ਡੇਰਾਬੱਸੀ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 359ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਭਗਤੀ ਨਾਲ ਮਨਾਇਆ
ਡੇਰਾਬੱਸੀ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 359ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਭਗਤੀ ਨਾਲ ਮਨਾਇਆ
ਸੁਖਮਨੀ ਸਾਹਿਬ ਪਾਠ, ਗੁਰਬਾਣੀ ਕੀਰਤਨ ਤੇ ਗੁਰੂ ਕਾ ਲੰਗਰ ਅਟੁੱਟ
ਡੇਰਾਬੱਸੀ, 04 ਜਨਵਰੀ(ਜਸਬੀਰ ਸਿੰਘ)
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੁਖਮਨੀ ਸੇਵਾ ਸੋਸਾਇਟੀ ਅਤੇ ਸਮੂਹ ਜੀ ਬੀ ਪੀ ਕਲੋਨੀਆਂ ਡੇਰਾਬੱਸੀ ਦੀ ਸੰਗਤਾਂ ਵੱਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਸੁਖਮਨੀ ਸੇਵਾ ਸੋਸਾਇਟੀ ਦੀ ਬੀਬੀਆਂ ਦੇ ਜੱਥੇ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ, ਜਿਸ ਨਾਲ ਸਾਰਾ ਮਾਹੌਲ ਗੁਰਬਾਣੀਮਈ ਹੋ ਗਿਆ।
ਇਸ ਉਪਰਾਂਤ ਗਿਆਨੀ ਅਮਰੀਕ ਸਿੰਘ ਜੀ (ਬੈਂਗਲੋਰ ਵਾਲੇ) ਵੱਲੋਂ ਸੰਗਤ ਨੂੰ ਸੰਬੋਧਨ ਕਰਦੇ ਹੋਏ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਜੀਵਨ, ਉਨ੍ਹਾਂ ਦੀ ਕੁਰਬਾਨੀ, ਧਰਮ ਦੀ ਰੱਖਿਆ ਅਤੇ ਮਨੁੱਖਤਾ ਲਈ ਦਿੱਤੇ ਅਦੁੱਤੀ ਯੋਗਦਾਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਉਨ੍ਹਾਂ ਨੇ ਗੁਰੂ ਸਾਹਿਬ ਦੇ ਉਪਦੇਸ਼ਾਂ ‘ਤੇ ਚਲਣ ਦੀ ਅਪੀਲ ਕਰਦਿਆਂ ਸੰਗਤ ਨੂੰ ਸੱਚ, ਸਹਿਨਸ਼ੀਲਤਾ ਅਤੇ ਸੇਵਾ ਦੇ ਮਾਰਗ ‘ਤੇ ਤੁਰਨ ਲਈ ਪ੍ਰੇਰਿਤ ਕੀਤਾ।
ਬਾਅਦ ਵਿੱਚ ਭਾਈ ਸੁਖਜੀਤ ਸਿੰਘ ਜੀ (ਗੁਰਦੁਆਰਾ ਬਾਉਲੀ ਸਾਹਿਬ) ਵੱਲੋਂ ਰਸਭਿੰਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਕੀਰਤਨ ਦੌਰਾਨ ਸੰਗਤ ਵੱਲੋਂ ਵਾਹਿਗੁਰੂ ਦੇ ਜਾਪ ਨਾਲ ਸਾਰਾ ਸਮਾਗਮ ਅਸਥਾਨ ਗੂੰਜ ਉਠਿਆ।
ਸਮਾਗਮ ਦੇ ਅੰਤ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ, ਉਪਰਾਂਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ, ਜਿਸ ਵਿੱਚ ਸੰਗਤ ਨੇ ਬੜੀ ਸ਼ਰਧਾ ਨਾਲ ਪ੍ਰਸ਼ਾਦਾ ਛਕਿਆ।