਘ, ਡੀ.ਡੀ.ਪੀ.ਓ ਦਿਲਾਵਰ ਕੌਰ, ਡੀ.ਈ.ਓ (ਐਸ) ਡਿੰਪਲ ਮਦਾਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।